ਗਾਂਧੀ ਜੀ ਦੇ ਰੋਲ ਲਈ 16 ਕਿੱਲੋ ਭਾਰ ਕੀਤਾ ਘੱਟ, 8 ਮਹੀਨੇ ਬਰਕਰਾਰ ਵੀ ਰੱਖਿਆ : ਚਿਰਾਗ ਵੋਹਰਾ

Friday, Nov 15, 2024 - 10:38 AM (IST)

ਗਾਂਧੀ ਜੀ ਦੇ ਰੋਲ ਲਈ 16 ਕਿੱਲੋ ਭਾਰ ਕੀਤਾ ਘੱਟ, 8 ਮਹੀਨੇ ਬਰਕਰਾਰ ਵੀ ਰੱਖਿਆ : ਚਿਰਾਗ ਵੋਹਰਾ

ਸੋਨੀ ਲਿਵ ’ਤੇ ਆਉਣ ਵਾਲੀ ਨਵੀਂ ਹਿੰਦੀ ਭਾਸ਼ਾ ਦੀ ਇਤਿਹਾਸਕ ਡਰਾਮਾ ਵੈੱਬ ਸੀਰੀਜ਼ ‘ਫ੍ਰੀਡਮ ਐਟ ਮਿਡਨਾਈਟ’ 15 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਸੀਰੀਜ਼ ਡੋਮਿਨਿਕ ਲੈਪੀਏਰੇ ਤੇ ਲੈਰੀ ਕੋਲਿਨਸ ਦੀ ਮਸ਼ਹੂਰ ਕਿਤਾਬ ’ਤੇ ਆਧਾਰਿਤ ਹੈ, ਜਿਸ ਨੂੰ ਨਿਖਿਲ ਅਡਵਾਨੀ ਵਲੋਂ ਨਿਰਦੇਸ਼ਤ ਕੀਤਾ ਗਿਆ ਹੈ। ਸੀਰੀਜ਼ ਦਾ ਫੋਕਸ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਸਮੇਂ ’ਤੇ ਹੈ, ਜਿਸ ਵਿਚ ਇਤਿਹਾਸਕ ਘਟਨਾਵਾਂ ਤੇ ਉਸ ਸਮੇਂ ਦੇ ਪ੍ਰਮੁੱਖ ਨੇਤਾਵਾਂ ਦੀ ਭੂਮਿਕਾ ਨੂੰ ਦਰਸਾਇਆ ਜਾਵੇਗਾ। ਸੀਰੀਜ਼ ’ਚ ਸਿਧਾਂਤ ਗੁਪਤਾ ਜਵਾਹਰ ਲਾਲ ਨਹਿਰੂ, ਚਿਰਾਗ਼ ਵੋਹਰਾ ਮਹਾਤਮਾ ਗਾਂਧੀ ਤੇ ਰਾਜਿੰਦਰ ਚਾਵਲਾ ਸਰਦਾਰ ਵੱਲਭ ਭਾਈ ਪਟੇਲ ਦੇ ਰੂਪ ’ਚ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਸੀਰੀਜ਼ ਬਾਰੇ ਚਿਰਾਗ਼ ਵੋਹਰਾ, ਸਿਧਾਂਤ ਗੁਪਤਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਚਿਰਾਗ਼ ਵੋਹਰਾ

