ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਜਨਮ ਦਿਵਸ 27 ਦਸੰਬਰ ’ਤੇ ਵਿਸ਼ੇਸ਼ : ‘ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ...!’

12/27/2020 3:41:51 PM

ਸ਼ਾਇਰੀ ਦੀ ਗੱਲ ਤੁਰਦਿਆਂ ਇਕ ਨਾਮ ਜੋ ਸਹਿਜੇ ਹੀ ਮੂੰਹ ’ਤੇ ਆ ਜਾਂਦੈ, ਉਹ ਹੈ ਮਿਰਜ਼ਾ ਗ਼ਾਲਿਬ...! ਜਿਨ੍ਹਾਂ ਦਾ ਅਸਲ ਨਾਮ ਮਿਰਜ਼ਾ ਅਸਦਉੱਲਾਹ ਖਾਂ ਬੇਗ ਸੀ ਤੇ ਗ਼ਾਲਿਬ ਤਖਲੁੱਸ (ਉਹ ਨਾਂ ਜੋ ਕਵੀ ਆਪਣੀਆਂ ਕਵਿਤਾਵਾਂ ’ਚ ਲਿਖਦੇ ਹਨ) ਹੈ।

ਗਾਲ਼ਿਬ ਦਾ ਜਨਮ 27 ਦਸੰਬਰ 1797 ਨੂੰ ਆਗਰਾ (ਉੱਤਰ ਪ੍ਰਦੇਸ਼) ਵਿਖੇ ਇਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਵਢੇਰੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ’ਚ ਫੌਜੀ ਅਧਿਕਾਰੀ ਸਨ। ਇਨ੍ਹਾਂ ਦੀ ਪਿੱਠਭੂਮੀ ਇਕ ਤੁਰਕ ਪਰਿਵਾਰ ਦੀ ਸੀ ਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨ। 

ਬਚਪਨ ’ਚ ਹੀ ਗ਼ਾਲਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ, ਜਿਸ ਉਪਰੰਤ ਆਪਦਾ ਪਾਲਣ ਪੋਸ਼ਣ ਆਪ ਦੇ ਚਾਚੇ ਨੇ ਕੀਤਾ। ਜਦੋਂ ਚਾਚੇ ਦਾ ਵੀ ਇੰਤਕਾਲ ਹੋ ਗਿਆ ਤਾਂ ਆਪ ਦਾ ਜਿਵੇਂ-ਕਿਵੇਂ ਪ੍ਰਮੁੱਖ ਰੂਪ ’ਚ ਮਿਲਣ ਵਾਲੀ ਪੈਨਸ਼ਨ ਨਾਲ ਗੁਜ਼ਾਰਾ ਹੁੰਦਾ ਰਿਹਾ। ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਬਾਰੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਤੇ ਫਾਰਸੀ ’ਚ ਗਦ ਤੇ ਪਦ (ਨਜ਼ਮ ਤੇ ਨਸਰ) ਲਿਖਣਾ ਸ਼ੁਰੂ ਕਰ ਦਿੱਤਾ ਸੀ।

