ਦੇਰ ਰਾਤ ਤੱਕ ਹੋਈ ਤਾਪਸੀ ਅਤੇ ਅਨੁਰਾਗ ਕਸ਼ਯਪ ਤੋਂ ਪੁੱਛਗਿੱਛ, 3 ਦਿਨ ਚੱਲ ਸਕਦੀ ਹੈ ਇਨਕਮ ਟੈਕਸ ਦੀ ਰੇਡ

Thursday, Mar 04, 2021 - 11:30 AM (IST)

ਦੇਰ ਰਾਤ ਤੱਕ ਹੋਈ ਤਾਪਸੀ ਅਤੇ ਅਨੁਰਾਗ ਕਸ਼ਯਪ ਤੋਂ ਪੁੱਛਗਿੱਛ, 3 ਦਿਨ ਚੱਲ ਸਕਦੀ ਹੈ ਇਨਕਮ ਟੈਕਸ ਦੀ ਰੇਡ

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ, ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਸਮੇਤ ਫ਼ਿਲਮ ਇੰਡਸਟਰੀ ਨਾਲ ਜੁੜੇ ਕੁਝ ਲੋਕਾਂ, ਕੰਪਨੀਆਂ ’ਤੇ ਬੀਤੇ ਦਿਨ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ। ਬੁੱਧਵਾਰ ਨੂੰ ਪੁਣੇ ’ਚ ਸ਼ੁਰੂ ਹੋਈ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਦੇਰ ਰਾਤ ਤੱਕ ਚੱਲਦੀ ਰਹੀ। ਇੰਨਾ ਹੀ ਨਹੀਂ, ਆਮਦਨ ਟੈਕਸ ਵਿਭਾਗ ਦੀ ਟੀਮ ਨੇ ਅਨੁਰਾਗ ਕਸ਼ਯਪ, ਤਾਪਸੀ ਪੰਨੂੰ ਨਾਲ ਦੇਰ ਰਾਤ ਤੱਕ ਸਵਾਲ-ਜਵਾਬ ਵੀ ਕੀਤੇ।
ਆਮਦਨ ਵਿਭਾਗ ਦੇ ਸੂਤਰਾਂ ਮੁਤਾਬਕ,ਇਹ ਰੇਡ ਤਿੰਨ ਦਿਨਾਂ ਤੱਕ ਚੱਲ ਸਕਦੀ ਹੈ ਕਿਉਂਕਿ ਅਧਿਕਾਰੀਆਂ ਨੇ ਕਈ ਡਿਜ਼ੀਟਲ ਡਾਕੂਮੈਂਟ ਇਕੱਠੇ ਕਰਨੇ ਹਨ, ਇਸ ਕਰਕੇ ਇਸ ’ਚ ਸਮਾਂ ਲੱਗ ਸਕਦਾ ਹੈ। 
ਸਵਾਲ-ਜਵਾਬ ਅਤੇ ਛਾਪੇਮਾਰੀ
ਆਮਦਨ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਪੁਣੇ ’ਚ ਛਾਪੇਮਾਰੀ ਕੀਤੀ ਇਸ ਤੋਂ ਇਲਾਵਾ ਮੁੰਬਈ ’ਚ ਇਸ ਨਾਲ ਜੁੜੇ ਦਫ਼ਤਰਾਂ ’ਚ ਆਮਦਨ ਵਿਭਾਗ ਨੇ ਸਰਚ ਆਪਰੇਸ਼ਨ ਚਲਾਇਆ। ਛਾਪੇਮਾਰੀ ਦੌਰਾਨ ਆਮਦਨ ਟੈਕਸ ਦੀਆਂ ਟੀਮਾਂ ਨੇ ਕਈ ਕਾਗਜ਼ਾਤ ਫਰੋਲੇ, ਲੈਪਟਾਪ ਸਮੇਤ ਹੋਰ ਇਲੈਕਟ੍ਰੋਨਿਕ ਆਈਟਮ ਦੀ ਜਾਂਚ ਕੀਤੀ ਗਈ। 
ਅਨੁਰਾਗ ਕਸ਼ਯਪ, ਤਾਪਸੀ ਪੰਨੂੰ ’ਤੇ ਹੋਈ ਛਾਪੇਮਾਰੀ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਦਾ ਦੌਰ ਵੀ ਚੱਲਿਆ। ਕਾਂਗਰਸ, ਸ਼ਿਵਸੈਨਾ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਿਆ। ਦੱਸ ਦੇਈਏ ਕਿ ਅਨੁਰਾਗ ਕਸ਼ਯਪ, ਤਾਪਸੀ ਪੰਨੂੰ ਲਗਾਤਾਰ ਮੋਦੀ ਦੇ ਖ਼ਿਲਾਫ਼ ਆਪਣੀ ਰਾਏ ਰੱਖਦੇ ਹਨ ਅਤੇ ਉਹ ਸ਼ਾਹੀਨ ਬਾਗ ਤੋਂ ਲੈ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆਏ ਹਨ। 

PunjabKesari
ਕਿਸ ਮਾਮਲੇ ’ਚ ਹੋਈ ਸੀ ਛਾਪੇਮਾਰੀ?
ਆਮਦਨ ਵਿਭਾਗ ਮੁਤਾਬਕ ਅਨੁਰਾਗ ਕਸ਼ਯਪ, ਵਿਕਾਸ ਬਹਿਲ, ਵਿਕਰਮਦਿੱਤਯ ਮੋਟਵਾਨੇ, ਮਧੁ ਮੰਟੇਨਾ ਨੇ ਮਿਲ ਕੇ ਫੈਂਟਮ ਫ਼ਿਲਮ ਕੰਪਨੀ ਬਣਾਈ ਸੀ ਪਰ 2018 ’ਚ ਇਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ। ਇਸ ਕੰਪਨੀ ਨਾਲ ਜੁੜੇ ਟੈਕਸ ਦੇ ਮਾਮਲੇ ’ਚ ਛਾਪੇਮਾਰੀ ਕੀਤੀ ਗਈ ਸੀ। ਫੈਂਟਮ ਫ਼ਿਲਮ ਤੋਂ ਇਲਾਵਾ ਐਕਸੀਡ ਇੰਟਰਟੇਨਮੈਂਟ, ਰਿਲਾਇੰਸ ਇੰਟਰਟੇਨਮੈਂਟ ’ਤੇ ਵੀ ਛਾਪੇਮਾਰੀ ਕੀਤੀ ਗਈ। 
ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕੇ.ਆਰ.ਆਈ. ਟੈਲੇਂਟ ਮੈਨੇਜਮੈਂਟ ਕੰਪਨੀ ਦੇ ਦਫ਼ਤਰਾਂ ’ਤੇ ਵੀ ਆਮਦਨ ਵਿਭਾਗ ਦੇ ਛਾਪੇ ਪਏ। ਇਹ ਕੰਪਨੀ ਤਾਪਸੀ ਦੇ ਕੰਮਕਾਜ਼ ਨੂੰ ਸੰਭਾਲਦੀ ਹੈ। ਆਮਦਨ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਵੱਲੋਂ ਜੋ ਆਮਦਨ ਰਿਟਰਨ ਭਰੇ ਗਏ ਹਨ, ਉਹ ਮੇਲ ਨਹੀਂ ਖਾਂਦੇ। ਇਹ ਕਾਰਨ ਹੈ ਕਿ ਟੈਕਸ ਨਿਯਮਾਂ ’ਚ ਗੜਬੜੀ ਦਾ ਸ਼ੱਕ ਹੋਇਆ ਹੈ। 


author

Aarti dhillon

Content Editor

Related News