ਇਸ ਸੀਰੀਜ਼ ਨੂੰ ਦੇਖਣ ਤੋਂ ਪਹਿਲਾਂ ਦਰਸ਼ਕ ਕੀ ਉਮੀਦ ਰੱਖਣ?
ਇਹ ਸੀਰੀਜ਼ ‘ਫ੍ਰੀਡਮ ਐਟ ਮਿਡਨਾਈਟ’ ਨਾਂ ਦੀ ਕਿਤਾਬ ’ਤੇ ਆਧਾਰਿਤ ਹੈ। ਸਾਡੀ ਸੀਰੀਜ਼ ਦਾ ਸਿਰਲੇਖ ਵੀ ‘ਫ੍ਰੀਡਮ ਐਟ ਮਿਡਨਾਈਟ’ ਹੈ। ਇਸ ਸੀਰੀਜ਼ ’ਚ ਦਿਖਾਇਆ ਗਿਆ ਹੈ ਕਿ 1946 ਤੋਂ 1947 ਤਕ ਭਾਰਤ ਦੀ ਵੰਡ ਪਿੱਛੇ ਕੀ-ਕੀ ਹੋਇਆ, ਕੀ ਹਾਲਾਤ ਸਨ ਤੇ ਉਸ ਸਮੇਂ ਦੇ ਨੇਤਾਵਾਂ ਨਾਲ ਕੀ-ਕੀ ਹੋਇਆ, ਆਜ਼ਾਦੀ ਤੇ ਵੰਡ ਦੌਰਾਨ ਉਨ੍ਹਾਂ ਨੇ ਕੀ ਕੀਤਾ। ਇਸ ਸੀਜ਼ਨ ’ਚ 7 ਐਪੀਸੋਡ ਹਨ। ਇਸ ਤੋਂ ਬਾਅਦ ਇਕ ਹੋਰ ਸੀਜ਼ਨ ਆਵੇਗਾ, ਜਿਸ ਵਿਚ ਅਸੀਂ ਚੀਜ਼ਾਂ ਨੂੰ ਪੂਰੀ ਡਿਟੇਲ ਨਾਲ ਦੱਸਿਆ ਹੈ। ਇਸ ਲਈ ਦਰਸ਼ਕਾਂ ਨੂੰ ਇਹ ਦੇਖਣ ਨੂੰ ਮਿਲੇਗਾ ਕਿ ਨੇਤਾਵਾਂ ਦੀ ਸਥਿਤੀ ਕੀ ਸੀ, ਕੀ ਹਾਲਾਤ ਸਨ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਕਿੰਨਾ ਸੰਘਰਸ਼ ਕਰਨਾ ਪਿਆ ਸੀ।

ਗਾਂਧੀ ਜੀ ਦੀ ਭੂਮਿਕਾ ਤੁਹਾਨੂੰ ਕਿਵੇਂ ਮਿਲੀ ਤੇ ਇਸ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਸੀ?
ਇਹ ਸਾਲ 2022 ਦੀ ਗੱਲ ਹੈ ਜਦੋਂ ਮੈਨੂੰ ਸਾਡੇ ਕਾਸਟਿੰਗ ਡਾਇਰੈਕਟਰ ਦੀ ਕਾਲ ਆਈ ਸੀ। ਮੈਨੂੰ ਦੱਸਿਆ ਗਿਆ ਕਿ ਨਿਖਿਲ ਅਡਵਾਨੀ ਮੈਨੂੰ ਮਿਲਣਾ ਚਾਹੁੰਦੇ ਹਨ, ਮੈਂ ਇਸ ਤੋਂ ਹੈਰਾਨ ਰਹਿ ਗਿਆ ਤੇ ਜਦੋਂ ਮੈਂ ਨਿਖਿਲ ਸਰ ਨੂੰ ਮਿਲਿਆ ਤਾਂ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਇਕ ਸੀਰੀਜ਼ ਬਣਾਈ ਜਾ ਰਹੀ ਹੈ ਅਤੇ ਇਸ ਵਿਚ ਗਾਂਧੀ ਦੀ ਭੂਮਿਕਾ ਲਈ ਮੇਰੇ ਬਾਰੇ ਸੋਚਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਗਾਂਧੀ ਦੀ ਭੂਮਿਕਾ ਤਾਂ ਤੁਸੀਂ ਬਾਅਦ ਵਿਚ ਨਿਭਾਓਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ 15 ਕਿੱਲੋ ਭਾਰ ਘਟਾਉਣਾ ਹੋਵੇਗਾ। ਉਸ ਸਮੇਂ ਮੇਰਾ ਭਾਰ 72 ਕਿੱਲੋ ਸੀ ਅਤੇ ਮੈਂ ਕਿਹਾ ਕਿ ਤੁਸੀਂ ਮੈਨੂੰ ਹਰੀ ਝੰਡੀ ਦੇ ਦਿਓ ਤੇ ਮੈਂ ਸਭ ਕੁਝ ਕਰ ਲਵਾਂਗਾ। ਫਿਰ ਜਦੋਂ ਮੈਨੂੰ ਇਸ ਰੋਲ ਲਈ ਫਾਈਨਲ ਕੀਤਾ ਗਿਆ ਤਾਂ ਇਸ ਤੋਂ ਵੱਧ ਸਨਮਾਨ ਦੀ ਗੱਲ ਕੀ ਹੋਵੇਗੀ ਕਿ ਗਾਂਧੀ ਜੀ ਦਾ ਕਿਰਦਾਰ ਨਿਭਾਉਣ ਦਾ ਤੁਹਾਨੂੰ ਮੌਕਾ ਮਿਲੇ। ਮੈਂ 16 ਕਿੱਲੋ ਭਾਰ ਘਟਾਇਆ ਤੇ 8 ਮਹੀਨਿਆਂ ਤੱਕ ਇਸ ਨੂੰ ਬਰਕਰਾਰ ਵੀ ਰੱਖਣਾ ਸੀ, ਇਸ ਲਈ ਮੈਨੂੰ ਬਹੁਤ ਅਨੁਸ਼ਾਸਨ ’ਚ ਰਹਿਣਾ ਪਿਆ।

