ਡੇਰਾ ਮੁਖੀ ਦੀ ''MSG 2'' ਨੇ 430 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ

11/25/2015 10:35:05 PM

ਚੰਡੀਗੜ੍ਹ- ਡੇਰਾ ਸੱਚਾ ਸੌਦਾ ਨੇ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਦੀ ਨਵੀਂ ਫਿਲਮ ''ਐੱਮ. ਐੱਸ. ਜੀ. 2'' ਆਲ ਟਾਈਮ ਬਲਾਕਬਸਟਰ ਬਣ ਗਈ ਹੈ। ਡੇਰੇ ਦੇ ਇਕ ਬੁਲਾਰੇ ਅਨੁਸਾਰ ਇਸ ਫਿਲਮ ਨੇ ਇਸ ਸਾਲ ਦੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜਦੇ ਹੋਏ ਜਿਥੇ 430 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ, ਉਥੇ ਹੀ ਸੋਮਵਾਰ ਅਤੇ ਮੰਗਲਵਾਰ ਨੂੰ ਹਕੀਕਤ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਚੰਡੀਗੜ੍ਹ ਅਤੇ ਪੰਜਾਬ ਵਿਚ ਪਿਛਲੇ ਲਗਾਤਾਰ 48 ਘੰਟੇ ਤੋਂ ਸ਼ੋਅ ਚਲਾਏ ਜਾ ਰਹੇ ਹਨ।
ਇਨ੍ਹਾਂ ਸ਼ੋਅਜ਼ ਦੀ ਗਿਣਤੀ 1850 ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਫਿਲਮ ਅੱਜ ਵੀ ਪੰਜਾਬ ਅਤੇ ਚੰਡੀਗੜ੍ਹ ਸਣੇ ਦੇਸ਼ ਦੇ ਸਿਨੇਮਾਘਰਾਂ ਵਿਚ ਲਗਾਤਾਰ ਚੱਲ ਰਹੀ ਹੈ। ਡੇਰੇ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਬਾਅਦ ਆਈਆਂ ਕਈ ਵੱਡੀਆਂ ਹਿੰਦੀ ਫਿਲਮਾਂ ਸਿਨੇਮਾ ਵਿਚ ਟਿਕ ਨਹੀਂ ਸਕੀਆਂ। ਸੋਮਵਾਰ ਨੂੰ ਇਸ ਫਿਲਮ ਦੀ ਸਫ਼ਲਤਾ ਨੂੰ ਲੈ ਕੇ ਪੰਜਾਬ ਦੇ ਲੁਧਿਆਣਾ, ਖੰਨਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਫਾਜ਼ਿਲਕਾ, ਫ਼ਿਰੋਜ਼ਪੁਰ, ਮੁਹਾਲੀ ਅਤੇ ਚੰਡੀਗੜ੍ਹ ਵਿਖੇ ਫਿਲਮ ਦੇ 1850 ਤੋਂ ਜ਼ਿਆਦਾ ਸ਼ੋਅਜ਼ ਚਲਾਏ ਗਏ ਹਨ।
ਤੀਸਰੀ ਫ਼ਿਲਮ ਸ਼ੁਰੂ
ਡੇਰਾ ਮੁਖੀ ਵਲੋਂ ਹੁਣ ਤੱਕ ਬਣਾਈਆਂ ਗਈਆਂ ਦੋਵੇਂ ਫਿਲਮਾਂ ਨੂੰ ਸਫ਼ਲਤਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਤੀਜੀ ਫਿਲਮ ਨੂੰ ਵੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਡੇਰਾ ਮੁਖੀ ਵਲੋਂ ਆਪਣੀ ਤੀਜੀ ਫਿਲਮ ''ਆਨਲਾਈਨ ਗੁਰੂਕੁਲ'' ਬਣਾਈ ਜਾ ਰਹੀ ਹੈ, ਜਿਹੜੀ ਕਿ ਅਗਲੇ ਸਾਲ ਮਾਰਚ ਅਪ੍ਰੈਲ ਵਿਚ ਰਿਲੀਜ਼ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ।

Related News