NSUI ਦੇ ਪੰਜਾਬ ਪ੍ਰਧਾਨ ਨਾਲ ਵਿਵਾਦ ’ਤੇ ਬੋਲੇ ਕਰਤਾਰ ਚੀਮਾ, ਦੱਸਿਆ ਕੀ ਹੈ ਮਾਮਲਾ
Tuesday, May 31, 2022 - 11:54 AM (IST)
ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਅਦਾਕਾਰ ਕਰਤਾਰ ਚੀਮਾ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਉਸ ਨੂੰ ਥਾਣੇ ਲਿਜਾਂਦੇ ਦੇਖਿਆ ਜਾ ਸਕਦਾ ਹੈ। ਕਰਤਾਰ ਚੀਮਾ ’ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਪੈਸੇ ਨਾ ਮੋੜਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਵਲੋਂ ਇਕ ਆਡੀਓ ਵੀ ਵਾਇਰਲ ਕੀਤੀ ਗਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਰਤਾਰ ਚੀਮਾ ਨੇ ਅਕਸ਼ੇ ਸ਼ਰਮਾ ਨੂੰ ਗੈਂਗਸਟਰ ਗੋਲਡੀ ਬਰਾੜ ਕੋਲੋਂ ਧਮਕੀਆਂ ਦਿਵਾਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’
ਇਸ ਪੂਰੇ ਮਾਮਲੇ ’ਤੇ ਅੱਜ ਕਰਤਾਰ ਚੀਮਾ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਪੂਰਾ ਮਾਮਲਾ ਦੱਸਿਆ ਹੈ। ਕਰਤਾਰ ਚੀਮਾ ਨੇ ਕਿਹਾ, ‘‘ਮੇਰਾ ਪੂਰਾ ਰਿਕਾਰਡ ਚੈੱਕ ਕਰਵਾਇਆ ਜਾਵੇ, ਮੈਂ ਕਦੇ ਕਿਸੇ ਕੇਸ ’ਚ ਸ਼ਾਮਲ ਨਹੀਂ ਰਿਹਾ ਤੇ ਧਮਕੀਆਂ ਦਿਵਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਪੁਲਸ ਮੈਨੂੰ ਕੱਲ ਘਟਨਾ ਸਥਾਨ ਤੋਂ ਬਚਾ ਕੇ ਥਾਣੇ ਲੈ ਕੇ ਜਾ ਰਹੀ ਸੀ ਪਰ ਮੀਡੀਆ ਨੇ ਕਿਹਾ ਕਿ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਗਲਤ ਹੈ।’’
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਪਹਿਲਾਂ ਬਿਨਾਂ ਡਰੇ ਸ਼ੇਰ ਵਾਂਗ ਲੜਿਆ ਸਿੱਧੂ ਮੂਸੇ ਵਾਲਾ, ਗੱਡੀ ’ਚ ਸਵਾਰ ਸਾਥੀਆਂ ਨੇ ਕੀਤੇ ਵੱਡੇ ਖ਼ੁਲਾਸੇ
ਕਰਤਾਰ ਨੇ ਅੱਗੇ ਕਿਹਾ, ‘‘ਜੋ ਉਨ੍ਹਾਂ ਨੇ ਰਿਕਾਰਡਿੰਗ ਸੁਣਾਈ ਹੈ, ਉਹ ਇਕ ਸਾਲ ਪੁਰਾਣੀ ਹੈ ਤੇ ਉਸ ’ਚ ਮੇਰਾ ਨਾਂ ਵੀ ਨਹੀਂ ਲਿਆ ਜਾ ਰਿਹਾ। ਕੱਲ ਸਿੱਧੂ ਨਾਲ ਹਾਦਸਾ ਹੁੰਦਾ ਤੇ ਅੱਜ ਉਹ ਵੀਡੀਓ ਵਾਇਰਲ ਕਰ ਰਹੇ ਹਨ, ਇਹ ਸਿਰਫ ਪਬਲੀਸਿਟੀ ਸਟੰਟ ਹੈ। ਜੇ ਪੈਸਿਆਂ ਦਾ ਮਾਮਲਾ ਹੁੰਦਾ ਤਾਂ ਕੋਰਟ ਕੇਸ ਕਿਉਂ ਨਹੀਂ ਕੀਤਾ। ‘ਸਿਕੰਦਰ’ ਫ਼ਿਲਮ ਨੂੰ ਰਿਲੀਜ਼ ਹੋਇਆਂ 3 ਸਾਲ ਹੋ ਗਏ, ਹੁਣ ਕਿਉਂ ਇਹ ਸਭ ਕੀਤਾ ਜਾ ਰਿਹਾ ਹੈ। ਜੇ ਮੈਂ ਧਮਕੀ ਦਿਵਾਈ ਹੁੰਦੀ ਤਾਂ ਧਮਕੀ ਤੋਂ ਬਾਅਦ ਉਹ ਇਸ ਤਰ੍ਹਾਂ ਮੈਨੂੰ ਘੇਰਦੇ।’’
ਕਰਤਾਰ ਚੀਮਾ ਨੇ ਅਖੀਰ ’ਚ ਕਿਹਾ, ‘‘ਉਸ ਨੇ ਸੁਰੱਖਿਆ ਲੈਣ ਤੋਂ ਪਹਿਲਾਂ ਤਰਨਤਾਰਨ ’ਚ ਆਪਣੀ ਗੱਡੀ ’ਤੇ ਗੋਲੀਆਂ ਮਰਵਾਈਆਂ। ਇੰਨੇ ਨਿਰਦਈ ਕਿਵੇਂ ਹੋ ਸਕਦੇ ਹੋ ਕਿ ਆਪਣੇ ਫਾਇਦੇ ਲਈ ਕਿਸੇ ਦਾ ਕਰੀਅਰ ਤੇ ਘਰ-ਪਰਿਵਾਰ ਬਰਬਾਦ ਕਰ ਦਿੰਦੇ ਹੋ।’’
ਨੋਟ– ਕਰਤਾਰ ਚੀਮਾ ਦੇ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।