ਗਾਂਧੀ ਜੀ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਤੁਹਾਨੂੰ ਇੰਝ ਲੱਗਾ ਕਿ ਤੁਸੀਂ ਉਨ੍ਹਾਂ ਬਾਰੇ ਹੋਰ ਵੀ ਬਹੁਤ ਕੁਝ ਜਾਣ ਗਏ?
ਮੈਂ ਉਨ੍ਹਾਂ ਦੀ ਆਤਮਕਥਾ ਪਹਿਲਾਂ ਵੀ ਪੜ੍ਹੀ ਸੀ ਅਤੇ ਇਸ ਸੀਰੀਜ਼ ਦੌਰਾਨ ਦੁਬਾਰਾ ਪੜ੍ਹੀ। ਮੈਂ ਸਮਝਦਾ ਹਾਂ ਕਿ ਜਿਸ ਵਿਅਕਤੀ ਦੇ ਨਾਂ ਅੱਗੇ ਅਸੀਂ ਮਹਾਤਮਾ ਲਾਉਂਦੇ ਹਾਂ, ਜਿਸ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ, ਜਿਸ ਨੇ ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ, ਜਿਸ ਦੀ ਇਕ ਆਵਾਜ਼ ’ਤੇ ਲੋਕ ਉਹ ਕਰਨ ਲਈ ਤਿਆਰ ਹੋ ਜਾਂਦੇ ਸਨ, ਜੋ ਗਾਂਧੀ ਜੀ ਕਹਿੰਦੇ ਸਨ, ਉਸ ਆਦਮੀ ’ਚ ਸੱਚਾਈ ਕਿੰਨੀ ਭਰੀ ਹੋਵੇਗੀ। ਉਨ੍ਹਾਂ ਆਪਣੇ ਦੇਸ਼ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਜ਼ਰਾ ਸੋਚੋ ਕਿ ਇਕ ਵਿਅਕਤੀ ਦੀ ਆਵਾਜ਼ ’ਤੇ ਪੂਰਾ ਦੇਸ਼ ਖੜ੍ਹਾ ਹੋ ਜਾਂਦਾ ਸੀ।

