ਅਗਸਤਿਆ ਨੰਦਾ ਦੀ ਅਦਾਕਾਰੀ ਦੇਖ ਮੁਕੇਸ਼ ਖੇਤਰਪਾਲ ਦੇ ਨਿਕਲੇ ਹੰਝੂ, ਕਿਹਾ- ''ਤੂੰ ਹਮੇਸ਼ਾ ਲਈ ਅਰੁਣ ਬਣ ਗਿਆ''
Wednesday, Dec 31, 2025 - 01:55 PM (IST)
ਮੁੰਬਈ- ਭਾਰਤ ਦੇ ਸਭ ਤੋਂ ਘੱਟ ਉਮਰ ਵਿੱਚ ਪਰਮਵੀਰ ਚੱਕਰ ਹਾਸਲ ਕਰਨ ਵਾਲੇ ਸ਼ਹੀਦ ਅਰੁਣ ਖੇਤਰਪਾਲ ਦੀ ਸ਼ਹਾਦਤ ਅਤੇ ਬਹਾਦਰੀ ਦੀ ਕਹਾਣੀ ਜਲਦ ਹੀ ਫਿਲਮ 'ਇੱਕੀਸ' ਰਾਹੀਂ ਵੱਡੇ ਪਰਦੇ 'ਤੇ ਦਿਖਾਈ ਦੇਵੇਗੀ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਰੱਖੀ ਗਈ ਇੱਕ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਮਾਹੌਲ ਉਸ ਵੇਲੇ ਬਹੁਤ ਗਮਗੀਨ ਅਤੇ ਭਾਵੁਕ ਹੋ ਗਿਆ, ਜਦੋਂ ਸ਼ਹੀਦ ਅਰੁਣ ਖੇਤਰਪਾਲ ਦੇ ਭਰਾ ਮੁਕੇਸ਼ ਖੇਤਰਪਾਲ ਆਪਣੇ ਹੰਝੂ ਨਾ ਰੋਕ ਸਕੇ।
"ਤੂੰ ਜੀਵਨ ਭਰ ਅਰੁਣ ਰਹੇਂਗਾ"
ਸ਼ਹੀਦ ਦੇ ਭਰਾ ਮੁਕੇਸ਼ ਖੇਤਰਪਾਲ ਨੇ ਆਪਣੇ ਭਰਾ ਦੇ ਕਿਰਦਾਰ ਨੂੰ ਪਰਦੇ 'ਤੇ ਜਿਉਂਦਾ ਹੁੰਦਾ ਦੇਖ ਕੇ ਅਦਾਕਾਰ ਅਗਸਤਿਆ ਨੰਦਾ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਭਾਵੁਕ ਹੁੰਦਿਆਂ ਅਗਸਤਿਆ ਨੂੰ ਕਿਹਾ, "ਤੂੰ ਚਾਹੇ ਜੋ ਵੀ ਹੋਵੇਂ, ਪਰ ਤੂੰ ਹੁਣ ਜੀਵਨ ਭਰ ਅਰੁਣ ਹੀ ਰਹੇਂਗਾ। ਇਹ ਪਛਾਣ ਤੇਰੇ ਤੋਂ ਹੁਣ ਕੋਈ ਨਹੀਂ ਖੋਹ ਸਕਦਾ,"। ਮੁਕੇਸ਼ ਨੇ ਫਿਲਮ ਦੇਖਣ ਤੋਂ ਬਾਅਦ ਅਗਸਤਿਆ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਮਿਹਨਤ ਦੀ ਤਾਰੀਫ਼ ਕੀਤੀ।
ਟ੍ਰੇਲਰ ਨਾਲੋਂ 100 ਗੁਣਾ ਬਿਹਤਰ ਹੈ ਫਿਲਮ
ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਗੱਲਬਾਤ ਕਰਦਿਆਂ ਮੁਕੇਸ਼ ਖੇਤਰਪਾਲ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਨਿਰਦੇਸ਼ਕ ਨੇ ਉਨ੍ਹਾਂ ਨੂੰ ਰੁਆ ਦਿੱਤਾ,। ਉਨ੍ਹਾਂ ਦੱਸਿਆ ਕਿ ਫਿਲਮ ਦੇ ਕੁਝ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ ਆਪਣੇ ਭਰਾ ਨਾਲ ਬਿਤਾਏ ਪਲ ਮੁੜ ਜਿਉਣ ਦਾ ਮੌਕਾ ਮਿਲਿਆ। ਮੁਕੇਸ਼ ਅਨੁਸਾਰ, ਇਹ ਫਿਲਮ ਟ੍ਰੇਲਰ ਵਿੱਚ ਦਿਖਾਏ ਗਏ ਦ੍ਰਿਸ਼ਾਂ ਨਾਲੋਂ 10, 20 ਜਾਂ 100 ਗੁਣਾ ਜ਼ਿਆਦਾ ਬਿਹਤਰ ਅਤੇ ਪ੍ਰਭਾਵਸ਼ਾਲੀ ਹੈ।
