'ਸ਼ਰਾਰਤ' ਨੇ ਖੋਲ੍ਹ'ਤੀ ਆਇਸ਼ਾ ਖ਼ਾਨ ਦੀ ਕਿਸਮਤ ! ਧੁਰੰਦਰ ਮਗਰੋਂ ਹੁਣ ਅਕਸ਼ੈ ਦੀ ਫ਼ਿਲਮ 'ਚ ਆਵੇਗੀ ਨਜ਼ਰ
Wednesday, Feb 18, 2026 - 03:06 PM (IST)
ਮੁੰਬਈ - ਆਦਿਤਿਆ ਧਰ ਦੀ ਫਿਲਮ 'ਧੁਰੰਧਰ' ਦੇ ਗਾਣੇ 'ਸ਼ਰਾਰਤ' ਨਾਲ ਰਾਤੋ-ਰਾਤ ਸਟਾਰ ਬਣੀ ਆਇਸ਼ਾ ਖਾਨ ਦੇ ਹੱਥ ਇਕ ਬਹੁਤ ਵੱਡਾ ਪ੍ਰੋਜੈਕਟ ਲੱਗਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਆਇਸ਼ਾ ਹੁਣ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨਾਲ ਵੱਡੇ ਪਰਦੇ 'ਤੇ ਰੋਮਾਂਸ ਕਰਦੀ ਨਜ਼ਰ ਆਵੇਗੀ।
ਸੂਤਰਾਂ ਮੁਤਾਬਕ, ਆਇਸ਼ਾ ਖਾਨ ਨੂੰ ਸਾਲ 2006 'ਚ ਆਈ ਸੁਪਰਹਿੱਟ ਫਿਲਮ 'ਭਾਗਮ ਭਾਗ' ਦੇ ਸੀਕਵਲ 'ਭਾਗਮ ਭਾਗ 2' ਲਈ ਕਾਸਟ ਕੀਤਾ ਗਿਆ ਹੈ। ਲਗਭਗ 20 ਸਾਲਾਂ ਬਾਅਦ ਬਣ ਰਹੀ ਇਸ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਰਾਜ ਸ਼ਾਂਡਿਲਿਆ ਨੂੰ ਦਿੱਤੀ ਗਈ ਹੈ। ਫਿਲਮ 'ਚ ਆਇਸ਼ਾ ਇਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਏਗੀ, ਹਾਲਾਂਕਿ ਉਸ ਦੇ ਕਿਰਦਾਰ ਬਾਰੇ ਅਜੇ ਵੇਰਵੇ ਗੁਪਤ ਰੱਖੇ ਗਏ ਹਨ। ਇਸ ਫਿਲਮ 'ਚ ਉਸ ਦੇ ਨਾਲ ਮੀਨਾਕਸ਼ੀ ਚੌਧਰੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਜਿੱਥੇ 'ਭਾਗਮ ਭਾਗ' 'ਚ ਅਕਸ਼ੇ ਕੁਮਾਰ, ਗੋਵਿੰਦਾ ਅਤੇ ਪਰੇਸ਼ ਰਾਵਲ ਦੀ ਤਿਕੜੀ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਸੀ, ਉੱਥੇ ਹੀ ਖਬਰਾਂ ਹਨ ਕਿ 'ਭਾਗਮ ਭਾਗ 2' 'ਚ ਗੋਵਿੰਦਾ ਨਜ਼ਰ ਨਹੀਂ ਆਉਣਗੇ। ਚਰਚਾ ਹੈ ਕਿ ਫਿਲਮ 'ਚ ਗੋਵਿੰਦਾ ਦੀ ਜਗ੍ਹਾ ਮਨੋਜ ਬਾਜਪਾਈ ਨੂੰ ਲਿਆ ਜਾ ਸਕਦਾ ਹੈ, ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਹੋਈ ਹੈ।
ਆਇਸ਼ਾ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਕਸੌਟੀ ਜ਼ਿੰਦਗੀ ਕੀ 2' 'ਚ ਇਕ ਜੂਨੀਅਰ ਆਰਟਿਸਟ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਹ 'ਬਾਲਵੀਰ ਰਿਟਰਨਜ਼' ਅਤੇ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ 2' 'ਚ ਵੀ ਦਿਖਾਈ ਦਿੱਤੀ।, ਹੁਣ ਅਕਸ਼ੇ ਕੁਮਾਰ ਵਰਗੇ ਵੱਡੇ ਸਟਾਰ ਨਾਲ ਕੰਮ ਮਿਲਣ ਕਾਰਨ ਉਸਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
