‘ਐਨੀਮਲ’ ਦੇ ਡਾਇਰੈਕਟਰ ਨੂੰ ਆਮਿਰ ਦੀ ਪਤਨੀ ਦਾ ਕਰਾਰਾ ਜਵਾਬ, ਕਿਹਾ– ‘ਸਿੱਧੀ ਉਨ੍ਹਾਂ ਨਾਲ ਮਰਦਾਂ ਵਾਂਗ ਗੱਲ ਕਰੋ’

Tuesday, Feb 06, 2024 - 02:11 PM (IST)

ਮੁੰਬਈ (ਬਿਊਰੋ)– ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਐਨੀਮਲ’ ਦੋ ਮਹੀਨੇ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ ਪਰ ਵਾਂਗਾ ਤੇ ਉਨ੍ਹਾਂ ਦੇ ਬਿਆਨ ਅਜੇ ਵੀ ਵਿਵਾਦਾਂ ’ਚ ਹਨ। ਤਾਜ਼ਾ ਮਾਮਲਾ ਸੰਦੀਪ ਰੈੱਡੀ ਵਾਂਗਾ ਦਾ ਕਿਰਨ ਰਾਓ ਨੂੰ ਜਵਾਬ ਦੇਣ ਦਾ ਹੈ। ਜਿਸ ’ਚ ਵਾਂਗਾ ਨੇ ਆਮਿਰ ਖ਼ਾਨ ਦਾ ਨਾਂ ਖਿੱਚਿਆ ਸੀ। ਹੁਣ ਕਿਰਨ ਰਾਓ ਨੇ ਕਰਾਰਾ ਜਵਾਬ ਦਿੱਤਾ ਹੈ।

ਖ਼ਬਰਾਂ ਮੁਤਾਬਕ ਕੁਝ ਮਹੀਨੇ ਪਹਿਲਾਂ ਕਿਰਨ ਰਾਓ ਨੇ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਕਬੀਰ ਸਿੰਘ’ ਨੂੰ ਮਹਿਲਾ ਵਿਰੋਧੀ ਕਿਹਾ ਸੀ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਵਾਂਗਾ ਨੇ ਹਾਲ ਹੀ ’ਚ ਕਿਰਨ ਦੇ ਸਾਬਕਾ ਪਤੀ ਆਮਿਰ ਖ਼ਾਨ ਦੀਆਂ ਪੁਰਾਣੀਆਂ ਫ਼ਿਲਮਾਂ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਹੁਣ ਕਿਰਨ ਨੇ ਇਕ ਵਾਰ ਫਿਰ ਇਕ ਇੰਟਰਵਿਊ ਦਿੱਤਾ ਹੈ, ਜਿਸ ’ਚ ਉਹ ਸੰਦੀਪ ਨੂੰ ਸਲਾਹ ਦੇ ਰਹੀ ਹੈ ਕਿ ਉਹ ਆਪਣੀਆਂ ਫ਼ਿਲਮਾਂ ਬਾਰੇ ਸਿੱਧੇ ਆਮਿਰ ਨਾਲ ਗੱਲ ਕਰੇ।

ਸੰਦੀਪ ਰੈੱਡੀ ਵਾਂਗਾ ਤੇ ਕਿਰਨ ਰਾਓ ਵਿਵਾਦ ਦੀ ਸ਼ੁਰੂਆਤ ਕਿਵੇਂ ਹੋਈ?
ਨਵੰਬਰ ’ਚ ਮੀਡੀਆ ਰਿਪੋਰਟਾਂ ’ਚ ਇਹ ਖ਼ੁਲਾਸਾ ਹੋਇਆ ਸੀ ਕਿ ਕਿਰਨ ਨੇ ਬਾਲੀਵੁੱਡ ਫ਼ਿਲਮਾਂ ’ਚ ‘ਸਟੋਕਿੰਗ ਦੀ ਵਡਿਆਈ’ ਦੀ ਆਲੋਚਨਾ ਕਰਦਿਆਂ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਕਬੀਰ ਸਿੰਘ’ ਤੇ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ’ ਦਾ ਨਾਂ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਕੁਝ ਦਿਨ ਪਹਿਲਾਂ ਦੈਨਿਕ ਭਾਸਕਰ ਨੂੰ ਦਿੱਤੇ ਇੰਟਰਵਿਊ ’ਚ ਸੰਦੀਪ ਰੈੱਡੀ ਵਾਂਗਾ ਨੇ ਕਿਹਾ, ‘‘ਅੱਜ ਸਵੇਰੇ ਮੇਰੀ ਇਕ ਏ. ਡੀ. (ਸਹਾਇਕ ਨਿਰਦੇਸ਼ਕ) ਨੇ ਮੈਨੂੰ ਇਕ ਲੇਖ ਦਿਖਾਇਆ। ਉਹ ਇਕ ਸੁਪਰਸਟਾਰ ਦੀ ਦੂਜੀ ਸਾਬਕਾ ਪਤਨੀ ’ਚੋਂ ਹੈ। ਉਹ ਕਹਿ ਰਹੀ ਹੈ ਕਿ ‘ਬਾਹੂਬਲੀ’ ਤੇ ‘ਕਬੀਰ ਸਿੰਘ’ ਵਰਗੀਆਂ ਫ਼ਿਲਮਾਂ ਦੁਰਵਿਹਾਰ ਤੇ ਪਿੱਛਾ ਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਪਿੱਛਾ ਕਰਨ ਤੇ ਨੇੜੇ ਆਉਣ ’ਚ ਫਰਕ ਜਾਣਦੀ ਹੈ। ਜਦੋਂ ਲੋਕ ਪ੍ਰਸੰਗ ਤੋਂ ਬਿਨਾਂ ਚੀਜ਼ਾਂ ਨੂੰ ਦੇਖਦੇ ਹਨ ਤਾਂ ਉਹ ਸਹਿਮਤ ਹੋਣ ਲੱਗਦੇ ਹਨ। ਇਹ ਬਿਲਕੁਲ ਗਲਤ ਹੈ।’’