ਸੀਰੀਜ਼ ਦੌਰਾਨ ਤੁਸੀਂ ਕੋਈ ਹੋਰ ਪ੍ਰੋਜੈਕਟ ਸਾਈਨ ਨਹੀਂ ਕੀਤਾ। ਇਕ ਅਦਾਕਾਰ ਹੋਣ ਨਾਤੇ ਆਫਰ ਰਿਜੈਕਟ ਕਰਨਾ ਕਿੰਨਾ ਚੁਣੌਤੀਪੂਰਨ ਸੀ?
ਮੈਨੂੰ ਲੱਗਦਾ ਹੈ ਕਿ ਅਜਿਹਾ ਸ਼ੋਅ ਅਤੇ ਅਜਿਹਾ ਕਿਰਦਾਰ ਜ਼ਿੰਦਗੀ ’ਚ ਇਕ ਵਾਰ ਹੀ ਆਉਂਦਾ ਹੈ। ਅਭਿਨੇਤਾ ਹੋਣ ਦੇ ਨਾਤੇ ਕਿਸੇ ਕਿਰਦਾਰ ਨਾਲ ਬੱਝੇ ਰਹਿਣਾ ਵੀ ਇਕ ਵੱਖਰੀ ਆਜ਼ਾਦੀ ਹੈ। ਅਜਿਹਾ ਮੌਕਾ ਜ਼ਿੰਦਗੀ ਵਿਚ ਵਾਰ-ਵਾਰ ਨਹੀਂ ਮਿਲਦਾ। ਜੇ ਮੈਨੂੰ ਦੁਬਾਰਾ ਮੌਕਾ ਮਿਲਦਾ ਹੈ ਤਾਂ ਮੈਂ ਇਕ ਵਾਰ ਫਿਰ ਅਜਿਹੇ ਸ਼ੋਅ ਅਤੇ ਕਿਰਦਾਰ ਨਾਲ ਬੱਝਣਾ ਚਾਹਾਂਗਾ। ਮੈਂ ਦੁਬਾਰਾ ਉਸੇ ਕਿਰਦਾਰ ਨਾਲ ਜੁੜਨਾ ਪਸੰਦ ਕਰਾਂਗਾ।

ਇਸ ਸੀਰੀਜ਼ ਦੀ ਕੀ ਖ਼ਾਸੀਅਤ ਹੈ ਅਤੇ ਦਰਸ਼ਕ ਇਸ ਨੂੰ ਕਿਉਂ ਦੇਖਣ?
ਜਿਵੇਂ ਕਿ ਸੀਰੀਜ ਦੀ ਕੈਪਸ਼ਨ ਹੈ ‘ਦਿ ਹਿਸਟਰੀ ਯੂ ਮੇ ਨੋਟ ਨੋ, ਦਿ ਹਿਸਟਰੀ ਯੂ ਸ਼ੁੱਡ ਨੋ’ ਇਸ ਤੋਂ ਵੱਡਾ ਕਾਰਨ ਹੋਰ ਕੁਝ ਨਹੀਂ ਹੋ ਸਕਦਾ ਸੀਰੀਜ਼ ਦੇਖਣ ਲਈ। ਇਸ ਸੀਰੀਜ਼ ਨੂੰ ਦੇਖੋ ਤੇ ਜਾਣੋ ਕਿ ਕਿੰਨਾ ਸੰਘਰਸ਼ ਸੀ। ਆਜ਼ਾਦੀ ਪ੍ਰਾਪਤ ਕਰਨ ਲਈ ਕਿੰਨਾ ਸੰਘਰਸ਼ ਕਰਨਾ ਪਿਆ ਅਤੇ ਹਾਲਾਤ ਕੀ ਰਹੇ ਸਨ। ਸੀਰੀਜ਼ ਦੇਖਣ ਤੋਂ ਬਾਅਦ ਉਹ ਸਾਰੀਆਂ ਭਾਵਨਾਵਾਂ ਲੋਕਾਂ ਦੇ ਮਨ ’ਚ ਆ ਜਾਣਗੀਆਂ।

ਨਹਿਰੂ ਜੀ ਦਾ ਕਿਰਦਾਰ ਮੇਰੇ ਲਈ ਖ਼ਾਸ : ਸਿਧਾਂਤ ਗੁਪਤਾ
ਜਵਾਹਰ ਲਾਲ ਨਹਿਰੂ ਵਰਗੇ ਆਈਕੋਨਿਕ ਕਿਰਦਾਰ ਨਿਭਾਉਣਾ ਤੁਹਾਡੇ ਲਈ ਕਿਹੋ ਜਿਹਾ ਰਿਹਾ?

