ਮਰਹੂਮ ਸੰਗੀਤਕਾਰ ਖਿਆਮ ਸਾਹਿਬ ਦੀ ਪਤਨੀ ਦਾ ਦਿਹਾਂਤ, 93 ਸਾਲ ਦੀ ਉਮਰ ''ਚ ਜਗਜੀਤ ਨੇ ਲਿਆ ਆਖਰੀ ਸਾਹ
Sunday, Aug 15, 2021 - 04:54 PM (IST)
ਮੁੰਬਈ- ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਖਿਆਮ ਦੀ ਪਤਨੀ ਜਗਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। 93 ਸਾਲ ਦੀ ਉਮਰ 'ਚ ਜਗਜੀਤ ਕੌਰ ਨੇ ਅੱਜ ਯਾਨੀ ਐਤਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦਾ ਸੰਸਕਾਰ ਵਿਲੇ ਪਾਰਲੇ ਰੋਡ ਸਥਿਤ ਪਵਨ ਹੰਸ ਸ਼ਮਸ਼ਾਨਘਾਟ 'ਤੇ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਪੀਜੇ ਟਰੱਸਟ ਦੇ ਬੁਲਾਰੇ ਵੱਲੋਂ ਦਿੱਤੀ ਗਈ। ਇਹ ਟਰੱਸਟ ਖਿਆਮ ਅਤੇ ਜਗਜੀਤ ਕੌਰ ਵੱਲੋਂ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਬਣਵਾਇਆ ਗਿਆ ਸੀ। ਉਨ੍ਹਾਂ ਆਪਣੀ ਸਾਰੀ ਜ਼ਾਇਦਾਦ ਇਸ ਟਰੱਸਟ ਦੇ ਨਾਂ ਕੀਤੀ ਹੋਈ ਸੀ।
ਖਿਆਮ ਦੇ ਦਿਹਾਂਤ ਤੋਂ ਬਾਅਦ ਜਗਜੀਤ ਕੌਰ ਆਪਣੇ ਪਰਿਵਾਰ 'ਚ ਇਕੱਲੀ ਰਹਿ ਗਈ ਸਨ। ਉਨ੍ਹਾਂ ਦਾ ਇਕ ਪੁੱਤਰ ਵੀ ਸੀ ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਪਰਿਵਾਰ ਵਿਚ ਕੋਈ ਨਹੀਂ ਬਚਿਆ ਹੈ ਪਰ ਉਨ੍ਹਾਂ ਦੇ ਗਾਣੇ ਅਤੇ ਖਿਆਮ ਸਾਹਿਬ ਦਾ ਸੰਗੀਤ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਵਸਿਆ ਰਹੇਗਾ। ਖਿਆਮ ਅਤੇ ਜਗਜੀਤ ਕੌਰ ਦੀ ਜੁਗਲਬੰਦੀ ਕਮਾਲ ਦੀ ਸੀ, ਖਿਆਮ ਸਾਹਿਬ ਦਾ ਮਿਊਜ਼ਿਕ ਅਤੇ ਜਗਜੀਤ ਕੌਰ ਦੀ ਆਵਾਜ਼, ਦੋਵੇਂ ਜਦੋਂ ਮਿਲ ਜਾਂਦੇ ਸਨ, ਤਾਂ ਕੀ ਕਹਿਣੇ ਹੁੰਦੇ ਸਨ।
ਖਿਆਮ ਸਾਹਿਬ ਦੀ ਉਮਰਾਓ ਜਾਨ ਨੇ ਕਿਹਾ ਦੁਨੀਆ ਨੂੰ ਅਲਵਿਦਾ
