ਪਿਆਰ, ਰਿਸ਼ਤਿਆਂ ਤੇ ਕਮਿਟਮੈਂਟ ਦੇ ਉਤਾਰ-ਚੜ੍ਹਾਅ ਨੂੰ ਛੂਹਣ ਵਾਲੀ ਫਿਲਮ ਹੈ ‘ਮੈਟਰੋ ਇਨ ਦਿਨੋਂ’

Sunday, Jun 29, 2025 - 04:21 PM (IST)

ਪਿਆਰ, ਰਿਸ਼ਤਿਆਂ ਤੇ ਕਮਿਟਮੈਂਟ ਦੇ ਉਤਾਰ-ਚੜ੍ਹਾਅ ਨੂੰ ਛੂਹਣ ਵਾਲੀ ਫਿਲਮ ਹੈ ‘ਮੈਟਰੋ ਇਨ ਦਿਨੋਂ’

ਮੁੰਬਈ- ਪ੍ਰਸਿੱਧ ਨਿਰਦੇਸ਼ਕ ਅਨੁਰਾਗ ਬਸੂ ਇਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਲਈ ਤਿਆਰ ਹਨ ਆਪਣੀ ਨਵੀਂ ਫਿਲਮ ‘ਮੈਟਰੋ ਇਨ ਦਿਨੋਂ’ ਨਾਲ। ਇਹ ਇਕ ਰੋਮਾਂਟਿਕ ਐਂਥੋਲਾਜੀ ਹੈ, ਜਿਸ ਵਿਚ 4 ਵੱਖ-ਵੱਖ ਉਮਰ ਤੇ ਸੋਚ ਦੇ ਜੋੜਿਆਂ ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਹਨ। ਫਿਲਮ ’ਚ ਆਦਿੱਤਿਆ ਰਾਏ ਕਪੂਰ, ਸਾਰਾ ਅਲੀ ਖ਼ਾਨ, ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ, ਅਲੀ ਫ਼ਜ਼ਲ ਅਤੇ ਫ਼ਾਤਿਮਾ ਸਨਾ ਸ਼ੇਖ਼ ਵਰਗੇ ਦਿੱਗਜ ਕਲਾਕਾਰ ਨਜ਼ਰ ਆਉਣਗੇ। ਪਿਆਰ, ਰਿਸ਼ਤਿਆਂ ਤੇ ਕਮਿਟਮੈਂਟ ਦੇ ਉਤਰਾਅ-ਚੜ੍ਹਾਅ ਨੂੰ ਛੂਹਣ ਵਾਲੀ ਇਹ ਫਿਲਮ 4 ਜੁਲਾਈ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ। ਫਿਲਮ ਬਾਰੇ ਅਨੁਰਾਗ ਬਸੂ, ਕੋਂਕਣਾ ਸੇਨ ਸ਼ਰਮਾ, ਅਲੀ ਫ਼ਜ਼ਲ ਤੇ ਫ਼ਾਤਿਮਾ ਸਨਾ ਸ਼ੇਖ਼ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਮੈਂ ਹਮੇਸ਼ਾ ਕੁਝ ਨਵਾਂ ਤੇ ਈਮਾਨਦਾਰ ਤਜਰਬਾ ਦੇਣਾ ਚਾਹੁੰਦਾ ਹਾਂ : ਅਨੁਰਾਗ ਬਸੂ

ਪ੍ਰ. ਜਦੋਂ ਕਿਸੇ ਫਿਲਮ ਦਾ ਆਈਡੀਆ ਤੁਹਾਡੇ ਦਿਮਾਗ਼ ’ਚ ਆਉਂਦਾ ਹੈ ਤਾਂ ਅਜਿਹਾ ਕੀ ਹੈ, ਜਿਸ ’ਤੇ ਤੁਸੀਂ ਸਮਝੌਤਾ ਨਹੀਂ ਕਰਦੇ।