ਮੇਰੇ ਲਈ ਇਹ ਜੀਵਨ ਬਦਲਣ ਵਾਲਾ ਰੋਲ ਸੀ ਕਿਉਂਕਿ ਜਦੋਂ ਤੁਸੀਂ ਕੋਈ ਕਿਰਦਾਰ ਨਿਭਾਉਂਦੇ ਹੋ ਅਤੇ ਉਸ ਨੂੰ ਅਪਣਾਉਂਦੇ ਹੋ ਤਾਂ ਇਹ ਤੁਹਾਨੂੰ ਬਦਲੇ ਵਿਚ ਬਹੁਤ ਕੁਝ ਦੇ ਦਿੰਦਾ ਹੈ। ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਅਜਿਹਾ ਸਨਮਾਨਜਨਕ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਹ ਥੋੜ੍ਹਾ ਚੁਣੌਤੀਪੂਰਨ ਸੀ ਪਰ ਮੈਨੂੰ ਚੁਣੌਤੀਆਂ ਪਸੰਦ ਹਨ। ਇਹ ਕਿਰਦਾਰ ਮੇਰੇ ਲਈ ਬਹੁਤ ਖ਼ਾਸ ਰਿਹਾ ਹੈ।

ਜਵਾਹਰ ਲਾਲ ਨਹਿਰੂ ਦੀ ਭੂਮਿਕਾ ਤੁਹਾਨੂੰ ਕਿਵੇਂ ਮਿਲੀ?
ਮੈਂ ਨਿਖਿਲ ਅਡਵਾਨੀ ਨੂੰ ਮਿਲਿਆ। ਉਸ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਇਸ ਕਹਾਣੀ ਨੂੰ ਲੈ ਕੇ ਇਹ ਸੀਰੀਜ਼ ਬਣਾ ਰਿਹਾ ਹਾਂ ਅਤੇ ਮੈਂ ਤੁਹਾਨੂੰ ਜਵਾਹਰ ਲਾਲ ਨਹਿਰੂ ਦੀ ਭੂਮਿਕਾ ’ਚ ਦੇਖ ਰਿਹਾ ਹਾਂ। ਉਸ ਸਮੇਂ ਮੈਨੂੰ ਯਕੀਨ ਨਹੀਂ ਹੋਇਆ ਸੀ ਕਿ ਉਹ ਮੈਨੂੰ ਜਵਾਹਰ ਲਾਲ ਨਹਿਰੂ ਦੇ ਰੂਪ ਵਿਚ ਦੇਖ ਰਹੇ ਹਨ, ਜੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕਿਹਾ ਕਿ ਤੁਹਾਡਾ ਨੱਕ ਨਹਿਰੂ ਵਰਗਾ ਹੈ। ਮੈਂ ਕਿਹਾ ਸੱਚਮੁੱਚ। ਮੈਂ ਕਿਸੇ ਅਜਿਹੀ ਚੀਜ਼ ਦੀ ਭਾਲ ਕਰ ਰਿਹਾ ਸੀ, ਜੋ ਰੁਕੇ ਅਤੇ ਇਕ ਅਭਿਨੇਤਾ ਲਈ ਛੱਡਣਾ ਆਸਾਨ ਹੋਵੇ। ਇਸ ਤੋਂ ਬਾਅਦ ਮੈਂ ਸਕ੍ਰਿਪਟ ਪੜ੍ਹੀ ਤੇ ਰਿਸਰਚ ਕੀਤੀ ਤਾਂ ਜੋ ਮੈਂ ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਣ ਸਕਾਂ। ਉਨ੍ਹਾਂ ਬਾਰੇ ਬਹੁਤ ਸੀਮਤ ਜਾਣਕਾਰੀ ਹੈ। ਇਸ ਤੋਂ ਇਲਾਵਾ ਇਤਿਹਾਸ ਵਿਚ ਵਾਪਰੀਆਂ ਸਾਰੀਆਂ ਗੱਲਾਂ ਅਤੇ ਉਸ ਸਮੇਂ ਦੇ ਹਾਲਾਤ ਨੂੰ ਸਮਝਣਾ ਜ਼ਰੂਰੀ ਸੀ।