ਸੰਦੀਪ ਨੇ ਅੱਗੇ ਕਿਹਾ ਸੀ ਕਿ ਕਿਰਨ ਰਾਓ ਨੂੰ ਆਮਿਰ ਖ਼ਾਨ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਗੀਤ ‘ਖੰਬੇ ਜੈਸੀ ਖੜ੍ਹੀ ਹੈ, ਲੜਕੀ ਹੈ ਯਾ ਛੜੀ ਹੈ’ ’ਚ ਕੀ ਕਰ ਰਹੇ ਸਨ। ਉਸ ਨੇ ਕਿਹਾ, ‘‘ਜੇਕਰ ਤੁਹਾਨੂੰ ‘ਦਿਲ’ ਯਾਦ ਹੈ ਤਾਂ ਉਹ (ਆਮਿਰ) ਅਜਿਹੀ ਸਥਿਤੀ ਪੈਦਾ ਕਰਦੇ ਹਨ, ਜੋ ਜਬਰ-ਜ਼ਿਨਾਹ ਦੀ ਕੋਸ਼ਿਸ਼ ਵਰਗਾ ਹੈ ਤੇ ਇਸ ਰਾਹੀਂ ਉਸ (ਮਾਧੁਰੀ ਦੇ ਕਿਰਦਾਰ) ਨੂੰ ਅਹਿਸਾਸ ਹੁੰਦਾ ਹੈ ਕਿ ਉਹ ਗਲਤ ਹੈ। ਆਖਿਰਕਾਰ ਉਸ ਨੂੰ ਪਿਆਰ ਹੋ ਜਾਂਦਾ ਹੈ। ਇਹ ਸਭ ਕੀ ਹੈ?’’

ਕਿਰਨ ਨੇ ਆਮਿਰ ਦਾ ਬਚਾਅ ਕੀਤਾ, ਸੰਦੀਪ ਨੂੰ ਦਿੱਤਾ ਜਵਾਬ
ਹੁਣ ਕਿਰਨ ਰਾਓ ਨੇ ‘ਦਿ ਕੁਇੰਟ’ ਨੂੰ ਦਿੱਤੇ ਇੰਟਰਵਿਊ ’ਚ ਸੰਦੀਪ ਦੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਆਮਿਰ ਦਾ ਬਚਾਅ ਵੀ ਕੀਤਾ। ਉਸ ਨੇ ਕਿਹਾ, ‘‘ਮੈਂ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਮੈਂ ਉਨ੍ਹਾਂ ਨੂੰ ਦੇਖਿਆ ਨਹੀਂ ਹੈ। ਮੈਂ ਕਈ ਵਾਰ ਤੇ ਕਈ ਥਾਵਾਂ ’ਤੇ ਦੁਰਵਿਹਾਰ ਤੇ ਪਰਦੇ ’ਤੇ ਔਰਤਾਂ ਦੀ ਨੁਮਾਇੰਦਗੀ ਬਾਰੇ ਗੱਲ ਕੀਤੀ ਹੈ ਪਰ ਮੈਂ ਕਦੇ ਕਿਸੇ ਫ਼ਿਲਮ ਦਾ ਨਾਂ ਨਹੀਂ ਲਿਆ। ਤੁਹਾਨੂੰ ਵਾਂਗਾ ਰੈੱਡੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਉਂ ਸੋਚਿਆ ਕਿ ਮੈਂ ਉਨ੍ਹਾਂ ਦੀ ਫ਼ਿਲਮ ਬਾਰੇ ਗੱਲ ਕਰ ਰਹੀ ਹਾਂ।’’