ਅਨੁਰਾਗ ਬਸੂ–ਫਿਲਮ, ਤਾਂ ਸੱਚ ਦੱਸਾਂ ਮੈਨੂੰ ਖ਼ੁਦ ਨਹੀਂ ਪਤਾ ਕਿ ਉਹ ਕੀ ਹੁੰਦੀ ਹੈ? ਮੈਂ ਹਮੇਸ਼ਾ ਆਪਣੀ ਆਵਾਜ਼ ਸੁਣਦਾ ਹਾਂ ਕਿਉਂਕਿ ਮੈਂ ਹਰ ਵਾਰ ਚਾਹੁੰਦਾ ਹਾਂ ਕਿ ਮੇਰੀ ਅਗਲੀ ਫਿਲਮ ਪਿਛਲੀ ਨਾਲੋਂ ਇਕਦਮ ਅਲੱਗ ਹੋਵੇ। ਉਸੇ ਚੱਕਰ ’ਚ ਮੈਂ ਏਨਾ ਅਲੱਗ ਸੋਚਦਾ ਹਾਂ। ਸ਼ੂਟਿੰਗ ਤੱਕ ਦਾ ਤਰੀਕਾ, ਲੁਕ-ਫੀਲ, ਸਭ ਕੁਝ ਨਵਾਂ ਹੋਣਾ ਚਾਹੀਦਾ। ਇਸ ਕਾਰਨ ਮੇਰਾ ਕੋਈ ਸਿਗਨੇਚਰ ਸਟਾਈਲ ਵੀ ਨਹੀਂ ਬਣ ਸਕਿਆ ਅਤੇ ਇਹ ਗੱਲ ਕਿਤੇ ਨਾ ਕਿਤੇ ਡਿਸਐਡਵਾਂਟੇਜ ਵੀ ਬਣ ਜਾਂਦੀ ਹੈ ਕਿਉਂਕਿ ਦਰਸ਼ਕਾਂ ਨੂੰ ਇਹ ਕਲੀਅਰ ਨਹੀਂ ਰਹਿੰਦਾ ਕਿ ਮੇਰੀ ਫਿਲਮ ਦੇਖਣ ਜਾਣਗੇ ਤਾਂ ਕੀ ਮਿਲਣ ਵਾਲਾ ਹੈ ਪਰ ਇਕ ਚੀਜ਼ ਜੋ ਮੇਰੇ ਲਈ ਨਾਨ-ਨੇਗੋਸ਼ੀਏਬਲ ਹੈ, ਉਹ ਇਹ ਕਿ ਮੈਂ ਦੁਹਰਾਅ ਨਹੀਂ ਕਰਨਾ ਚਾਹੁੰਦਾ। ਮੈਂ ਹਮੇਸ਼ਾ ਨਵਾਂ ਤੇ ਈਮਾਨਦਾਰ ਤਜਰਬਾ ਦੇਣਾ ਚਾਹੁੰਦਾ ਹਾਂ, ਭਾਵੇਂ ਹੀ ਉਹ ਰਿਸਕੀ ਕਿਉਂ ਨਾ ਹੋਵੇ। ਮੈਂ 2-3 ਕਹਾਣੀਆਂ ਜੇਬ ’ਚ ਲੈ ਕੇ ਘੁੰਮਦਾ ਹਾਂ ਹਮੇਸ਼ਾ ਕਿ ਕਿਹੜੀ ਬਣਾਂਵਾ, ਕੀ ਬਣਾਂਵਾ? ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ 2 ਲੋਕਾਂ ਦੇ ਸੁਝਾਅ ਲੈਂਦਾ ਹਾਂ। ਸਭ ਤੋਂ ਪਹਿਲਾਂ ਹੈ ਮੇਰੀ ਪਤਨੀ ਅਤੇ ਦੂਜੀ ਮੇਰੀ ਦੂਜੀ ਪਤਨੀ ਹੈ ਪ੍ਰੀਤਮ। ਮੈਂ ਇਨ੍ਹਾਂ ਦੋਵਾਂ ਨੂੰ ਸੁਣਦਾ ਹਾਂ ਅਤੇ ਦੋਵਾਂ ਦੇ ਸੁਝਾਅ ਅਕਸਰ ਮਿਲਦੇ ਹਨ, ਜੋ ਮੇਰੀ ਮਦਦ ਕਰਦੇ ਹਨ।