1810 ’ਚ 13 ਸਾਲ ਦੀ ਉਮਰ ’ਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲ੍ਹਾ ਬਖ਼ਸ਼ ਖਾਂ ਮਾਰੂਫ਼ ਦੀ ਧੀ ਉਮਰਾਓ ਬੇਗਮ ਨਾਲ ਹੋਇਆ। ਵਿਆਹ ਉਪਰੰਤ ਗ਼ਾਲਿਬ ਦਿੱਲੀ ਆ ਗਏ, ਜਿਥੇ ਉਨ੍ਹਾਂ ਨੇ ਆਪਣੀ ਤਮਾਮ ਉਮਰ ਗੁਜ਼ਾਰੀ। ਜਦੋਂ ਅੰਗਰੇਜ਼ਾਂ ਦੁਆਰਾ ਮਿਰਜ਼ਾ ਗ਼ਾਲਿਬ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਤਾਂ ਉਨ੍ਹਾਂ ਨੂੰ ਆਪਣੀ ਪੈਨਸ਼ਨ ਦੀ ਬਹਾਲੀ ਦੇ ਸਿਲਸਿਲੇ ’ਚ ਕਲਕੱਤਾ ਦਾ ਲੰਬਾ ਸਫ਼ਰ ਤੈਅ ਕਰਨਾ ਪਿਆ। ਇਸ ਸਫਰ ਦਾ ਜ਼ਿਕਰ ਉਨ੍ਹਾਂ ਦੀ ਸ਼ਾਇਰੀ ’ਚ ਕਈ ਜਗ੍ਹਾ ’ਤੇ ਮਿਲਦਾ ਹੈ ਪਰ ਸਫਰ ਵੀ ਆਪ ਲਈ ਕੋਈ ਲਾਹੇਵੰਦ ਸਾਬਿਤ ਨਾ ਹੋਇਆ। ਜੀਵਨ ਭਰ ਆਪ ਨੂੰ ਜਿਸ ਸੰਘਰਸ਼ ’ਚੋਂ ਦੀ ਗੁਜ਼ਰਨਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੂੰ ਜਿਨ੍ਹਾਂ ਦੁੱਖਾਂ-ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਸ ਦੀ ਝਲਕ ਆਪ ਦੀ ਸ਼ਾਇਰੀ ’ਚੋਂ ਸਹਿਜੇ ਮਿਲ ਜਾਂਦੀ ਹੈ, ਜਿਵੇਂ ਕਿ ਇਕ ਥਾਂ ਖੁਦ ਆਖਦੇ ਹਨ :

ਖੁਲਤਾ ਕਿਸੀ ਪੇ ਕਿਉਂ ਮੇਰੇ ਦਿਲ ਕਾ ਮੁਆਮਲਾ।
ਸ਼ਿਅਰੋਂ ਕੇ ਇੰਤਖਾਬ ਨੇ ਰੁਸਵਾ ਕੀਯਾ ਮੁਝੇ।।

ਜੀਵਨ ’ਚ ਮਿਲਣ ਵਾਲੇ ਮੁਸਲਸਲ ਦੁੱਖਾਂ ਤੇ ਪ੍ਰੇਸ਼ਾਨੀਆਂ ਤੋਂ ਇਕ ਸਮੇਂ ਮਨੁੱਖ ਤੰਗ ਆ ਜਾਂਦਾ ਹੈ ਤੇ ਫਿਰ ਇਸ ਬੇਬਸੀ ਦੀ ਹਾਲਤ ਵਿਚਲਾ ਦਰਦ ਉਸ ਦੀਆਂ ਅੱਖਾਂ ’ਚੋਂ ਹੰਝੂਆਂ ਦੀ ਸ਼ਕਲ ’ਚ ਵਹਿ ਤੁਰਦਾ ਹੈ। ਬੰਦੇ ਦੀ ਇਸ ਹਾਲਤ ਨੂੰ ਬਿਆਨ ਕਰਦਿਆਂ ਗ਼ਾਲਿਬ ਆਖਦੇ ਹਨ :

ਦਿਲ ਹੀ ਤੋ ਹੈ ਨਾ ਸੰਗ-ਓ-ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇਂ ਸਤਾਏ ਕਿਉਂ॥

ਭਾਵ ਇਨਸਾਨੀ ਦਿਲ ਕੋਈ ਇੱਟ ਜਾਂ ਪੱਥਰ ਨਹੀਂ, ਜਿਸ ’ਤੇ ਕਿਸੇ ਦੇ ਬੇਵਜ੍ਹਾ ਸਤਾਉਣ ਦਾ ਅਸਰ ਨਾ ਹੋਵੇ, ਸਗੋਂ ਇਹ ਤਾਂ ਉਹ ਨਾਜ਼ੁਕ ਸ਼ੈਅ ਹੈ, ਜੋ ਕਿਸੇ ਦੀ ਵਧੀਕੀ ਜਾਂ ਕਿਸੇ ਦੇ ਬਹੁਤ ਜ਼ਿਆਦਾ ਦੁੱਖ ਪਹੁੰਚਾਉਣ ਦੀ ਸੂਰਤ ਛਲਕ ਹੀ ਪੈਂਦਾ ਹੈ।