ਕਿਰਨ ਨੇ ਆਮਿਰ ਖ਼ਾਨ ਦੀ ਇਸ ਗੱਲ ਲਈ ਤਾਰੀਫ਼ ਕੀਤੀ ਕਿ ਉਹ ‘ਖੰਬੇ ਜੈਸੀ ਖੜ੍ਹੀ ਹੈ’ ਗੀਤ ਲਈ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ। ਕਿਰਨ ਨੇ ਦੱਸਿਆ, ‘‘ਸਤਿਆਮੇਵ ਜਯਤੇ ਸੀਜ਼ਨ 3 ਦੇ ਇਕ ਐਪੀਸੋਡ ’ਚ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਆਪਣੇ ਪੁਰਾਣੇ ਕੰਮ ਦੀ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗ ਲਈ ਹੈ। ਉਹ ਉਨ੍ਹਾਂ ਲੋਕਾਂ ’ਚੋਂ ਇਕ ਹਨ, ਜਿਨ੍ਹਾਂ ਨੇ ਇਕ ਸਿਰਜਣਹਾਰ ਦੇ ਰੂਪ ’ਚ ਤੇ ਇਕ ਵਿਸ਼ਾਲ ਸਰੋਤਿਆਂ ਨਾਲ ਗੱਲ ਕਰਨ ਵਾਲੇ ਵਿਅਕਤੀ ਦੇ ਰੂਪ ’ਚ ਦੋਵੇਂ ਕਦਮ ਚੁੱਕੇ ਤੇ ਜ਼ਿੰਮੇਵਾਰੀ ਲਈ ਹੈ। ਇਹ ਸੱਚਮੁੱਚ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਜੇਕਰ ਵਾਂਗਾ ਆਮਿਰ ਖ਼ਾਨ ਦੇ ਕੰਮ ਦੀ ਗੱਲ ਕਰ ਰਹੇ ਹਨ ਤਾਂ ਮੈਂ ਨਾ ਤਾਂ ਆਮਿਰ ਖ਼ਾਨ ਲਈ ਜ਼ਿੰਮੇਵਾਰ ਹਾਂ ਤੇ ਨਾ ਹੀ ਉਨ੍ਹਾਂ ਵਲੋਂ ਕੀਤੇ ਗਏ ਕਿਸੇ ਕੰਮ ਲਈ। ਬਿਹਤਰ ਹੋਵੇਗਾ ਜੇਕਰ ਉਹ ਉਨ੍ਹਾਂ ਨਾਲ ਸਿੱਧੀ ਮਰਦਾਂ ਵਾਂਗ (ਮੈਨ ਟੂ ਮੈਨ) ਗੱਲ ਕਰੇ।’’

ਕਿਰਨ ਦੇ ਬਿਆਨ ’ਤੇ ‘ਐਨੀਮਲ’ ਟੀਮ ਦਾ ਫਿਰ ਤੋਂ ਜਵਾਬ
ਕਿਰਨ ਦੀ ਟਿੱਪਣੀ ਦਾ ਜਵਾਬ ਫ਼ਿਲਮ ‘ਐਨੀਮਲ’ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਵੀ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕਰਦਿਆਂ ਫ਼ਿਲਮ ਦੀ ਟੀਮ ਨੇ ਨਿਊਜ਼ ਰਿਪੋਰਟ ਦਾ ਲਿੰਕ ਸਾਂਝਾ ਕੀਤਾ, ਜਿਸ ’ਚ ਦੱਸਿਆ ਗਿਆ ਹੈ ਕਿ ਕਿਰਨ ਨੇ ‘ਕਬੀਰ ਸਿੰਘ’ ਦਾ ਨਾਂ ਲਿਆ ਹੈ। ਫ਼ਿਲਮ ਦੀ ਟੀਮ ਨੇ ਪੋਸਟ ’ਚ ਲਿਖਿਆ, ‘‘ਮਿਸ ਕਿਰਨ ਰਾਓ... ਅਸੀਂ ਜਾਂ ਸਾਡੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ, ਕੁਝ ਵੀ ਅੰਦਾਜ਼ਾ ਨਹੀਂ ਲਗਾ ਰਹੇ ਹਾਂ। ਇਹ ਉਹ ਤੱਥ ਹੈ, ਜਿਸ ਦੀ ਰਿਪੋਰਟ ਵੱਡੇ ਮੀਡੀਆ ਚੈਨਲਾਂ ਨੇ ਕੀਤੀ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News