ਸ਼੍ਰੀ ਬਰਾੜ ਦੇ ਹੱਕ ’ਚ ਮਨਜਿੰਦਰ ਸਿੰਘ ਸਿਰਸਾ, ਕੈਪਟਨ ਸਰਕਾਰ ’ਤੇ ਲਾਏ ਵੱਡੇ ਇਲਜ਼ਾਮ

01/06/2021 4:15:49 PM

ਨਵੀਂ ਦਿੱਲੀ (ਬਿਊਰੋ)– ਬੀਤੇ ਦਿਨੀਂ ਪਟਿਆਲਾ ਪੁਲਸ ਵਲੋਂ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਗੀਤ ‘ਜਾਨ’ ਨੂੰ ਲੈ ਕੇ ਕੀਤੀ ਗਈ ਸੀ। ਇਸ ਗੀਤ ਨੂੰ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ, ਜਦਕਿ ਸ਼੍ਰੀ ਬਰਾੜ ਨੇ ਵੀ ਗੀਤ ਨੂੰ ਆਵਾਜ਼ ਦਿੱਤੀ ਹੈ। ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸ ਦੇ ਹੱਕ ’ਚ ਆ ਗਏ ਹਨ।

ਮਨਜਿੰਦਰ ਸਿੰਘ ਸਿਰਸਾ ਵਲੋਂ ਬੀਤੇ ਦਿਨੀਂ ਪਹਿਲਾਂ ਸ਼੍ਰੀ ਬਰਾੜ ਦੇ ਹੱਕ ’ਚ ਇਕ ਟਵੀਟ ਸਾਂਝਾ ਕੀਤਾ ਗਿਆ ਤੇ ਅੱਜ ਉਨ੍ਹਾਂ ਵਲੋਂ ਇਕ ਵੀਡੀਓ ਟਵਿਟਰ ’ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ’ਚ ਮਨਜਿੰਦਰ ਸਿੰਘ ਸਿਰਸਾ ਜਿਥੇ ਸ਼੍ਰੀ ਬਰਾੜ ਦੀ ‘ਕਿਸਾਨ ਐਂਥਮ’ ਲਿਖਣ ਨੂੰ ਲੈ ਕੇ ਸਰਾਹਨਾ ਕਰ ਰਹੇ ਹਨ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕੇਂਦਰ ਸਰਕਾਰ ਦਾ ਸਾਥ ਦੇਣ ਦੇ ਇਲਜ਼ਾਮ ਲਗਾ ਰਹੇ ਹਨ।

ਸਿਰਸਾ ਨੇ ਕਿਹਾ, ‘ਸ਼੍ਰੀ ਬਰਾੜ ਨੇ ਕਿਸਾਨ ਅੰਦੋਲਨ ਨੂੰ ਆਪਣੇ ਗੀਤ ਰਾਹੀਂ ਵੱਡੇ ਪੱਧਰ ’ਤੇ ਪਹੁੰਚਾਇਆ ਹੈ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ’ਤੇ ਪਰਚੇ ਕੀਤੇ ਜਾ ਰਹੇ ਹਨ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਦਾ ਸਾਥ ਛੱਡ ਕੇ ਕਿਸਾਨਾਂ ਦੇ ਹੱਕ ’ਚ ਆਉਣ।’

ਦੱਸਣਯੋਗ ਹੈ ਕਿ ਵੀਡੀਓ ਤੋਂ ਪਹਿਲਾਂ ਆਪਣੇ ਟਵੀਟ ’ਚ ਮਨਜਿੰਦਰ ਸਿੰਘ ਸਿਰਸਾ ਨੇ ਲਿਖਿਆ ਸੀ, ‘ਸ਼੍ਰੀ ਬਰਾੜ, ਜਿਸ ਨੇ ਕਿਸਾਨਾਂ ਦੇ ਸਮਰਥਨ ’ਚ ‘ਕਿਸਾਨ ਐਂਥਮ’ ਗੀਤ ਲਿਖਿਆ ਤੇ ਗਾਇਆ, ਨੂੰ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਿੱਥੇ ਤੌਰ ’ਤੇ ਬਦਲਾਖੋਰੀ ਹੈ। ਕਿਸਾਨ ਅੰਦੋਲਨ ਨੂੰ ਤਹਿਸ-ਨਹਿਸ ਕਰਨ ਦੀ ਇਕ ਵੱਡੀ ਕੋਸ਼ਿਸ਼ ਹੈ। ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਸ਼੍ਰੀ ਬਰਾੜ ਦੇ ਹੱਕ ’ਚ ਖੜ੍ਹੇ ਹਾਂ।’

ਨੋਟ– ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੇ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News