ਨੈੱਟਫਲਿਕਸ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਸੀਰੀਜ਼ ‘ਮਨੀ ਹਾਈਸਟ’ ਦੇ ਪੰਜਵੇਂ ਭਾਗ ਦਾ ਟਰੇਲਰ ਰਿਲੀਜ਼

Tuesday, Aug 03, 2021 - 09:53 AM (IST)

ਨੈੱਟਫਲਿਕਸ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਸੀਰੀਜ਼ ‘ਮਨੀ ਹਾਈਸਟ’ ਦੇ ਪੰਜਵੇਂ ਭਾਗ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ)– ਨੈੱਟਫਲਿਕਸ ਨੇ ਆਖ਼ਿਰਕਾਰ 2 ਅਗਸਤ ਦੀ ਸ਼ਾਮ ਨੂੰ ਚਿਰਾਂ ਤੋਂ ਉਡੀਕੀ ਜਾਣ ਵਾਲੀ ਵੈੱਬ ਸੀਰੀਜ਼ ‘ਮਨੀ ਹਾਈਸਟ’ ਦੇ ਪੰਜਵੇਂ ਭਾਗ ਦਾ ਟਰੇਲਰ ਜਾਰੀ ਕਰ ਦਿੱਤਾ ਹੈ। ਪ੍ਰਸ਼ੰਸਕ ਸਾਰਾ ਦਿਨ ਟਰੇਲਰ ਦਾ ਇੰਤਜ਼ਾਰ ਕਰਦੇ ਰਹੇ ਤੇ ਉਡੀਕ ਸ਼ਾਮ ਨੂੰ ਖ਼ਤਮ ਹੋ ਗਈ।

ਪ੍ਰਸ਼ੰਸਕ ਸਪੈਨਿਸ਼ ਕ੍ਰਾਈਮ ਵੈੱਬ ਸੀਰੀਜ਼ ਦੇ ਪੰਜਵੇਂ ਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿਉਂਕਿ ਪ੍ਰੋਫੈਸਰ ਤੇ ਉਸ ਦੀ ਟੀਮ ਅਜਿਹੀ ਸਥਿਤੀ ’ਚ ਫਸੀ ਹੋਈ ਹੈ, ਜਿਥੇ ਬਚਣ ਦਾ ਕੋਈ ਰਸਤਾ ਨਹੀਂ ਹੈ ਪਰ ਪ੍ਰੋਫੈਸਰ ਇਸ ਗੱਲ ਲਈ ਮਸ਼ਹੂਰ ਹੈ ਕਿ ਜੋ ਕੋਈ ਹੋਰ ਨਹੀਂ ਵੇਖ ਸਕਦਾ, ਉਹ ਪ੍ਰੋਫੈਸਰ ਵੇਖ ਲੈਂਦਾ ਹੈ। ਪ੍ਰੋਫੈਸਰ ਦੀਆਂ ਚਾਲਾਂ ਦੇ ਸਾਹਮਣੇ ਪੁਲਸ ਵੀ ਫੇਲ੍ਹ ਹੋ ਜਾਂਦੀ ਹੈ ਪਰ ਇਸ ਵਾਰ ਮੁਕਾਬਲਾ ਫੌਜ ਨਾਲ ਹੋਣ ਵਾਲਾ ਹੈ। ਸਾਰਿਆਂ ਦੇ ਦਿਮਾਗ ’ਚ ਸਵਾਲ ਇਹ ਹੈ ਕਿ ਕੀ ਪ੍ਰੋਫੈਸਰ ਇਸ ਵਾਰ ਆਪਣੀ ਟੀਮ ਨੂੰ ਬਚਾ ਪਾਏਗਾ?

ਟਰੇਲਰ ’ਚ ਕੁਝ ਹੈਰਾਨ ਕਰਨ ਵਾਲੇ ਦ੍ਰਿਸ਼ ਹਨ, ਜੋ ਤੁਹਾਡੀ ਉਤਸੁਕਤਾ ਨੂੰ ਹੋਰ ਵੀ ਵਧਾ ਦੇਣਗੇ। ਪੰਜਵੇਂ ਭਾਗ ’ਚ ਜੋਸ ਮੈਨੁਅਲ ਸੇਦਾ ਖਲਨਾਇਕ ਵਜੋਂ ਦਿਖਾਈ ਦੇਵੇਗਾ। ਸ਼ੋਅ ’ਚ ਪ੍ਰੋਫੈਸਰ ਦੀ ਭੂਮਿਕਾ ਸਪੈਨਿਸ਼ ਅਦਾਕਾਰ ਅਲਵਾਰੋ ਮੌਰਤੇ ਵਲੋਂ ਨਿਭਾਈ ਗਈ ਹੈ, ਜਦਕਿ ਸਿਲਿਨ ਓਲੀਵੀਏਰਾ ਟੋਕੀਓ ਦੀ ਭੂਮਿਕਾ ’ਚ ਨਜ਼ਰ ਆ ਰਹੀ ਹੈ। ਇਹ ਦੋਵੇਂ ਸ਼ੋਅ ਦੇ ਸਭ ਤੋਂ ਮਸ਼ਹੂਰ ਕਿਰਦਾਰ ਹਨ।

ਪੰਜਵਾਂ ਤੇ ਛੇਵਾਂ ਭਾਗ ਦੋ ਹਿੱਸਿਆਂ ’ਚ ਰਿਲੀਜ਼ ਕੀਤਾ ਜਾਵੇਗਾ। ਵਾਲੀਅਮ-1 3 ਸਤੰਬਰ ਨੂੰ ਤੇ ਵਾਲੀਅਮ-2 3 ਦਸੰਬਰ ਨੂੰ ਆਵੇਗਾ। ‘ਮਨੀ ਹਾਈਸਟ’ ਦੇ ਚਾਰ ਭਾਗ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਪਾਰਟਸ ਕਿਹਾ ਜਾਂਦਾ ਹੈ। ਚੌਥਾ ਭਾਗ 8 ਐਪੀਸੋਡਜ਼ ਦੇ ਨਾਲ 2020 ’ਚ ਆਇਆ ਸੀ। ਸਾਰੇ ਭਾਗ ਨੈੱਟਫਲਿਕਸ ’ਤੇ ਉਪਲੱਬਧ ਹਨ। ਇਹ ਸ਼ੋਅ ਅੰਗਰੇਜ਼ੀ ਭਾਸ਼ਾ ’ਚ ਨੈੱਟਫਲਿਕਸ ’ਤੇ ਉਪਲੱਬਧ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News