ਏਅਰਪੋਰਟ ’ਤੇ ਪੈਪਰਾਜ਼ੀ ’ਤੇ ਟੁੱਟ ਕੇ ਪਈ ਕ੍ਰਿਤੀ ਸੈਨਨ, ਬੁਆਏਫ੍ਰੈਂਡ ਕਬੀਰ ਸੰਗ ਵੀਡੀਓ ਬਣਦੀ ਦੇਖ ਹੋਈ ਲਾਲ-ਪੀਲੀ!
Tuesday, Jan 13, 2026 - 12:42 PM (IST)
ਮੁੰਬਈ - ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਹਾਲ ਹੀ ਵਿਚ ਅਦਾਕਾਰਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਪੈਪਰਾਜ਼ੀ (ਮੀਡੀਆ ਫੋਟੋਗ੍ਰਾਫਰਾਂ) 'ਤੇ ਬੁਰੀ ਤਰ੍ਹਾਂ ਭੜਕਦੀ ਨਜ਼ਰ ਆ ਰਹੀ ਹੈ। ਦਰਅਸਲ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕ੍ਰਿਤੀ ਏਅਰਪੋਰਟ 'ਤੇ ਆਪਣੇ ਬੁਆਏਫ੍ਰੈਂਡ ਕਬੀਰ ਬਾਹੀਆ ਨਾਲ ਖੜ੍ਹੀ ਸੀ ਅਤੇ ਪੈਪਰਾਜ਼ੀ ਨੇ ਉਨ੍ਹਾਂ ਨੂੰ ਕੈਮਰੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕੀਤੀ।
ਭੈਣ ਦੇ ਵਿਆਹ ਤੋਂ ਪਰਤ ਰਿਹਾ ਸੀ ਪਰਿਵਾਰ
ਸੂਤਰਾਂ ਦੀ ਮੰਨੀਏ ਤਾਂ ਕ੍ਰਿਤੀ ਸੈਨਨ ਆਪਣੇ ਪਰਿਵਾਰ ਨਾਲ ਉਦੈਪੁਰ ਤੋਂ ਵਾਪਸ ਪਰਤ ਰਹੀ ਸੀ। ਦੱਸ ਦੇਈਏ ਕਿ ਕ੍ਰਿਤੀ ਦੀ ਭੈਣ ਨੂਪੁਰ ਸੈਨਨ ਨੇ ਹਾਲ ਹੀ ਵਿਚ ਉਦੈਪੁਰ ਵਿਚ ਗਾਇਕ ਸਟੇਬਿਨ ਬੇਨ ਨਾਲ ਹਿੰਦੂ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਧੂਮ-ਧਾਮ ਨਾਲ ਵਿਆਹ ਕੀਤਾ ਹੈ। ਇਸ ਸ਼ਾਨਦਾਰ ਵਿਆਹ ਵਿਚ ਮੌਨੀ ਰੋਏ ਅਤੇ ਦਿਸ਼ਾ ਪਾਟਨੀ ਵਰਗੇ ਸਿਤਾਰੇ ਵੀ ਸ਼ਾਮਲ ਹੋਏ ਸਨ। ਜਦੋਂ ਪਰਿਵਾਰ ਵਾਪਸ ਆ ਰਿਹਾ ਸੀ, ਤਾਂ ਏਅਰਪੋਰਟ 'ਤੇ ਕ੍ਰਿਤੀ ਅਤੇ ਕਬੀਰ ਨੂੰ ਇਕੱਠੇ ਦੇਖ ਕੇ ਫੋਟੋਗ੍ਰਾਫਰਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜੋ ਅਦਾਕਾਰਾ ਨੂੰ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਹ ਗੁੱਸੇ ਨਾਲ ਲਾਲ-ਪੀਲੀ ਹੋ ਗਈ।
ਕੌਣ ਹੈ ਕਬੀਰ ਬਾਹੀਆ?
ਤੁਹਾਨੂੰ ਦੱਸ ਦੇਈਏ ਕਿ ਕਬੀਰ ਬਾਹੀਆ ਬ੍ਰਿਟੇਨ ਦਾ ਇਕ ਮਸ਼ਹੂਰ ਬਿਜ਼ਨੈੱਸ ਮੈਨ ਹੈ। ਉਸ ਨੇ ਇੰਗਲੈਂਡ ਦੇ ਬੋਰਡਿੰਗ ਸਕੂਲ ਤੋਂ ਪੜ੍ਹਾਈ ਕੀਤੀ ਹੈ ਅਤੇ ਉਹ 'ਵਰਲਡਵਾਈਡ ਐਵੀਏਸ਼ਨ ਐਂਡ ਟੂਰਿਜ਼ਮ ਲਿਮਟਿਡ' ਦਾ ਸੰਸਥਾਪਕ ਹੈ। ਉਸ ਦੇ ਪਿਤਾ ਕੁਲਜਿੰਦਰ ਬਾਹੀਆ ਬ੍ਰਿਟੇਨ ਦੀ ਮਸ਼ਹੂਰ ਟ੍ਰੈਵਲ ਏਜੰਸੀ 'ਸਾਊਥਾਲ ਟ੍ਰੈਵਲ' ਦੇ ਮਾਲਕ ਹਨ। ਇੰਨਾ ਹੀ ਨਹੀਂ, ਕਬੀਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਦੇ ਵੀ ਕਾਫੀ ਕਰੀਬੀ ਮੰਨੇ ਜਾਂਦੇ ਹਨ। ਫਿਲਹਾਲ ਇਸ ਵੇਲੇ ਕ੍ਰਿਤੀ ਦਾ ਇਹ ਗੁੱਸੇ ਵਾਲਾ ਅੰਦਾਜ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
