ਭਾਰਤੀ ਸਿੰਘ ਦਾ ਮਖੌਲ ਬਣਾਉਣ ਵਾਲਿਆਂ ’ਤੇ ਫੁੱਟਿਆ ਇਸ ਮਸ਼ਹੂਰ ਟੀ. ਵੀ. ਅਦਾਕਾਰ ਦਾ ਗੁੱਸਾ

Tuesday, Nov 24, 2020 - 01:27 PM (IST)

ਭਾਰਤੀ ਸਿੰਘ ਦਾ ਮਖੌਲ ਬਣਾਉਣ ਵਾਲਿਆਂ ’ਤੇ ਫੁੱਟਿਆ ਇਸ ਮਸ਼ਹੂਰ ਟੀ. ਵੀ. ਅਦਾਕਾਰ ਦਾ ਗੁੱਸਾ

ਜਲੰਧਰ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗ ਮਾਮਲੇ ’ਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਐੱਨ. ਸੀ. ਬੀ. ਨੂੰ ਭਾਰਤੀ ਸਿੰਘ ਦੇ ਘਰੋਂ ਛਾਪੇਮਾਰੀ ਦੌਰਾਨ 86.5 ਗ੍ਰਾਮ ਗਾਂਜਾ ਮਿਲਿਆ ਸੀ। ਭਾਰਤੀ ਸਿੰਘ ਦੀ ਗ੍ਰਿਫਤਾਰੀ ’ਤੇ ਸੋਸ਼ਲ ਮੀਡੀਆ ’ਤੇ ਕਈ ਮੀਮਜ਼ ਵਾਇਰਲ ਹੋ ਰਹੇ ਹਨ। ਇਸ ’ਤੇ ਮਸ਼ਹੂਰ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ਦਾ ਗੁੱਸਾ ਫੁੱਟਿਆ ਹੈ।

ਭਾਰਤੀ ਸਿੰਘ ਦੀ ਗ੍ਰਿਫਤਾਰੀ ’ਤੇ ਵਾਇਰਲ ਹੋ ਰਹੇ ਮੀਮਜ਼ ਨੂੰ ਲੈ ਕੇ ਕਰਨਵੀਰ ਬੋਹਰਾ ਨੇ ਟਵੀਟ ਕੀਤਾ, ‘ਐੱਨ. ਸੀ. ਬੀ. ਨੂੰ ਉਨ੍ਹਾਂ ਦਾ ਕੰਮ ਕਰਨ ਦਿਓ ਤੇ ਕੁਝ ਸ਼ਰਮ ਕਰੋ। ਕਿਸੇ ਦੇ ਹੁਨਰ ਬਾਰੇ ਅਜਿਹੀਆਂ ਗੱਲਾਂ ਨਾ ਕਰੋ। ਉਹ ਇਥੋਂ ਤਕ ਆਪਣੀ ਸਖਤ ਮਿਹਨਤ, ਹੁਨਰ ਤੇ ਭਗਵਾਨ ਦੇ ਆਸ਼ੀਰਵਾਦ ਨਾਲ ਪਹੁੰਚੀ ਹੈ।’ ਕਰਨਵੀਰ ਬੋਹਰਾ ਨੇ ਟਵੀਟ ਦੇ ਨਾਲ ਹੀ ਇਕ ਮੀਮ ਵੀ ਸ਼ੇਅਰ ਕੀਤਾ ਹੈ। ਕਰਨਵੀਰ ਬੋਹਰਾ ਦੇ ਇਸ ਟਵੀਟ ’ਤੇ ਲੋਕ ਖੂਬ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਅਸਲ ’ਚ ਸ਼ਨੀਵਾਰ ਨੂੰ ਐੱਨ. ਸੀ. ਬੀ. ਨੇ ਡਰੱਗਸ ਪੈਡਲਰਜ਼ ਤੋਂ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਸਿੰਘ ਦੇ ਅੰਧੇਰੀ, ਲੋਖੰਡਵਾਲਾ ਤੇ ਵਰਸੋਵਾ ਸਥਿਤ ਘਰਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਏਜੰਸੀ ਨੂੰ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਏਜੰਸੀ ਨੇ ਭਾਰਤੀ ਤੇ ਹਰਸ਼ ਦੋਵਾਂ ਨੂੰ ਦੁਪਹਿਰ ਕਰੀਬ 3 ਵਜੇ ਹਿਰਾਸਤ ’ਚ ਲੈ ਲਿਆ ਸੀ।

ਲਗਭਗ 3 ਘੰਟਿਆਂ ਬਾਅਦ ਐੱਨ. ਸੀ. ਬੀ. ਨੇ ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਸੀ, ਜਦਕਿ ਹਰਸ਼ ਦੀ ਗ੍ਰਿਫਤਾਰੀ ਦੀ ਪੁਸ਼ਟੀ ਐੱਨ. ਸੀ. ਬੀ. ਨੇ ਐਤਵਾਰ ਤੜਕੇ ਕੀਤੀ ਸੀ। ਏਜੰਸੀ ਮੁਤਾਬਕ ਇਨ੍ਹਾਂ ਦੋਵਾਂ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 27 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।


author

Rahul Singh

Content Editor

Related News