ਮਿਰਜ਼ਾ ਗ਼ਾਲਿਬ ਨੇ ਉਰਦੂ ਤੇ ਫਾਰਸੀ ਦੋਵੇਂ ਭਾਸ਼ਾਵਾਂ ’ਚ ਆਪਣੀ ਸ਼ਾਇਰੀ ਤੇ ਰਚਨਾਵਾਂ ਰਚੀਆਂ ਹਨ। ਆਪ ਦੀ ਸ਼ਾਇਰੀ ਨੂੰ ਭਾਰਤ ਦੇ ਨਾਲ-ਨਾਲ ਵਿਸ਼ਵ ਭਰ ਦੇ ਸਾਹਿਤ ਪ੍ਰੇਮੀ ਪਿਆਰਦੇ ਤੇ ਸਤਿਕਾਰਦੇ ਹਨ। ਜੇਕਰ ਇਹ ਕਿਹਾ ਜਾਵੇ ਕਿ ਆਪ ਦੁਨੀਆ ਦੇ ਪ੍ਰਸਿੱਧ ਸ਼ਾਇਰਾਂ ’ਚੋਂ ਇਕ ਹਨ ਤਾਂ ਯਕੀਨਨ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਗ਼ਾਲਿਬ ਨੂੰ ਬਤੌਰ ਸ਼ਾਇਰ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਇਕ ਕਵੀ ਹੋਣ ਦੇ ਨਾਲ-ਨਾਲ ਆਪ ਇਕ ਉੱਚ ਕੋਟੀ ਆਧੁਨਿਕ ਵਾਰਤਾਕਾਰ ਵੀ ਸਨ। ਇਸ ਸੰਦਰਭ ’ਚ ਬਹੁਤ ਘੱਟ ਲੋਕ ਜਾਣੂ ਹਨ। 

ਆਪ ਨੇ ਜ਼ਿਆਦਾਤਰ ਫ਼ਾਰਸੀ ਤੇ ਉਰਦੂ ’ਚ ਹਿਕਾਇਤੀ ਭਗਤੀ ਤੇ ਸ਼ਿੰਗਾਰ ਰਸ ’ਤੇ ਗ਼ਜ਼ਲਾਂ ਲਿਖੀਆਂ। ਆਪ ਨੇ ਫ਼ਾਰਸੀ ਤੇ ਉਰਦੂ ਦੋਵਾਂ ਭਾਸ਼ਾਵਾਂ ’ਚ ਵਿਆਪਕ ਪੱਧਰ ’ਤੇ ਰਵਾਇਤੀ ਗਜ਼ਲਾਂ ਤੇ ਨਜ਼ਮਾਂ ਨੂੰ ਰਹੱਸਮਈ-ਰੋਮਾਂਟਿਕ ਸ਼ੈਲੀ ’ਚ ਲਿਖਿਆ। ਇਹੀ ਵਜ੍ਹਾ ਹੈ ਕਿ ਗ਼ਾਲਿਬ ਨੂੰ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਤੇ ਫਾਰਸੀ ਗਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ’ਚ ਹਰਮਨ ਪਿਆਰਾ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ। ਬੇਸ਼ੱਕ ਉਨ੍ਹਾਂ ਫਾਰਸੀ ਭਾਸ਼ਾ ’ਚ ਆਪਣੇ ਛੇ ਕਾਵਿ ਸੰਗ੍ਰਹਿ ਦਿੱਤੇ ਹਨ ਪਰ ਇਥੇ ਇਹ ਗੱਲ ਵੀ ਕਾਫੀ ਦਿਲਚਸਪੀ ਵਾਲੀ ਹੈ ਕਿ ਗ਼ਾਲਿਬ ਦੀ ਪ੍ਰਸਿੱਧੀ ਉਨ੍ਹਾਂ ਦੇ ਇਕਲੌਤੇ ਉਰਦੂ ਸੰਗ੍ਰਹਿ ‘ਦੀਵਾਨ ਏ ਗ਼ਾਲਿਬ’ ਨਾਲ ਹੋਈ।