ਪ੍ਰ. ਤੁਹਾਡੀ ਹਰ ਫਿਲਮ ’ਚ ਮਿਊਜ਼ਿਕ ਬਹੁਤ ਅਹਿਮ ਹੁੰਦਾ ਹੈ, ਇਹ ਮਿਊਜ਼ੀਕਲ ਮੈਜਿਕ ਆਖ਼ਰ ਹੁੰਦਾ ਕਿਵੇਂ ਹੈ।

ਇਹ ਮੈਜਿਕ ਮੇਰੀ ਟੀਮ ਦਾ ਹੈ। ਅਸੀਂ ਜਦੋਂ ਮਿਊਜ਼ਿਕ ਬਣਾਉਂਦੇ ਹਾਂ, ਉਹ ਪ੍ਰੋਸੈੱਸ ਵੀ ਸਾਡੇ ਲਈ ਬਹੁਤ ਮਜ਼ੇਦਾਰ ਹੁੰਦਾ ਹੈ। ਜਿਵੇਂ ਸ਼ੂਟਿੰਗ ’ਚ ਮਸਤੀ ਕਰਦੇ ਹਾਂ, ਉਵੇਂ ਹੀ ਮਿਊਜ਼ਿਕ ਬਣਾਉਂਦੇ ਸਮੇਂ ਵੀ ਬਹੁਤ ਮਸਤੀ ਹੁੰਦੀ ਹੈ। ਅਕਸਰ ਅਸੀਂ ਪਹਿਲਾਂ ਤੋਂ ਇਹ ਪਲਾਨ ਨਹੀਂ ਕਰਦੇ ਕਿ ਗੀਤ ਕਿੱਥੇ ਆਵੇਗਾ? ਕਦੇ-ਕਦੇ ਤਾਂ ਗੀਤ ਸਿਰਫ਼ ਇਕ ਬਹਾਨਾ ਹੁੰਦਾ ਹੈ ਛੁੱਟੀ ਮਨਾਉਣ ਦਾ। ਕਈ ਵਾਰ ਅਜਿਹਾ ਹੋਇਆ ਹੈ ਕਿ ਅਸੀਂ ਲੋਕ ਗੋਆ ਚਲੇ ਗਏ। ਪ੍ਰੀਤਮ ਮੇਰੇ ਦਫ਼ਤਰ ’ਚ ਆ ਕੇ ਬੈਠਦੀ ਹੈ, ਬਹੁਤ ਗੱਲਾਂ ਹੁੰਦੀਆਂ ਹਨ। ਕੰਮ ਦੀ ਗੱਲ ਤਾਂ ਸਭ ਤੋਂ ਅਖੀਰ ’ਚ ਹੁੰਦੀ ਹੈ। ਸਾਡੀ ਦੋਵਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਨਾ ਤਾਂ ਕਿਸੇ ਨੂੰ ਇੰਪ੍ਰੈੱਸ ਕਰਨਾ ਹੈ ਅਤੇ ਨਾ ਹੀ ਆਪਣੇ ਪੁਰਾਣੇ ਗੀਤਾਂ ਨੂੰ ਰੀਕ੍ਰੀਏਟ ਕਰਨਾ ਹੈ। ਸਾਡਾ ਫੋਕਸ ਸਿਰਫ਼ ਇਹ ਹੁੰਦਾ ਹੈ ਕਿ ਫਿਲਮ ਦੀ ਜੋ ਲੋੜ ਹੈ, ਉਹ ਪੂਰੀ ਈਮਾਨਦਾਰੀ ਨਾਲ ਨਿਭਾਅ ਦੇਈਏ।

