ਕੈਟਰੀਨਾ ਨੇ ਵਿਆਹ ''ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ ''ਚ
Friday, Dec 10, 2021 - 04:46 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਹੁਣ ਮਿਸਿਜ਼ ਕੌਸ਼ਲ ਬਣ ਗਈ ਹੈ। ਉਸ ਨੇ ਆਪਣੇ ਵਿਆਹ ਲਈ ਡਿਜ਼ਾਈਨਰ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਸੀ। ਹਾਲ ਹੀ 'ਚ ਡਿਜ਼ਾਈਨਰ ਨੇ ਕੈਟਰੀਨਾ ਕੈਫ ਦੇ ਲਹਿੰਗੇ ਦੀ ਡਿਟੇਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਕੈਟਰੀਨਾ ਦੇ ਲਹਿੰਗੇ 'ਚ ਕੁਝ ਖ਼ਾਸ ਅਤੇ ਵੱਖਰਾ ਨਹੀਂ ਸੀ ਪਰ ਯੂਜ਼ਰਸ ਨੇ ਮਸਾਬਾ ਗੁਪਤਾ ਦਾ ਇੱਕ ਪੁਰਾਣਾ ਫੋਟੋਸ਼ੂਟ ਜ਼ਰੂਰ ਦੇਖਿਆ।
ਸਬਿਆਸਾਚੀ ਨੇ ਸਾਂਝੀ ਕੀਤੀ ਕੈਟਰੀਨਾ ਦੇ ਲਹਿੰਗਾ ਦੀ ਡਿਟੇਲ
ਫੋਟੋਸ਼ੂਟ 'ਚ ਮਸਾਬਾ ਗੁਪਤਾ ਨੇ ਜੋ ਗਹਿਣੇ ਪਹਿਨੇ ਹਨ, ਉਹ ਕੈਟਰੀਨਾ ਨੇ ਵਿਆਹ ਵਾਲੇ ਦਿਨ ਪਹਿਨੇ ਹਨ। ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਗਏ ਇਹ ਗਹਿਣੇ ਹੀਰੇ ਦੇ ਹਨ ਅਤੇ 22 ਕੈਰਟ ਸੋਨੇ ਦੇ। ਕੈਟਰੀਨਾ ਅਤੇ ਮਸਾਬਾ ਗੁਪਤਾ ਦਾ ਪੂਰਾ ਲੁੱਕ ਇੱਕੋ ਜਿਹਾ ਲੱਗ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਾਦੇ ਲਾਲ ਰੰਗ ਦੀਆਂ ਚੂੜੀਆਂ ਅਤੇ ਸੁਨਹਿਰੀ ਕਲੀਰੇ ਪਾਏ ਸਨ। ਇਸ ਦੇ ਨਾਲ ਹੀ ਸਬਿਆਸਾਚੀ ਨੇ ਵਿੱਕੀ ਕੌਸ਼ਲ ਦੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਹੈ। ਵਿੱਕੀ ਕੌਸ਼ਲ ਦੀ ਸ਼ੇਰਵਾਨੀ 'ਤੇ ਆਫ਼ ਵਾਈਟ ਕਲਰ ਦੀ ਸੀ, ਜਿਸ 'ਤੇ ਗੋਲਡਨ ਜ਼ਰੀ ਦਾ ਵਰਕ ਕੀਤਾ ਗਿਆ। ਸ਼ੇਰਵਾਨੀ ਦੇ ਬਟਨ ਗੋਲਡ ਪਲੇਟਿਡ ਹਨ।
ਮਸਾਬਾ ਗੁਪਤਾ ਨੇ ਇਸੇ ਸਾਲ ਕਰਵਾਇਆ ਸੀ ਫੋਟੋਸ਼ੂਟ
ਜੁਲਾਈ 2021 'ਚ ਮਸਾਬਾ ਗੁਪਤਾ ਨੇ ਸਬਿਆਸਾਚੀ ਲਈ ਇੱਕ ਫੋਟੋਸ਼ੂਟ ਕਰਵਾਇਆ ਸੀ। ਡਿਜ਼ਾਈਨਰ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਸਬਿਆਸਾਚੀ ਨੇ ਕਈ ਅਭਿਨੇਤਰੀਆਂ ਨੂੰ ਆਪਣੇ ਖਾਸ ਦਿਨ ਲਈ ਤਿਆਰ ਕੀਤਾ ਹੈ। ਦੀਪਿਕਾ ਪਾਦੂਕੋਣ ਤੋਂ ਲੈ ਕੇ ਪ੍ਰਿਯੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਪਾਤਰਾਲੇਖਾ, ਵਿਦਿਆ ਬਾਲਨ, ਸੋਹਾ ਅਲੀ ਖ਼ਾਨ ਤੱਕ ਬਹੁਤ ਸਾਰੀਆਂ ਮਹਿਲਾ ਅਭਿਨੇਤਰੀਆਂ ਨੇ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ।
ਸਿਰਫ ਬਾਲੀਵੁੱਡ ਅਭਿਨੇਤਰੀਆਂ ਹੀ ਨਹੀਂ ਹਰ ਦੁਲਹਨ ਦਾ ਸੁਫਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਹਿਨੇ। ਉਸ ਵੱਲੋਂ ਡਿਜ਼ਾਈਨ ਕੀਤੇ ਪਹਿਰਾਵੇ ਦਾ ਕ੍ਰੇਜ਼ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਆਮ ਦੇਖਿਆ ਜਾਂਦਾ ਹੈ। ਖੂਬਸੂਰਤ ਲਹਿੰਗੇ ਤੋਂ ਇਲਾਵਾ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੇ ਗਹਿਣੇ ਵੀ ਕਾਫੀ ਸ਼ਾਨਦਾਰ ਲੱਗਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।