ਇਸ ਦੇ ਨਾਲ ਵਾਰਤਕ ’ਚ ਉਨ੍ਹਾਂ ਦੁਆਰਾ ਆਪਣੇ ਬੇਬਾਕ ਅੰਦਾਜ਼ ਲਿਖੇ ਪੱਤਰ ਅੱਜ ਸਾਹਿਤ ਦਾ ਬੇਸ਼ਕੀਮਤੀ ਸਰਮਾਇਆ ਕਰਾਰ ਦਿੱਤੇ ਜਾਂਦੇ ਹਨ। ਦਰਅਸਲ ਆਪ ਜੀ ਦੁਆਰਾ ਰਚਿਤ ਪੱਤਰ, ਜੋ ਉਨ੍ਹਾਂ ਆਮ ਤੌਰ ’ਤੇ ਆਪਣੇ ਦੋਸਤਾਂ, ਸ਼ਾਗਿਰਦਾਂ ਤੇ ਪ੍ਰਸ਼ੰਸਕਾਂ ਨੂੰ ਲਿਖੇ ਹਨ, ਉਹ ਵੀ ਬਿਨਾਂ ਸ਼ੱਕ ਉਹ ਉਰਦੂ ਦੀ ਜਦੀਦ ਨਸਰ ਦਾ ਮੁੱਢ ਬੰਨ੍ਹਦੇ ਮਹਿਸੂਸ ਹੁੰਦੇ ਹਨ, ਜਿਸ ਦੇ ਫਲਸਰੂਪ ਆਪ ਨੂੰ ਆਧੁਨਿਕ ਨਸਰ ਦਾ ਬਾਨੀ ਖਿਆਲ ਕੀਤਾ ਜਾਂਦਾ ਹੈ। ਆਪ ਤੋਂ ਪਹਿਲਾਂ ਜੋ ਨਸਰ ਜਾਂ ਵਾਰਤਕ ਉਰਦੂ ’ਚ ਲਿਖੀ ਜਾਂਦੀ ਸੀ, ਉਹ ਬਹੁਤ ਹੀ ਬੋਝਲ ਤੇ ਬਣਾਵਟੀ ਹੁੰਦੀ ਸੀ। ਉਨ੍ਹਾਂ ਨੇ ਵਾਰਤਕ ਨੂੰ ਉਕਤ ਸਭ ਤਰ੍ਹਾਂ ਦੇ ਬਣਾਵਟੀਪਣ ਤੋਂ ਆਜ਼ਾਦ ਕਰਵਾਉਂਦਿਆਂ ਖੁੱਲ੍ਹੀ ਫਿਜ਼ਾ ’ਚ ਵਿੱਚਰਨ ਦਾ ਮੌਕਾ ਪ੍ਰਦਾਨ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਦੇ ਪੱਤਰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੌਰਾਨ ਅੰਗਰੇਜ਼ਾਂ ਦੁਆਰਾ ਜੋ ਵੀ ਭਾਰਤ ਵਾਸੀਆਂ ’ਤੇ ਜ਼ੁਲਮ-ਓ-ਤਸ਼ੱਦਦ ਦਾ ਬਾਜ਼ਾਰ ਗਰਮ ਕੀਤਾ ਗਿਆ, ਉਸ ਦੀ ਝਲਕ ਉਨ੍ਹਾਂ ਦੇ ਇਨ੍ਹਾਂ ਪੱਤਰਾਂ ’ਚ ਵੇਖੀ ਜਾ ਸਕਦੀ ਹੈ। ਉਕਤ ਪੱਤਰਾਂ ਨੂੰ ਅਸੀਂ ਅੱਜ ਵੀ ਜਦ ਕਦੇ ਪੜ੍ਹਦੇ ਹਾਂ ਤਾਂ ਇਹ ਪੱਤਰ ਦੀ ਥਾਂ ਆਹਮੋ-ਸਾਹਮਣੀ ਕੀਤੀ ਜਾਂਦੀ ਵਾਰਤਾਲਾਪ ਦਾ ਨਜ਼ਾਰਾ ਪੇਸ਼ ਕਰਦੇ ਨਜ਼ਰ ਆਉਂਦੇ ਹਨ। ਇਹੋ ਕਾਰਨ ਹੈ ਕਿ ਗ਼ਾਲਿਬ ਦੇ ਪੱਤਰਾਂ ਸਬੰਧੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ‘ਮੁਰਾਸਲਾ ਕੋ ਮੁਕਾਲਮਾ ਬਣਾ ਦੀਯਾ’। ਉਨ੍ਹਾਂ ਦੇ ਪੱਤਰ ਲਿਖਣ ਦਾ ਅੰਦਾਜ਼ ਵੇਖੋ ਕਿ ‘ਬਾਰ੍ਹਾਂ ਬਜੇ ਥੇ ਮੈਂ ਨੰਗਾ ਪਲੰਘ ਪਰ ਸੋ ਰਹਾ ਥਾ, ਹਰਕਾਰਾ ਆਇਆ ਉਸ ਨੇ ਰੁੱਕਾ ਪਕੜਾਇਆ, ਮੈਨੇ ਖੋਲ੍ਹਾ ਪੜ੍ਹਾ, ਭਲੇ ਹੀ ਗਲੇ ਮੇਂ ਕੁੜਤਾ ਨਾ ਥਾ, ਅਗਰ ਹੋਤਾ ਤੋ ਫਾੜ ਡਾਲਤਾ, ਸਿਰੇ ਸੇ ਸੁਣੀਏ...।’

