ਅਦਾਕਾਰ ਮਿਥੁਨ ਚੱਕਰਵਰਤੀ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ
Saturday, Jul 08, 2023 - 11:26 AM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੀ ਮਾਂ ਸ਼ਾਂਤੀਰਾਣੀ ਚੱਕਰਵਰਤੀ ਦਾ ਦਿਹਾਂਤ ਹੋ ਗਿਆ ਹੈ। ਮਿਥੁਨ ਦੀ ਮਾਂ ਨੇ ਸ਼ੁੱਕਰਵਾਰ ਨੂੰ ਆਖ਼ਰੀ ਸਾਹ ਲਿਆ। ਹਾਲਾਂਕਿ ਮਿਥੁਨ ਚੱਕਰਵਰਤੀ ਵਲੋਂ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਛੋਟੇ ਪੁੱਤਰ ਤੇ ਅਦਾਕਾਰ ਨਮਾਸ਼ੀ ਚੱਕਰਵਰਤੀ ਨੇ ਆਪਣੀ ਦਾਦੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਦੁੱਖ ਵੀ ਜ਼ਾਹਰ ਕੀਤਾ ਹੈ।
ਦੱਸ ਦਈਏ ਕਿ ਮਿਥੁਨ ਦੀ ਮਾਂ ਪਹਿਲਾਂ ਕੋਲਕਾਤਾ 'ਚ ਰਹਿੰਦੀ ਸੀ ਪਰ ਪੁੱਤਰ ਦੀ ਕਾਮਯਾਬੀ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਮੁੰਬਈ ਸ਼ਿਫਟ ਹੋ ਗਈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਿਥੁਨ ਦੀ ਮਾਂ ਦੀ ਮੌਤ ਕਿਸ ਕਾਰਨ ਹੋਈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੀ ਸੀ।
ਦੱਸਣਯੋਗ ਹੈ ਕਿ ਮਿਥੁਨ ਚੱਕਰਵਰਤੀ ਨੇ ਆਪਣੀ ਮਾਂ ਦੀ ਮੌਤ ਤੋਂ 3 ਸਾਲ ਪਹਿਲਾਂ ਆਪਣੇ ਪਿਤਾ ਬਸੰਤੋਕੁਮਾਰ ਚੱਕਰਵਰਤੀ ਨੂੰ ਗੁਆ ਦਿੱਤਾ ਸੀ। 2020 'ਚ 95 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਿਤਾ ਗੁਰਦੇ ਦੀ ਬੀਮਾਰੀ ਨਾਲ ਜੂਝ ਰਹੇ ਸਨ।