ਜਗਜੀਤ ਕੌਰ ਅਤੇ ਖਿਆਮ ਸਾਹਿਬ ਨੇ ਇਕ-ਦੂਸਰੇ ਨਾਲ ਲਵ ਮੈਰਿਜ ਕੀਤੀ ਸੀ। ਸ਼ਾਇਦ ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਜਗਜੀਤ ਕੌਰ ਅਤੇ ਖਿਆਮ ਦੀ ਮੁਲਾਕਾਤ ਕੁਝ ਅਜਿਹੀ ਸੀ, ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਲੋਕ ਵੀ ਹੈਰਾਨ ਰਹਿ ਜਾਓ। ਰਿਪੋਰਟਸ ਅੁਸਾਰ, ਜਗਜੀਤ ਕੌਰ ਨੇ ਆਪਣੇ ਕਿ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਪਹਿਲੀ ਵਾਰ ਖਿਆਮ ਸਾਹਿਬ ਨੂੰ ਦਾਦਰ ਰੇਲਵੇ ਸਟੇਸ਼ਨ 'ਤੇ ਮਿਲੀ ਸਨ। ਜਗਜੀਤ ਕੌਰ ਨੇ ਖਿਆਮ ਸਾਹਿਬ ਨੂੰ ਇਕ ਸਟਾਕਰ ਸਮਝ ਲਿਆ ਸੀ ਤੇ ਉਹ ਉਨ੍ਹਾਂ ਤੋਂ ਪਿੱਛਾ ਛੁਡਾਉਣ ਲਈ ਤੇਜ਼ ਰਫ਼ਤਾਰ 'ਚ ਆਪਣੀ ਦਿਸ਼ਾ ਵੱਲ ਵਧਦੀ ਜਾ ਰਹੀ ਸਨ। ਜਦੋਂ ਦੋਵਾਂ ਦਾ ਸਾਹਮਣਾ ਹੋਇਆ ਤਾਂ ਖਿਆਮ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕੰਪੋਜ਼ਰ ਹਨ ਤੇ ਫਿਰ ਜਾ ਕੇ ਜਗਜੀਤ ਕੌਰ ਦੇ ਸਾਹ ਵਿਚ ਸਾਹ ਆਇਆ।
ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਦਾ ਸਿਲਸਿਲਾ ਅੱਗੇ ਵਧਿਆ ਤੇ ਦੋਵੇਂ ਇਕ-ਦੂਸਰੇ ਨਾਲ ਮੁਹੱਬਤ ਕਰਨ ਲੱਗੇ। ਮੁਹੱਬਤ ਹੋਈ ਤਾਂ ਵਿਆਹ ਕਰਨ 'ਚ ਦੇਰ ਨਹੀਂ ਲੱਗੀ। ਖਿਆਮ ਸਾਹਿਬ ਲਈ ਆਪਣੇ ਪਿਆਰ ਨੂੰ ਦਰਸਾਉਂਦੇ ਹੋਏ ਇਕ ਵਾਰ ਉਨ੍ਹਾਂ ਕਿਹਾ ਸੀ ਕਿ ਖਿਆਮ ਸਾਹਿਬ ਦੇ ਸ਼ਮ-ਏ-ਗ਼ਮ ਦੀ ਕਸਮ ਗਾਣੇ ਨੂੰ ਸੁਣ ਕੇ ਮੈਂ ਕਿਵੇਂ ਉਨ੍ਹਾਂ ਨਾਲ ਮੁਹੱਬਤ ਨਹੀਂ ਕਰ ਸਕਦੀ ਸੀ। ਖਿਆਮ ਸਾਹਿਬ, ਜਗਜੀਤ ਕੌਰ ਨੂੰ ਆਪਣੀ ਉਮਰਾਓ ਜਾਨ ਬੁਲਾਉਂਦੇ ਸਨ। ਦੋਵਾਂ ਵਿਚਕਾਰ ਏਨਾ ਪ੍ਰੇਮ ਸੀ ਕਿ ਜ਼ਿੰਦਗੀ 'ਚ ਬੇਸ਼ਕ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਈਆਂ, ਦੋਵਾਂ ਨੇ ਉਨ੍ਹਾਂ ਮੁਸ਼ਕਲਾਂ ਦਾ ਇਕੱਠੇ ਡਟ ਕੇ ਮੁਕਾਬਲਾ ਕੀਤਾ।