ਗ਼ਾਲਿਬ ਦੀ ਸਾਰੀ ਉਮਰ ਦੁੱਖ ਹੰਢਾਉਂਦਿਆਂ ਬੀਤੀ ਪਰ ਇਸ ਦੇ ਬਾਵਜੂਦ ਆਪ ਦੀ ਤਬੀਅਤ ’ਚ ਜ਼ਿੰਦਾ-ਦਿਲੀ ਤੇ ਹਾਜ਼ਰ-ਜਵਾਬੀ ਕੁੱਟ-ਕੁੱਟ ਕੇ ਭਰੀ ਸੀ। ਆਪ ਦੀ ਹਾਜ਼ਰ-ਜਵਾਬੀ ਦੇ ਬਹੁਤ ਸਾਰੇ ਚੁਟਕਲੇ ਮੌਜੂਦ ਹਨ। ਪਾਠਕਾਂ ਲਈ ਇਥੇ ਇਕ ਘਟਨਾ ਪੇਸ਼ ਕਰਨੀ ਚਾਹਾਂਗਾ। ਦਿੱਲੀ ’ਚ ਉਨ੍ਹੀਂ ਦਿਨੀਂ ਕਾਵਿ ਸੰਮੇਲਨਾਂ (ਮੁਸ਼ਾਇਰੇ) ਦਾ ਆਯੋਜਨ ਆਮ ਹੋਇਆ ਕਰਦਾ ਸੀ ਤੇ ਇਨ੍ਹਾਂ ਸੰਮੇਲਨਾਂ ’ਚ ਦਿੱਲੀ ਦੇ ਨਾਲ-ਨਾਲ ਬਾਹਰਲੇ ਸ਼ਹਿਰਾਂ ’ਚੋਂ ਵੀ ਅਕਸਰ ਸ਼ਾਇਰ ਸ਼ਿਰਕਤ ਕਰਿਆ ਕਰਦੇ ਸਨ। ਇਸੇ ਤਰ੍ਹਾਂ ਦੇ ਇਕ ਮੁਸ਼ਾਇਰੇ ਦੇ ਦੇਰ ਰਾਤ ਖਤਮ ਹੋਣ ਉਪਰੰਤ ਮਿਰਜ਼ਾ ਗ਼ਾਲਿਬ ਤੇ ਬਾਹਰਲੇ ਸ਼ਹਿਰ ’ਚੋਂ ਇਕ ਸ਼ਾਇਰ ਬੱਲੀਮਾਰਾਂ (ਗ਼ਾਲਿਬ ਦੇ ਦਿੱਲੀ ਵਿਚਲੇ) ਘਰ ਵੱਲ ਪਰਤ ਰਹੇ ਸਨ ਕਿ ਉਨ੍ਹਾਂ ਵੇਖਿਆ ਕਿ ਗਲੀ ਦੇ ਮੋੜ ’ਤੇ ਇਕ ਗਧਾ ਖੜ੍ਹਾ ਹੈ। ਦੋਵੇਂ ਉਸ ਗਧੇ ਦੇ ਨੇੜਿਓਂ ਲੰਘ ਗਏ। ਇਸ ਤੋਂ ਬਾਅਦ ਜਦੋਂ ਉਹ ਗਲੀ ਦਾ ਮੋੜ ਮੁੜੇ ਤਾਂ ਸਾਹਮਣੇ ਇਕ ਹੋਰ ਗਧਾ ਖੜ੍ਹਾ ਨਜ਼ਰ ਆਇਆ ਤਾਂ ਗ਼ਾਲਿਬ ਦੇ ਨਾਲ ਦੇ ਸ਼ਾਇਰ (ਜੋ ਦਿੱਲੀ ਦੇ ਬਾਹਰ ਦਾ ਸੀ) ਤੋਂ ਰਿਹਾ ਨਾ ਗਿਆ ਤੇ ਉਸ ਨੇ ਗ਼ਾਲਿਬ ਨੂੰ ਛੇੜਨ ਲਈ ਕਿਹਾ, ‘ਗ਼ਾਲਿਬ ਸਾਹਿਬ, ਦਿੱਲੀ ਮੇਂ ਗਧੇ ਬਹੁਤ ਹੈਂ।’ ਪੈਂਦੀ ਸੱਟੇ ਗ਼ਾਲਿਬ ਨੇ ਬਹੁਤ ਹੀ ਠਰ੍ਹੰਮੇ ਨਾਲ ਉੱਤਰ ਦਿੱਤਾ, ‘ਕਿਯਾ ਕਰੇਂ ਸਾਹਿਬ, ਬਾਹਰ ਸੇ ਆ ਜਾਤੇ ਹੈਂ।’