ਪ੍ਰ. ‘ਮੈਟਰੋ ਇਨ ਦਿਨੋਂ’ ਵਰਗੀਆਂ ਫਿਲਮਾਂ ਕੀ ਅਜਿਹੇ ਲੋਕਾਂ ਨੂੰ ਉਮੀਦ ਦਿੰਦੀਆਂ ਹਨ, ਜੋ ਵੱਡੇ ਸ਼ਹਿਰਾਂ ’ਚ ਪਿਆਰ ਲੱਭ ਰਹੇ ਹਨ।

ਹਾਂ, ਮੈਨੂੰ ਲੱਗਦਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਤੁਸੀਂ ਮੁਸਕਰਾਉਂਦੇ ਹੋਏ ਜ਼ਿੰਦਗੀ ਦੇ ਫ਼ੈਸਲੇ ਬਾਰੇ ਸੋਚੋਗੇ। ਸਫ਼ਰ ਤਾਂ ਚੱਲਦਾ ਹੀ ਰਹਿੰਦਾ ਹੈ।

ਮੈਂ ਬਸ ਉਹ ਕਰ ਰਹੀ ਹਾਂ, ਜੋ ਮੈਨੂੰ ਚੰਗਾ ਲੱਗਦਾ ਹੈ : ਕੋਂਕਣਾ ਸੇਨ ਸ਼ਰਮਾ

ਪ੍ਰ. ਤੁਹਾਡੀ ਇਕ ਲੀਗੇਸੀ ਹੈ। ਤੁਸੀਂ ਆਪਣੀ ਇਸ ਲੀਗੇਸੀ ਨੂੰ ਕਿਵੇਂ ਦੇਖਦੇ ਹੋ।

ਨਹੀਂ-ਨਹੀਂ, ਅਜਿਹਾ ਕੁਝ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਕੰਮ ਮਿਲ ਰਿਹਾ ਹੈ ਤਾਂ ਬਸ ਕਰਨਾ ਚਾਹੀਦਾ ਹੈ। ਬਿਜ਼ੀ ਰਹਿਣਾ ਚੰਗੀ ਗੱਲ ਹੈ। ਜਦੋਂ ਕੰਮ ਨਹੀਂ ਹੁੰਦਾ ਅਤੇ ਮੈਂ ਘਰ ’ਚ ਰਹਿੰਦੀ ਹਾਂ ਤਾਂ ਮੈਂ ਬਹੁਤ ਐਨੋਇੰਗ ਹੋ ਜਾਂਦੀ ਹਾਂ। ਮੈਂ ਘਰ ’ਚ ਹਰ ਚੀਜ਼ ’ਤੇ ਟੋਕਣ ਲੱਗਦੀ ਹਾਂ ਕਿ ਇਹ ਕਿਉਂ ਸਾਫ਼ ਨਹੀਂ ਹੋਇਆ? ਉਹ ਕਿੱਥੇ ਹੈ? ਜਿੱਥੋਂ ਤੱਕ ਲੀਗੇਸੀ ਦੀ ਗੱਲ ਹੈ ਤਾਂ ਉਹ ਲੋਕ ਕਹਿੰਦੇ ਹਨ। ਕੋਈ ਬੋਲੇਗਾ, ਕੋਈ ਨਹੀਂ ਬੋਲੇਗਾ। ਉਹ ਸਭ ਮੇਰੇ ਲਈ ਨਹੀਂ ਹੈ। ਮੈਂ ਤਾਂ ਬਸ ਉਹ ਕਰ ਰਹੀ ਹਾਂ, ਜੋ ਮੈਨੂੰ ਚੰਗਾ ਲੱਗਦਾ ਹੈ। ਜੇਕਰ ਤੁਸੀਂ ਸੱਚਮੁੱਚ ਲੀਗੇਸੀ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਉਹ ਚੋਣ ਨਾਲ ਬਣਦੀ ਹੈ। ਜਿਨ੍ਹਾਂ ਲੋਕਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਉੱਥੋਂ ਲੀਗੇਸੀ ਬਣਦੀ ਹੈ।

