ਸਲਮਾਨ ਖ਼ਾਨ ਹੀ ਨਹੀਂ, ਲਾਰੈਂਸ ਬਿਸ਼ਨੋਈ ਦੀ ਹਿੱਟ ਲਿਸਟ ’ਚ ਹੈ ਇਹ ਮਸ਼ਹੂਰ ਪ੍ਰੋਡਿਊਸਰ
Saturday, Jun 18, 2022 - 05:36 PM (IST)
![ਸਲਮਾਨ ਖ਼ਾਨ ਹੀ ਨਹੀਂ, ਲਾਰੈਂਸ ਬਿਸ਼ਨੋਈ ਦੀ ਹਿੱਟ ਲਿਸਟ ’ਚ ਹੈ ਇਹ ਮਸ਼ਹੂਰ ਪ੍ਰੋਡਿਊਸਰ](https://static.jagbani.com/multimedia/2022_6image_17_35_415570367sal1.jpg)
ਮੁੰਬਈ- ਬਾਲੀਵੁੱਡ ਦੇ ਭਾਈਜਾਨ ਭਾਵ ਸੁਪਰਸਟਾਰ ਸਲਮਾਨ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਇਕ ਵੱਡਾ ਖੁਲਾਸਾ ਹੋਇਆ। ਜਾਂਚ ਦੌਰਾਨ ਸਿੱਧੂ ਮੂਸੇਵਾਲਾ ਅਤੇ ਮਕੋਕਾ ਮਾਮਲੇ 'ਚ ਫੜੇ ਗਏ ਦੋਸ਼ੀ ਸੌਰਵ ਕਾਂਬਲੇ ਉਰਫ ਮਹਾਕਾਲ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਸਿਰਫ ਸਲਮਾਨ ਖ਼ਾਨ ਹੀ ਨਹੀਂ ਸਗੋਂ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਵੀ ਸਨ।
ਸਲਮਾਨ ਖਾਨ ਨੂੰ ਮਿਲੀ ਧਮਕੀ ਕੇਸ 'ਚ ਪੁਣੇ ਪੁਲਸ ਵਲੋਂ ਪੁੱਛਗਿੱਛ ਦੌਰਾਨ ਸੌਰਵ ਉਰਫ ਮਹਾਕਾਲ ਦੇ ਦਿੱਤੇ ਬਿਆਨ ਦੇ ਮੁਤਾਬਕ ਬਿਸ਼ਨੋਈ ਗੈਂਗ ਦੀ ਬਾਲੀਵੁੱਡ ਨੂੰ ਲੈ ਕੇ ਤਿਆਰ ਕੀਤੀ ਗਈ ਹਿੱਟ ਲਿਸਟ 'ਚ ਸਲਮਾਨ ਖਾਨ ਤੋਂ ਇਲਾਵਾ ਫਿਲਮੇਮਕਰ ਕਰਨ ਜੌਹਰ ਦਾ ਨਾਂ ਵੀ ਹੈ। ਪੁਣੇ ਪੁਲਸ ਨੂੰ ਦਿੱਤੇ ਬਿਆਨ 'ਚ ਸੌਰਵ ਦੇ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਕਰਨ ਜੌਹਰ ਮੁੱਖ ਤੌਰ 'ਤੇ ਜ਼ਿੰਮੇਵਾਰ ਸਨ। ਇਹੀਂ ਕਾਰਨ ਹੈ ਉਹ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ 'ਚ ਵੀ ਸ਼ਾਮਲ ਸਨ। ਇਸ ਕਾਰਨ ਕਰਕੇ ਬਿਸ਼ਨੋਈ ਗੈਂਗ ਫਿਲਮਮੇਕਰ ਕਰਨ ਜੌਹਰ ਨੂੰ ਧਮਕੀ ਦੇ ਕੇ 5 ਕਰੋੜ ਦੀ ਰੰਗਦਾਰੀ ਵਸੂਲਣ ਦੀ ਤਿਆਰੀ 'ਚ ਸੀ।
ਪੁੱਛਗਿੱਛ 'ਚ ਸੌਰਵ ਨੇ ਇਹ ਵੀ ਦੱਸਿਆ ਕਿ ਉਹ ਸਿਰਗਲ ਐਪ ਦੇ ਰਾਹੀਂ ਵਿਕਰਮ ਬਰਾੜ ਨਾਲ ਕਨੈਕਟਿਡ ਸਨ ਅਤੇ ਸਿਰਫ ਵਿਕਰਮ ਬਰਾੜ ਦੇ ਲਈ ਹੀ ਕੰਮ ਕਰਦਾ ਸੀ। ਅਜਿਹੇ 'ਚ ਬਿਸ਼ਨੋਈ ਗੈਂਗ ਦੇ ਕਈ ਮੂਵਮੈਂਟ ਅਤੇ ਟਾਰਗੇਟ ਦੀ ਜਾਣਕਾਰੀ ਉਸ ਨੂੰ ਹੁੰਦੀ ਸੀ। ਫਿਲਹਾਲ ਪੁਣੇ ਪੁਲਸ ਮਹਾਕਾਲ ਦੇ ਦਿੱਤੇ ਗਏ ਬਿਆਨ ਦੀ ਸੱਚਾਈ ਖੰਗਾਲਣ 'ਚ ਜੁੱਟੀ ਹੈ। ਦੱਸ ਦੇਈਏ ਕਿ ਪੁਣੇ ਪੁਲਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਅਤੇ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਕੁਝ ਦਿਨ ਪਹਿਲਾਂ ਸੌਰਵ ਮਹਾਕਾਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਮਹਾਕਾਲ ਸ਼ੂਟਰ ਸੰਤੋਸ਼ ਜਾਧਵਨ ਦਾ ਦੋਸਤ ਹੈ।