ਤੁਸੀਂ ਇਸ ਰੀਅਲ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ ਅਤੇ ਇਹ ਕਿੰਨਾ ਚੁਣੌਤੀਪੂਰਨ ਸੀ?
ਇਹ ਮੇਰੇ ਲਈ ਥੋੜ੍ਹਾ ਮੁਸ਼ਕਿਲ ਸੀ ਪਰ ਆਖ਼ਿਰ ’ਚ ਜਦੋਂ ਮੈਂ ਕਿਸੇ ਕਿਰਦਾਰ ਨੂੰ ਅਪਣਾ ਲੈਂਦਾ ਹਾਂ ਤਾਂ ਮੈਨੂੰ ਉਸ ਨਾਲ ਬਹੁਤ ਅਪਣੱਤ ਹੋ ਜਾਂਦੀ ਹੈ। ਫਿਰ ਮੈਂ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦਾ ਹਾਂ। 3-4 ਘੰਟੇ ਬੈਠ ਕੇ ਮੇਕਅੱਪ ਕਰਵਾਉਣਾ। ਜਦੋਂ ਤੁਸੀਂ ਕਿਸੇ ਕਿਰਦਾਰ ਵਿਚ ਢਲ ਜਾਂਦੇ ਹੋ ਤਾਂ ਉਹ ਸਾਰੀ ਮਿਹਨਤ ਫਿਰ ਘੱਟ ਲੱਗਣ ਲੱਗਦੀ ਹੈ। ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਚੀਜ਼ਾਂ ਹੋਣ ਲੱਗਦੀਆਂ ਹਨ ਅਤੇ ਫਿਰ ਤੁਹਾਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ।

ਇਸ ਸੀਰੀਜ਼ ਦੌਰਾਨ ਤੁਸੀਂ ਕਿੰਨਾ ਖ਼ੁਦ ਨੂੰ ਨਹਿਰੂ ਸਮਝਣ ਲੱਗੇ ਸੀ?
ਹੁਣ ਜਿਸ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਹੈ, ਜਿਸ ਤਰ੍ਹਾਂ ਦੀਆਂ ਕਹਾਣੀਆਂ ਦਿਖਾਈਆਂ ਜਾ ਰਹੀਆਂ ਹਨ, ਓ.ਟੀ.ਟੀ. ਤੋਂ ਬਾਅਦ ਹੋਰ ਵਧੀਆ ਪਰਫਾਰਮੈਂਸ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਨੂੰ ਵੀ ਰੀਐਲਿਟੀ ਸਮਝ ਆ ਰਹੀ ਹੈ ਕਿ ਕੌਣ ਕਿੰਨਾ ਰੀਅਲ ਹੈ। ਮੇਰੇ ਲਈ ਇਹ ਇਕ ਐਕਟ ਸੀ ਅਤੇ ਮੈਂ ਇਸ ਨੂੰ ਰੀਅਲ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਿਵੇਂ ਕਿ ਮੈਂ ਕਿਹਾ ਕਿ ਮੈਂ ਕਿਰਦਾਰ ਨੂੰ ਅਪਣਾ ਲੈਂਂਦਾ ਹਾਂ ਤੇ ਪੂਰੀ ਲਗਨ ਨਾਲ ਕਰਦਾ ਹਾਂ, ਨਿਖਿਲ ਸਰ ਜਾਣਦੇ ਹਨ ਕਿ ਰੀਅਲ ਕਿਰਦਾਰਾਂ ਨੂੰ ਕਿਵੇਂ ਸਾਹਮਣੇ ਲਿਆਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News