ਪ੍ਰ. ‘ਲਕ ਬਾਏ ਚਾਂਸ’ ’ਚ ਤੁਸੀਂ ਕਿਹਾ ਸੀ, ਮੇਰੇ ਸੁਪਨੇ ਪੂਰੇ ਨਹੀਂ ਹੋਏ ਪਰ ਮੈਂ ਖ਼ੁਸ਼ ਹਾਂ। ਕੀ ਅਜਿਹੀ ਸਮਾਨਤਾ ਇਸ ਫਿਲਮ ਦੇ ਕਿਰਦਾਰ ’ਚ ਹੈ।

ਹੁਣ ਤੱਕ ਮੈਂ ਇਸ ਤਰ੍ਹਾਂ ਨਹੀਂ ਸੋਚਿਆ ਸੀ ਪਰ ਹਾਂ, ਸਾਨੂੰ ਸਭ ਨੂੰ ਲੱਗਦਾ ਹੈ ਕਿ ਇਕ ਚੀਜ਼ ਤੋਂ ਹੀ ਖੁਸ਼ੀ ਮਿਲੇਗੀ ਪਰ ਅਕਸਰ ਉਂਝ ਨਹੀਂ ਹੁੰਦਾ। ਜੇਕਰ ਖੁੱਲ੍ਹੇ ਦਿਮਾਗ਼ ਨਾਲ ਜ਼ਿੰਦਗੀ ਨੂੰ ਦੇਖੀਏ ਤਾਂ ਸਾਨੂੰ ਅਲੱਗ-ਅਲੱਗ ਰਸਤਿਆਂ ਤੋਂ ਖੁਸ਼ੀ ਮਿਲ ਸਕਦੀ ਹੈ। ਸਿਰਫ਼ ਕੰਮ ਤੋਂ ਖੁਸ਼ੀ ਨਹੀਂ ਮਿਲਦੀ। ਅਸੀਂ ਹਮੇਸ਼ਾ ਖੁਸ਼ ਰਹਿਣ ਦੇ ਪਿੱਛੇ ਭੱਜਦੇ ਹਾਂ ਪਰ ਜੇਕਰ ਦੁੱਖ ਨਾ ਹੋਵੇ ਤਾਂ ਖੁਸ਼ੀ ਦਾ ਮਤਲਬ ਵੀ ਨਹੀਂ ਸਮਝ ਆਉਂਦਾ। ਸੰਤੁਲਨ ਜ਼ਰੂਰੀ ਹੈ।

ਲੋਕ ਮੈਨੂੰ ਕਿਸੇ ਇਕ ਸਲਾਟ ਵਿਚ ਫਿੱਟ ਨਹੀਂ ਕਰ ਪਾਉਂਦੇ : ਅਲੀ ਫ਼ਜ਼ਲ

ਪ੍ਰ. ਕਰੀਅਰ ਦੇ ਸ਼ੁਰੂਆਤ ’ਚ ਰੋਮਾਂਟਿਕ ਹੀਰੋ ਦਾ ਅਕਸ ਬਣਾਇਆ, ਬਾਅਦ ’ਚ ਉਹ ਬਿਲਕੁਲ ਬਦਲ ਗਿਆ। ਕੀ ਇਹ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਸੀ।