ਗ਼ਾਲਿਬ ਜਿਥੇ ਪ੍ਰਸਿੱਧ ਕਵੀਆਂ ਸ਼ੇਖ ਇਬਰਾਹੀਮ ਜੌਕ ਤੇ ਮੋਮਨ ਖਾਂ ਮੋਮਨ ਦੇ ਸਮਕਾਲੀ ਸਨ, ਉਥੇ ਹੀ ਪਹਿਲਾਂ ਅਸਦ ਤੇ ਬਾਅਦ ’ਚ ਗ਼ਾਲਿਬ ਦੇ ਨਾਮ ਹੇਠ ਆਪਣੇ ਕਲਾਮ ਨੂੰ ਲਿਖਣ ਲੱਗੇ ਸਨ। ਇਹ ਕਿ ਸ਼ੇਖ ਇਬਰਾਹੀਮ ਜੌਕ ਦੀ ਮੌਤ ਪਿੱਛੋਂ ਮਿਰਜ਼ਾ ਗ਼ਾਲਿਬ ਮੁਗਲ ਕਾਲ ਦੇ ਆਖ਼ਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਬਣ ਗਏ ਤੇ ਦੇ ਨਾਲ-ਨਾਲ ਉਨ੍ਹਾਂ ਦੀ ਕਵਿਤਾ ਦੀ ਇਸਲਾਹ ਵੀ ਕਰਨ ਲੱਗੇ। ਗਾਲਿਬ ਨੂੰ ਆਪਣੀ ਕਲਪਨਾ ਦੀ ਉੱਚੀ ਉਡਾਣ ਦਾ ਭਲੀ-ਭਾਂਤੀ ਅਹਿਸਾਸ ਸੀ, ਇਹੋ ਵਜ੍ਹਾ ਹੈ ਕਿ ਉਹ ਖੁਦ ਬਾਰੇ ਇਕ ਥਾਂ ਲਿਖਦੇ ਹਨ :

ਹੈਂ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਯਾਂ ਔਰ।

ਗ਼ਾਲਿਬ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਉਨ੍ਹਾਂ ਦਾ ਕਲਾਮ ਸੂਫੀ ਕਾਵਿ ਦਾ ਇਕ ਖੂਬਸੂਰਤ ਨਮੂਨਾ ਹੈ। ਜੇਕਰ ਉਨ੍ਹਾਂ ’ਚ ਸ਼ਰਾਬੀ ਹੋਣ ਦਾ ਐਬ ਨਾ ਹੁੰਦਾ ਤਾਂ ਯਕੀਨਨ ਲੋਕਾਂ ਨੇ ਉਨ੍ਹਾਂ ਨੂੰ ਰੱਬ ਦਾ ਵਲੀ ਖਿਆਲ ਕਰਨਾ ਸੀ। ਤਾਂਹੀਓਂ ਤਾਂ ਇਕ ਸ਼ੇਅਰ ’ਚ ਉਹ ਕਹਿੰਦੇ ਹਨ :

