ਗਗਨ ਕੋਕਰੀ ਤੋਂ ਬਾਅਦ ਕੀ ਹੁਣ ਕੁਲਵਿੰਦਰ ਬਿੱਲਾ ਨਾਲ ਵਿਵਾਦਾਂ ’ਚ ਆਇਆ ਮਨਪ੍ਰੀਤ ਮੰਨਾ?

Thursday, Nov 19, 2020 - 07:24 PM (IST)

ਗਗਨ ਕੋਕਰੀ ਤੋਂ ਬਾਅਦ ਕੀ ਹੁਣ ਕੁਲਵਿੰਦਰ ਬਿੱਲਾ ਨਾਲ ਵਿਵਾਦਾਂ ’ਚ ਆਇਆ ਮਨਪ੍ਰੀਤ ਮੰਨਾ?

ਜਲੰਧਰ (ਬਿਊਰੋ)– ਪੰਜਾਬੀ ਗਾਇਕਾਂ ਦੇ ਵਿਵਾਦ ਸੋਸ਼ਲ ਮੀਡੀਆ ’ਤੇ ਨਿੱਤ ਦਿਨ ਵੇਖਣ ਨੂੰ ਮਿਲਦੇ ਹਨ। ਹਾਲ ਹੀ ’ਚ ਗਾਇਕ ਸ਼ੈਰੀ ਮਾਨ ਤੇ ਮਨਪ੍ਰੀਤ ਮੰਨਾ ਇਸ ਚੀਜ਼ ਨੂੰ ਲੈ ਕੇ ਖੂਬ ਸੁਰਖੀਆਂ ’ਚ ਰਹੇ। ਅਸਲ ’ਚ ਸ਼ੈਰੀ ਮਾਨ ਵਲੋਂ ਲਾਈਵ ਦੌਰਾਨ ਸ਼ਰਾਬ ਪੀਣਾ ਤੇ ਗਾਲ੍ਹਾਂ ਕੱਢਣਾ ਜਿਥੇ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉਥੇ ਸ਼ੈਰੀ ਮਾਨ ਦੇ ਲਾਈਵ ’ਚ ਮਨਪ੍ਰੀਤ ਮੰਨਾ ਵਲੋਂ ਗਾਇਕ ਗਗਨ ਕੋਕਰੀ ਨੂੰ ਲੈ ਕੇ ਮੰਦਾ ਬੋਲਣਾ ਅੱਗ ਵਾਂਗ ਵਾਇਰਲ ਹੋਇਆ। ਹਾਲਾਂਕਿ ਇਸ ਸਬੰਧੀ ਅਗਲੇ ਹੀ ਦਿਨ ਸ਼ੈਰੀ ਮਾਨ ਤੇ ਮਨਪ੍ਰੀਤ ਮੰਨਾ ਵਲੋਂ ਮੁਆਫੀ ਵੀ ਮੰਗੀ ਗਈ ਤੇ ਗਗਨ ਕੋਕਰੀ ਨਾਲ ਵਿਵਾਦ ਖਤਮ ਵੀ ਕੀਤਾ ਗਿਆ।

 
 
 
 
 
 
 
 
 
 
 
 
 
 
 
 

A post shared by Kulwinderbilla (@kulwinderbilla)