ਨਹੀਂ, ਇਹ ਚੀਜ਼ਾਂ ਪਲਾਨ ਨਹੀਂ ਕੀਤੀਆਂ ਜਾ ਸਕਦੀਆਂ, ਇਹ ਹੋ ਜਾਂਦੀਆਂ ਹਨ। ਕਈ ਵਾਰ ਸਾਨੂੰ ਸੁੱਟ ਦਿੱਤਾ ਜਾਂਦਾ ਹੈ ਅਲੱਗ-ਅਲੱਗ ਸਥਿਤੀਆਂ ’ਚ ਜਾਂ ਤੁਸੀਂ ਖ਼ੁਦ ਨੂੰ ਉਨ੍ਹਾਂ ਸਥਿਤੀਆਂ ’ਚ ਪਾ ਲੈਂਦੇ ਹੋ। ਫਿਰ ਆਪਣੀ ਤਾਕਤ ਨਾਲ ਕੰਮ ਕਰਦੇ ਹੋ। ਜੇਕਰ ਸਮਾਂ ਤੁਹਾਡੇ ਨਾਲ ਹੈ ਤਾਂ ਠੀਕ, ਨਹੀਂ ਤਾਂ ਮੁਸ਼ਕਲਾਂ ਆਉਂਦੀਆਂ ਹਨ। ਮੇਰੇ ਕਈ ਪ੍ਰਾਜੈਕਟ ਨਹੀਂ ਚੱਲੇ ਕਿਉਂਕਿ ਮੈਂ ਜਾਣਦਾ ਹਾਂ ਕਿ ਕਈ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ। ਮੈਨੂੰ ਖ਼ੁਦ ਨੂੰ ਲੈ ਕੇ ਇਹੀ ਗੱਲ ਚੰਗੀ ਲੱਗਦੀ ਹੈ ਕਿ ਲੋਕ ਮੈਨੂੰ ਕਿਸੇ ਇਕ ਸਲਾਟ ’ਚ ਫਿੱਟ ਨਹੀਂ ਕਰ ਪਾਉਂਦੇ। ਕਦੇ ਡਰੱਗ ਡੀਲਰ, ਕਦੇ ‘ਗੁੱਡੂ ਭਈਆ’ ਅਤੇ ਹੁਣ ਫਿਰ ਕੁਝ ਹੋਰ। ਬਹੁਤ ਘੱਟ ਡਾਇਰੈਕਟਰ ਹੁੰਦੇ ਹਨ, ਜਿਨ੍ਹਾਂ ਕੋਲ ਉਹ ਵਿਜ਼ਨ ਹੁੰਦਾ ਹੈ ਕਿ ਉਹ ਸਟੀਰੀਓਟਾਈਪ ਤੋਂ ਬਾਹਰ ਦੇਖ ਸਕਣ ਅਤੇ ਉਸ ਨਜ਼ਰ ਨਾਲ ਕਾਸਟ ਕਰ ਸਕਣ।

ਪ੍ਰ. ਅਨੁਰਾਗ ਬਸੂ ਦੀਆਂ ਫਿਲਮਾਂ ਲੋਕਲ ਮਾਹੌਲ ਨੂੰ ਵੀ ਸ਼ਾਨਦਾਰ ਰੂਪ ’ਚ ਪੇਸ਼ ਕਰਦੀਆਂ ਹਨ। ਕੀ ਇਹੀ ਉਨ੍ਹਾਂ ਦਾ ਅਸਲੀ ਜਾਦੂ ਹੈ।

ਬਿਲਕੁਲ, ਉਹ ਜਾਣਦੇ ਹਨ ਕਿ ਇਕ ਆਮ ਜਗ੍ਹਾ ਨੂੰ ਵੀ ਕਿਵੇਂ ਲਾਰਜਰ ਦੈਨ ਲਾਈਫ ਬਣਾਉਣਾ ਹੈ। ਅਸੀਂ ਇਕ ਸੀਕਵੈਂਸ ਸ਼ੂਟ ਕੀਤਾ ਸੀ, ਜਿਸ ਵਿਚ ਪ੍ਰੀਤਮ ਦਾ ਅਤੇ ਪਾਪੋਨ ਦਾ ਗਾ ਰਹੇ ਸਨ ਅਤੇ ਲੋਕ ਲਾਈਵ ਦੇਖ ਰਹੇ ਸਨ, ਉਹ ਐਨਰਜੀ ਬਸ ਲਾਜਵਾਬ ਸੀ। ਵਿੰਡੋ ਅਤੇ ਕੈਮਰਾ ਦੇ ਨਾਲ ਅਜਿਹਾ ਸੈੱਟਅਪ ਬਣਿਆ ਸੀ ਕਿ ਰਿਫਲੈਕਸ਼ਨ ਤੇ ਲਾਈਟਿੰਗ ਨਾਲ ਇਕ ਪਿਆਰਾ ਸ਼ਾਟ ਬਣ ਗਿਆ। ਇਹ ਕ੍ਰਿਏਟੀਵਿਟੀ ਸਿਰਫ਼ ਵਿਜ਼ਨ ਨਾਲ ਹੀ ਆਉਂਦੀ ਹੈ।

