ਜ਼ੀ ਮਿਊਜ਼ਿਕ ਕੰਪਨੀ ਨੇ ਫ਼ਿਲਮ ‘ਗੋਲਗੱਪੇ’ ਦਾ ਰੂਹਾਨੀ ਗੀਤ ‘ਮੈਂ ਰੱਬ ਤਾਂ ਵੇਖਿਆ ਨਹੀਂ’ ਕੀਤਾ ਰਿਲੀਜ਼ (ਵੀਡੀਓ)

01/30/2023 12:27:45 PM

ਮੁੰਬਈ (ਬਿਊਰੋ)– ਪਿਆਰ ਇਕ ਭਾਵਨਾ ਹੈ, ਜੋ ਮਨੁੱਖੀ ਚੇਤਨਾ ’ਤੇ ਹਾਵੀ ਹੁੰਦੀ ਹੈ। ਜ਼ੀ ਮਿਊਜ਼ਿਕ ਕੰਪਨੀ ਨੇ ਆਗਾਮੀ ਫ਼ਿਲਮ ‘ਗੋਲਗੱਪੇ’ ਤੋਂ ਪਿਆਰ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਗੀਤ ‘ਮੈਂ ਰੱਬ ਤਾਂ ਵੇਖਿਆ ਨਹੀਂ’ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਰਾਜੂ ਵਰਮਾ ਨੇ ਖ਼ੂਬਸੂਰਤੀ ਨਾਲ ਲਿਖਿਆ ਹੈ ਤੇ ਮੰਨਤ ਨੂਰ ਤੇ ਗੁਰਮੀਤ ਸਿੰਘ ਦੀ ਆਵਾਜ਼ ’ਚ ਇਸ ਗੀਤ ਨੂੰ ਪਿਆਰ ਨਾਲ ਰੰਗਿਆ ਗਿਆ ਹੈ। ਗੀਤ ਨੂੰ ਸੰਗੀਤ ਵੀ ਗੁਰਮੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼, ਟ੍ਰੀਫਲਿਕਸ ਐਂਟਰਟੇਨਮੈਂਟ, ਜਾਨਵੀ ਪ੍ਰੋਡਕਸ਼ਨ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ 'ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਗੀਤ ਨੂੰ ਵੈਲੇਨਟਾਈਨਸ ਡੇ ਤੋਂ ਬਿਲਕੁਲ ਪਹਿਲਾਂ ਲਾਂਚ ਕੀਤਾ ਗਿਆ ਹੈ ਤੇ ਫ਼ਿਲਮ ਵੀ ਉਸੇ ਮੌਕੇ ’ਤੇ ਰਿਲੀਜ਼ ਹੋਵੇਗੀ। ਨਿਰਦੇਸ਼ਕ ਸਮੀਪ ਕੰਗ ਨੇ ਅੱਗੇ ਕਿਹਾ, ‘‘ਜਦੋਂ ਮੈਂ ਪਹਿਲੀ ਵਾਰ ਗੀਤ ਸੁਣਿਆ ਸੀ, ਮੈਂ ਤੁਰੰਤ ਪਿਆਰ ਦੀ ਬ੍ਰਹਮਤਾ ਨੂੰ ਮਹਿਸੂਸ ਕਰ ਸਕਦਾ ਸੀ। ਇਹ ਇਸ ਵੈਲੇਨਟਾਈਨਸ ਡੇ ਵਾਲੇ ਦਿਨ ਪ੍ਰੇਮੀਆਂ ਦਾ ਗੀਤ ਬਣਨ ਜਾ ਰਿਹਾ ਹੈ। ਮੰਨਤ ਤੇ ਗੁਰਮੀਤ ਦੀ ਜਾਦੂਈ ਆਵਾਜ਼ ਇਸ ਨੂੰ ਹੋਰ ਵੀ ਰੂਹ ਨਾਲ ਜੋੜ ਦਿੰਦੀ ਹੈ।’’

ਫ਼ਿਲਮ ‘ਗੋਲਗੱਪੇ’ ਕਾਮੇਡੀ ਤੇ ਡਰਾਮੇ ਦੀ ਸ਼ੈਲੀ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ। ਇਹ ਫ਼ਿਲਮ ਤਿੰਨ ਦੋਸਤਾਂ ’ਤੇ ਆਧਾਰਿਤ ਹੈ, ਜੋ ਗੋਲਗੱਪੇ ਆਊਟਲੇਟ ਚਲਾਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ’ਚ ਇਕ ਮੋੜ ਆਉਂਦਾ ਹੈ, ਜਦੋਂ ਇਕ ਡੌਨ ਡਾ. ਚਾਵਲਾ ਦੀ ਪਤਨੀ ਨੂੰ ਅਗਵਾ ਕਰ ਲੈਂਦਾ ਹੈ ਤੇ ਇਕ ਉਲਝਣ ਕਾਰਨ ਤਿੰਨ ਦੋਸਤਾਂ ਨੂੰ ਫਿਰੌਤੀ ਲਈ ਬੁਲਾ ਲੈਂਦਾ ਹੈ।

ਇਹ ਟਰੈਕ ਪਹਿਲਾਂ ਹੀ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ, ਜਿਸ ਨਾਲ ਫ਼ਿਲਮ ਦੇਖਣ ਦੇ ਉਨ੍ਹਾਂ ਦੇ ਉਤਸ਼ਾਹ ’ਚ ਵਾਧਾ ਹੋਇਆ ਹੈ। ‘ਗੋਲਗੱਪੇ’ ’ਚ ਬੀਨੂੰ ਢਿੱਲੋਂ, ਰਜਤ ਬੇਦੀ, ਬੀ. ਐੱਨ. ਸ਼ਰਮਾ, ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ’ਚ ਹਨ ਤੇ ਸਮੀਪ ਕੰਗ ਵਲੋਂ ਨਿਰਦੇਸ਼ਿਤ ਹੈ, ਜੋ ‘ਕੈਰੀ ਆਨ ਜੱਟਾ’, ‘ਵਧਾਈਆਂ ਜੀ ਵਧਾਈਆਂ’, ‘ਲੱਕੀ ਦੀ ਅਨਲੱਕੀ ਸਟੋਰੀ’ ਤੇ ਹੋਰ ਬਹੁਤ ਸਾਰੀਆਂ ਬਲਾਕਬਸਟਰ ਫ਼ਿਲਮਾਂ ਦੇਣ ਲਈ ਮਸ਼ਹੂਰ ਹਨ। ‘ਗੋਲਗੱਪੇ’ ਫ਼ਿਲਮ ਜ਼ਰੀਏ ਪੰਜਵੀਂ ਵਾਰ ਬੀਨੂੰ ਢਿੱਲੋਂ ਤੇ ਸਮੀਪ ਕੰਗ ਇਕੱਠੇ ਕੰਮ ਕਰ ਰਹੇ ਹਨ। ਇਹ ਫ਼ਿਲਮ 17 ਫਰਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News