ਪਰ ਹੁਣ ਮਨਪ੍ਰੀਤ ਮੰਨਾ ਦੁਬਾਰਾ ਲਾਈਵ ਆ ਕੇ ਨਵੇਂ ਵਿਵਾਦ ’ਚ ਘਿਰ ਗਏ ਹਨ। ਅਸਲ ’ਚ ਇਹ ਵਿਵਾਦ ਜੁੜਿਆ ਹੈ ਕੁਲਵਿੰਦਰ ਬਿੱਲਾ ਤੇ ਰਵਨੀਤ ਦੇ ਹਾਲ ਹੀ ’ਚ ਕੀਤੇ ਲਾਈਵ ਨਾਲ। ਕੁਲਵਿੰਦਰ ਬਿੱਲਾ ਕੁਝ ਦਿਨ ਪਹਿਲਾਂ ਆਪਣੇ ਗੀਤ ‘ਕਲਾਕਾਰ’ ਸਬੰਧੀ ਲਾਈਵ ਹੋਏ ਸਨ, ਜਿਥੇ ਉਨ੍ਹਾਂ ਨੇ ਗਾਇਕ ਰਵਨੀਤ ਨੂੰ ਆਪਣੇ ਲਾਈਵ ਦੌਰਾਨ ਜੋੜਿਆ। ਇਸ ਦੌਰਾਨ ਰਵਨੀਤ ਨੂੰ ਕੁਲਵਿੰਦਰ ਬਿੱਲਾ ਨੇ ਪੁੱਛਿਆ ਜੇ ਉਸ ਨੇ ਵੀ ਕਿਸੇ ਕਲਾਕਾਰ ਨੂੰ ਗਾਲ੍ਹ ਕੱਢਣੀ ਹੈ ਤਾਂ ਕੱਢ ਸਕਦਾ ਹੈ ਕਿਉਂਕਿ ਇਹ ਚੀਜ਼ ਅੱਜਕਲ ਟਰੈਂਡ ’ਚ ਹੈ। ਇਸ ’ਤੇ ਰਵਨੀਤ ਵੀ ਬਿੱਲਾ ਦੀ ਗੱਲ ’ਚ ਹਾਮੀ ਭਰਦਾ ਹੈ। ਕੁਲਵਿੰਦਰ ਬਿੱਲਾ ਤੇ ਰਵਨੀਤ ਵਲੋਂ ਕਿਸੇ ਕਲਾਕਾਰ ਦਾ ਨਾਂ ਨਹੀਂ ਲਿਆ ਗਿਆ ਪਰ ਇਸ ’ਤੇ ਰਿਪਲਾਈ ਮਨਪ੍ਰੀਤ ਮੰਨਾ ਵਲੋਂ ਜ਼ਰੂਰ ਕੀਤਾ ਗਿਆ ਹੈ।

ਮਨਪ੍ਰੀਤ ਮੰਨਾ ਕੁਝ ਘੰਟੇ ਪਹਿਲਾਂ ਹੀ ਲਾਈਵ ਹੋਇਆ ਹੈ, ਜਿਸ ’ਚ ਉਹ ਬਿਨਾਂ ਨਾਂ ਲਏ ਨਿਸ਼ਾਨਾ ਕੁਲਵਿੰਦਰ ਬਿੱਲਾ ’ਤੇ ਲਗਾ ਰਿਹਾ ਹੈ। ਜਿਹੜੀਆਂ ਗੱਲਾਂ ਲਾਈਵ ਦੌਰਾਨ ਕੁਲਵਿੰਦਰ ਬਿੱਲਾ ਵਲੋਂ ਰਵਨੀਤ ਨਾਲ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਜਵਾਬ ਮਨਪ੍ਰੀਤ ਮੰਨਾ ਦਿੰਦਾ ਸਾਫ ਨਜ਼ਰ ਆ ਰਿਹਾ ਹੈ। ਮਨਪ੍ਰੀਤ ਮੰਨਾ ਦਾ ਕਹਿਣਾ ਹੈ ਕਿ ਆਪਣੇ ਗੀਤ ਦੀ ਤਾਰੀਫ ਆਪਣੇ ਨਾਲ ਦੇ ਬੰਦਿਆਂ ਕੋਲੋਂ ਨਹੀਂ ਕਰਵਾਈ ਜਾਂਦੀ। ਲੋਕਾਂ ਕੋਲੋਂ ਪੁੱਛੋ ਉਨ੍ਹਾਂ ਨੂੰ ਗੀਤ ਕਿਵੇਂ ਦਾ ਲੱਗਾ ਤੇ ਮੈਂ ਉਸ ਦਾ ਯਾਨੀ ਕੁਲਵਿੰਦਰ ਬਿੱਲਾ ਦਾ ਗੀਤ ਹੁਣ ਤਕ ਨਹੀਂ ਸੁਣਿਆ। ਮਨਪ੍ਰੀਤ ਇਹ ਵੀ ਕਹਿ ਰਿਹਾ ਹੈ ਜੇ ਉਸ ਨੇ ਗੱਲ ਕਰਨੀ ਹੈ ਤਾਂ ਸਿੱਧਾ ਮੇਰਾ ਨਾਂ ਲੈ ਕੇ ਗੱਲ ਕਰੇ। ਮਨਪ੍ਰੀਤ ਮੰਨਾ ਦਾ ਇਹ ਲਾਈਵ ਖੂਬ ਵਾਇਰਲ ਹੋ ਰਿਹਾ ਹੈ। ਹੁਣ ਇਹ ਵਿਵਾਦ ਅੱਗੋਂ ਕੀ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


author

Rahul Singh

Content Editor

Related News