ਪ੍ਰ. ‘ਮੈਟਰੋ ਇਨ ਦਿਨੋਂ’ ਨੇ ਤੁਹਾਨੂੰ ਕੀ ਸਿਖਾਇਆ।

ਇਸ ਫਿਲਮ ਨੇ ਮੈਨੂੰ ਸਿਖਾਇਆ ਕਿ ਕਿਵੇਂ ਮੈਂ ਮੁਸ਼ਕਿਲ ਸੀਨ ਜਾਂ ਅਨਕੰਟ੍ਰੋਲਡ ਸਿਚੁਏਸ਼ਨ ’ਚ ਵੀ ਖ਼ੁਦ ’ਤੇ ਭਰੋਸਾ ਕਰ ਸਕਦਾ ਹਾਂ। ਕਈ ਵਾਰ ਅਜਿਹਾ ਹੁੰਦਾ ਸੀ ਕਿ ਕੋਈ ਸੀਨ ਸਟ੍ਰਕਚਰਡ ਨਹੀਂ ਹੁੰਦਾ ਸੀ। ਅਚਾਨਕ ਇਕ ਵਿਚਾਰ ਆਉਂਦਾ ਹੈ ਅਤੇ ਉਸ ਵਿਚਾਰ ਨੂੰ ਨਿਰਦੇਸ਼ਕ ਦੇ ਵਿਜ਼ਨ ਦੇ ਅਨੁਸਾਰ ਢਾਲਣਾ ਪੈਂਦਾ ਹੈ।

ਆਤਮਵਿਸ਼ਵਾਸ ਦੇ ਕਾਰਨ ਇੱਥੋਂ ਤੱਕ ਪਹੁੰਚੀ : ਫ਼ਾਤਿਮਾ ਸਨਾ ਸ਼ੇਖ਼

ਪ੍ਰ. ਜਦੋਂ ਤੁਸੀਂ ਕਿਸੇ ਨਵੀਂ ਫਿਲਮ ਦੇ ਸੈੱਟ ’ਤੇ ਜਾਂਦੇ ਹੋ ਤਾਂ ਕੀ ਪਹਿਲੇ ਦਿਨ ਦਾ ਤਜਰਬਾ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ।

