ਕੈਨੇਡਾ 'ਚ ਫਾਇਰਿੰਗ ਤੋਂ ਬਾਅਦ ਇਸ ਦੇਸ਼ 'ਚ ਵੀ ਖੁੱਲ੍ਹਿਆ ਕਪਿਲ ਸ਼ਰਮਾ ਦਾ 'ਕੈਪਸ ਕੈਫੇ', ਦਿਖਾਈ ਝਲਕ
Friday, Jan 02, 2026 - 04:53 PM (IST)
ਮੁੰਬਈ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਨਵੇਂ ਸਾਲ 2026 ਦਾ ਆਗਾਜ਼ ਆਪਣੇ ਕਾਰੋਬਾਰੀ ਸਫ਼ਰ ਵਿੱਚ ਇੱਕ ਵੱਡੀ ਪੁਲਾਂਘ ਪੁੱਟ ਕੇ ਕੀਤਾ ਹੈ। ਕੈਨੇਡਾ ਵਿੱਚ ਆਪਣੇ ਕੈਫੇ 'ਤੇ ਹੋਏ ਲਗਾਤਾਰ ਹਮਲਿਆਂ ਤੋਂ ਬਾਅਦ ਕਪਿਲ ਨੇ ਹੁਣ ਦੁਬਈ ਵਿੱਚ ਆਪਣੇ ਮਸ਼ਹੂਰ 'ਕੈਪਸ ਕੈਫੇ' ਦੀ ਨਵੀਂ ਬ੍ਰਾਂਚ ਖੋਲ੍ਹ ਦਿੱਤੀ ਹੈ।
ਕੈਨੇਡਾ 'ਚ ਹੋਈਆਂ ਸਨ ਫਾਇਰਿੰਗ ਦੀਆਂ ਘਟਨਾਵਾਂ
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਕੈਨੇਡਾ ਸਥਿਤ ਕੈਫੇ ਪਿਛਲੇ ਸਾਲ ਕਾਫ਼ੀ ਸੁਰਖੀਆਂ ਵਿੱਚ ਰਿਹਾ ਸੀ। ਸਾਲ 2025 ਵਿੱਚ ਜੁਲਾਈ, ਅਗਸਤ (25 ਰਾਊਂਡ ਫਾਇਰਿੰਗ) ਅਤੇ ਫਿਰ ਅਕਤੂਬਰ ਵਿੱਚ ਤਿੰਨ ਵਾਰ ਉੱਥੇ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ, ਜਿਨ੍ਹਾਂ ਦਾ ਦਾਅਵਾ ਸੀ ਕਿ ਕਪਿਲ ਨੇ ਸਲਮਾਨ ਖਾਨ ਨਾਲ ਕੰਮ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸੁਰੱਖਿਆ ਦੇ ਮੱਦੇਨਜ਼ਰ ਦੁਬਈ ਦੀ ਚੋਣ
ਲਗਾਤਾਰ ਹਮਲਿਆਂ ਅਤੇ ਨੁਕਸਾਨ ਤੋਂ ਬਾਅਦ ਕਪਿਲ ਨੇ ਸੁਰੱਖਿਆ ਦੇ ਲਿਹਾਜ਼ ਨਾਲ ਦੁਬਈ ਨੂੰ ਚੁਣਿਆ ਹੈ। ਮੰਨਿਆ ਜਾਂਦਾ ਹੈ ਕਿ ਦੁਬਈ ਸਿਤਾਰਿਆਂ ਲਈ ਕਾਫ਼ੀ ਸੁਰੱਖਿਅਤ ਹੈ। ਕਪਿਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਨਵੇਂ ਕੈਫੇ ਦੀ ਝਲਕ ਦਿਖਾਈ ਅਤੇ ਪ੍ਰਸ਼ੰਸਕਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਕੀਕੂ ਸ਼ਾਰਦਾ ਅਤੇ ਭਾਰਤੀ ਸਿੰਘ ਨੇ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਵਰਕ ਫਰੰਟ: ਫਿਲਮ 'ਕਿਸ ਕਿਸਕੋ ਪਿਆਰ ਕਰੂੰ 2' ਦੀ ਵਾਪਸੀ
ਕਾਰੋਬਾਰ ਦੇ ਨਾਲ-ਨਾਲ ਕਪਿਲ ਦਾ ਸ਼ੋਅ 'ਦ ਗ੍ਰੇਟ ਕਪਿਲ ਸ਼ਰਮਾ ਸ਼ੋਅ' ਨੈੱਟਫਲਿਕਸ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਦੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ 2' ਜੋ 'ਧੁਰੰਧਰ' ਦੀ ਹਨੇਰੀ ਕਾਰਨ ਬਾਕਸ ਆਫਿਸ 'ਤੇ ਰੁਕ ਗਈ ਸੀ, ਹੁਣ 9 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਰੀ-ਰੀਲੀਜ਼ ਕੀਤੀ ਜਾਵੇਗੀ।