ਯੇ ਮਸਾਇਲ-ਏ-ਤਸਵੁੱਫ ਯੇ ਤੇਰਾ ਬਿਆਨ ਗ਼ਾਲਿਬ।
ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਾ-ਖੁਆਰ ਹੋਤਾ।।

ਮਿਰਜ਼ਾ ਗ਼ਾਲਿਬ ਦੀਆਂ ਮੁੱਖ ਰਚਨਾਵਾਂ ’ਚ : ਦੀਵਾਨ-ਏ-ਗ਼ਾਲਿਬ (1841) - ਉਰਦੂ ਕੁੱਲੀਆਤ-ਏ-ਗ਼ਾਲਿਬ (1845) - ਫਾਰਸੀ ਕਾਤੇਹ ਬਰਹਾਨ (1861) ਫਾਰਸੀ ਸੰਗ੍ਰਿਹ, ਮਿਹਰਹਾ ਨੀਮਰੋਜ (1854) - ਫਾਰਸੀ ਸੰਗ੍ਰਹਿ, ਕੁੱਲੀਆਤ ਨਸਰ (1868) - ਫਾਰਸੀ ਸੰਗ੍ਰਹਿ, ਉਦ-ਦ-ਹਿੰਦੀ (1868) - ਉਰਦੂ ਸੰਗ੍ਰਹਿ, ਉਰਦੂ-ਦ-ਮੁੰਆੱਲਾ (1869) - ਉਰਦੂ ਸੰਗ੍ਰਹਿ, ਇੰਤਿਖ਼ਾਬ ਗ਼ਾਲਿਬ - ਉਰਦੂ, ਨਾਦਿਰ ਖ਼ੁਤੂਤ ਗ਼ਾਲਿਬ - ਉਰਦੂ ਆਦਿ ਸ਼ਾਮਲ ਹਨ।

ਉਰਦੂ ਅਦਬ ਦਾ ਇਹ ਮਹਾਨ ਸ਼ਾਇਰ ਅਖੀਰ 15 ਫਰਵਰੀ 1869 ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਤੇ ਇਸ ਸਮੇਂ ਆਪ ਦੀ ਕਬਰ ਨਿਜ਼ਾਮੂਦੀਨ ਨਜ਼ਦੀਕ ਗ਼ਾਲਿਬ ਅਕਾਦਮੀ ਦਿੱਲੀ ਵਿਖੇ ਮੌਜੂਦ ਹੈ। ਗ਼ਾਲਿਬ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਪਰ ਉਨ੍ਹਾਂ ਦੀਆਂ ਰਚਨਾਵਾਂ ਸਦਕਾ ਉਹ ਅੱਜ ਵੀ ਸਾਡੇ ਦਰਮਿਆਨ ਵਿਚਰਦੇ ਅਨੁਭਵ ਹੁੰਦੇ ਹਨ ਕਿਉਂਕਿ ਉਨ੍ਹਾਂ ਇਕ ਥਾਂ ਖੁਦ ਕਿਹਾ ਸੀ :

ਨਾ ਥਾ ਕੁਛ ਤੋ ਖੁਦਾ ਥਾ, ਕੁਛ ਨਾ ਹੋਤਾ ਤੋ ਖੁਦਾ ਹੋਤਾ।
ਡੁਬੋਇਆ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਿਯਾ ਹੋਤਾ॥
ਹੂਈ ਮੁੱਦਤ ਗ਼ਾਲਿਬ ਮਰ ਗਿਆ ਪਰ ਯਾਦ ਆਤਾ ਹੈ।
ਵੋਹ ਹਰ ਇਕ ਬਾਤ ਪੇ ਕਹਿਨਾ ਕਿ ਯੂੰ ਹੋਤਾ ਤੋ ਕਿਯਾ ਹੋਤਾ॥

ਲੇਖਕ : ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ ਨੰਬਰ 9855259650
abbasdhaliwal72@gmail.com


Rahul Singh

Content Editor Rahul Singh