ਨਹੀਂ, ਮੈਂ ਉਸ ਤਜਰਬੇ ਨੂੰ ਆਪਣੇ ਉੱਪਰ ਜ਼ਿਆਦਾ ਹਾਵੀ ਨਹੀਂ ਹੋਣ ਦਿੰਦੀ। ਮੇਰੇ ਲਈ ਨਿਰਦੇਸ਼ਕ ਦਾ ਸੁਝਾਅ ਅਤੇ ਉਸ ਦੀ ਪ੍ਰਵਾਨਗੀ ਬਹੁਤ ਮਾਅਨੇ ਰੱਖਦੀ ਹੈ। ਉਹੀ ਇਕ ਵਿਅਕਤੀ ਹੁੰਦਾ ਹੈ, ਜਿਸ ਦੀ ਗੱਲ ਮੇਰੇ ਉੱਪਰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। ਜੇਕਰ ਉੱਥੋਂ ਮੈਨੂੰ ਇਹ ਮਹਿਸੂਸ ਹੋ ਗਿਆ ਕਿ ਮੈਂ ਠੀਕ ਕਰ ਰਹੀ ਹਾਂ ਤਾਂ ਮੈਂ ਸੰਤੁਸ਼ਟ ਰਹਿੰਦੀ ਹਾਂ। ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ, ਇਸ ਲਈ ਕਈ ਵਾਰ ਇਹ ਵੀ ਹੁੰਦਾ ਹੈ ਕਿ ਤਾਰੀਫ਼ਾਂ ਮਿਲਣ ਦੇ ਬਾਵਜੂਦ ਮਨ ’ਚ ਸ਼ੰਕਾ ਬਣੀ ਰਹਿੰਦੀ ਹੈ ਕਿ ਸ਼ਾਇਦ ਓਨੀ ਚੰਗੀ ਨਹੀਂ ਹਾਂ ਪਰ ਜਦੋਂ ਕੋਈ ਵਿਅਕਤੀ, ਖ਼ਾਸ ਤੌਰ ’ਤੇ ਨਿਰਦੇਸ਼ਕ ਕਹਿੰਦਾ ਹੈ ਕਿ ਖ਼ੁਦ ’ਤੇ ਭਰੋਸਾ ਰੱਖੋ, ਤੁਸੀਂ ਠੀਕ ਕਰ ਰਹੇ ਹੋ ਤਾਂ ਗੱਲ ਬਹੁਤ ਡੂੰਘਾ ਅਸਰ ਛੱਡਦੀ ਹੈ। ਜਿਵੇਂ ‘ਲੂਡੋ’ ਫਿਲਮ ਦੌਰਾਨ ਮੈਨੂੰ ਇਹ ਕਿਹਾ ਗਿਆ ਸੀ ਅਤੇ ਉਹੀ ਸ਼ਬਦ ਮੇਰੇ ਲਈ ਬਹੁਤ ਅਹਿਮ ਸਨ। ਉਦੋਂ ਮੈਂ ਆਪਣੇ ਅੰਦਰ ਦੀ ਆਵਾਜ਼ ’ਤੇ ਥੋੜ੍ਹਾ ਭਰੋਸਾ ਕਰਨਾ ਸ਼ੁਰੂ ਕੀਤਾ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਆਤਮਵਿਸ਼ਵਾਸ ਦੇ ਕਾਰਨ ਮੈਂ ਅੱਜ ਜਿੱਥੇ ਹਾਂ, ਉੱਥੋਂ ਤੱਕ ਪਹੁੰਚ ਸਕੀ ਹਾਂ।

ਪ੍ਰ. ਤੁਸੀਂ ਅੱਜ ਦੇ ਬਦਲਦੇ ਮਾਹੌਲ ਨੂੰ ਕਿਵੇਂ ਦੇਖਦੇ ਹੋ, ਜਿੱਥੇ ਏਨਾ ਕੰਟੈਂਟ ਬਣ ਰਿਹਾ ਹੈ।

ਹੁਣ ਬਹੁਤ ਕੁਝ ਬਣ ਰਿਹਾ ਹੈ ਤਾਂ ਸਮਾਨਤਾਵਾਂ ਵੀ ਵਧ ਗਈਆਂ ਹਨ। ਕਦੇ-ਕਦੇ ਤਾਂ ਮੈਂ ਭੁੱਲ ਜਾਂਦੀ ਹਾਂ ਕਿ ਕਿਹੜੀ ਫਿਲਮ ਦੇਖੀ ਸੀ ਪਰ ਫਿਰ ਵੀ ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਦਿਲ ਨੂੰ ਛੂਹ ਜਾਂਦੀਆਂ ਹਨ, ਜਿਵੇਂ ‘ਮੈਟਰੋ ਇਨ ਦਿਨੋਂ’ ਜਿਵੇਂ ਮੈਂ ਦੇਖਣਾ ਚਾਹੁੰਦੀ ਹਾਂ, ਮਹਿਸੂਸ ਕਰਨਾ ਚਾਹੁੰਦੀ ਹਾਂ।


author

cherry

Content Editor

Related News