ਕਪਿਲ ਸ਼ਰਮਾ ਨੇ ਕਾਲਜ ਦੇ ਦਿਨਾਂ ਨੂੰ ਕੀਤਾ ਯਾਦ, ਕਿਹਾ, ''ਭਾਵੇਂ ਜੇਬਾਂ ਖਾਲੀ ਸਨ ਪਰ ਚਿਹਰੇ ''ਤੇ ਹਮੇਸ਼ਾ ਮੁਸਕਾਨ ਸੀ''
Wednesday, May 12, 2021 - 05:41 PM (IST)
ਚੰਡੀਗੜ੍ਹ (ਬਿਊਰੋ) - ਕਾਮੇਡੀ ਕਿੰਗ ਕਪਿਲ ਸ਼ਰਮਾ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵੀਂ ਪੋਸਟ ਸਾਂਝੀ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 25 ਮਾਰਚ ਤੋਂ ਬਾਅਦ ਅੱਜ ਯਾਨੀਕਿ 12 ਮਈ ਨੂੰ ਉਨ੍ਹਾਂ ਨੇ ਕੋਈ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਕਾਲਜ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।
ਇਸ ਤਸਵੀਰ 'ਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੈ। 23 ਸਾਲ ਪੁਰਾਣੀ ਤਸਵੀਰ ਨੂੰ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਮੈਨੂੰ ਆਪਣੀ 23 ਸਾਲ ਪੁਰਾਣੀ ਤਸਵੀਰ ਲੱਭੀ। ਇਹ ਉਸ ਸਮੇਂ ਦੀ ਹੈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ 'ਚ ਸਾਡੇ ਨਾਟਕ #ਅਜ਼ਾਦੀ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਿਆ ਸੀ। ਮੈਂ ਆਪਣੇ ਸਾਥੀਆਂ ਨਾਲ ਤਸਵੀਰ ਖਿੱਚਵਾਣੀ ਸੀ ਤਾਂ ਕਰਕੇ ਮੈਂ ਜਲਦੀ-ਜਲਦੀ ਆਪਣੀ ਦਾੜ੍ਹੀ ਉਤਾਰੀ। ਉਸ ਸਮੇਂ ਤਸਵੀਰ ਕਲਿੱਕ ਕਰਵਾਉਣੀ ਬਹੁਤ ਲਗਜ਼ਰੀ ਚੀਜ਼ ਸੀ। ਮੈਂ ਧਿਆਨ ਨਹੀਂ ਦਿੱਤਾ ਕਿ ਗਮ (ਗੋਂਦ) ਮੇਰੇ ਚਿਹਰੇ 'ਤੇ ਲੱਗੀ ਰਹਿ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਮਿਸ ਕਰਦਾਂ ਹਾਂ, ਜੇਬਾਂ ਹਮੇਸ਼ਾ ਖਾਲੀ ਹੁੰਦੀਆਂ ਸੀ ਪਰ ਚਿਹਰੇ 'ਤੇ ਸਦਾ ਮੁਸਕਾਨ ਰਹਿੰਦੀ ਸੀ। ਬਸ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਤੇ ਸੁਰੱਖਿਅਤ ਹੋ।'
ਦੱਸ ਦਈਏ ਕਿ ਕਪਿਲ ਸ਼ਰਮਾ ਦੀ ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕੁਝ ਹੀ ਸਮੇਂ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਮੈਸੇਜ਼ ਆ ਗਏ ਹਨ। ਇਸ ਸਾਲ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਤੋਂ ਪਹਿਲਾ ਉਹ ਇੱਕ ਬੇਟੀ ਦੇ ਪਿਤਾ ਹਨ।
ਦੱਸਣਯੋਗ ਹੈ ਕਿ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਹੁਣ ਭਾਵੇਂ ਪ੍ਰਸਾਰਿਤ ਨਹੀਂ ਹੋ ਰਿਹਾ ਹੈ ਪਰ ਇਸ ਸ਼ੋਅ ਦੇ ਪ੍ਰਸ਼ੰਸਕ ਤੇ ਲੋਕ ਇੰਟਰਨੈੱਟ 'ਤੇ ਪੁਰਾਣੇ ਸ਼ੋਅ ਦੇਖ ਕੇ ਆਪਣਾ ਮਨੋਰੰਜਨ ਕਰ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਦੇ ਸ਼ੋਅ ਦੀ ਇਕ ਕਲਿੱਪ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕਪਿਲ ਸੋਨੂੰ ਸੂਦ ਬਾਰੇ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਇਸ ਅਦਾਕਾਰ ਨੇ ਮੈਨੂੰ ਭਾਰ ਘਟਾਉਣ ਲਈ ਪ੍ਰੇਰਿਤ ਕੀਤਾ ਸੀ। ਕਪਿਲ ਨੇ ਗੱਲਬਾਤ 'ਚ ਦੱਸਿਆ, 'ਦੋ ਕਿਸਮਾਂ ਦੇ ਲੋਕ ਤਾਲਾਬੰਦੀ 'ਚ ਬਾਹਰ ਆਉਣਗੇ ਜਾਂ ਤਾਂ ਲੋਕ ਪੂਰੇ ਕੰਪਲੈਕਸ 'ਚ ਫਿੱਟ ਬੈਠਦੇ ਹਨ ਜਾਂ ਉਹ ਬਹੁਤ ਜ਼ਿਆਦਾ ਚਰਬੀ ਵਾਲੇ ਹੁੰਦੇ ਹਨ। ਇਸ ਦੇ ਨਾਲ ਹੀ, ਤੀਜੀ ਕਿਸਮ ਦੇ ਲੋਕ ਵੀ ਹਨ, ਜਿਨ੍ਹਾਂ ਨੇ ਪਹਿਲੇ ਦੋ ਮਹੀਨਿਆਂ 'ਚ ਖਾਧਾ ਤੇ ਬਾਅਦ 'ਚ ਆਪਣਾ ਢਿੱਡ ਅੰਦਰ ਵੀ ਕਰ ਲਿਆ।'
ਇਸ ਤੋਂ ਬਾਅਦ ਸੋਨੂੰ ਇਹ ਕਹਿੰਦੇ ਦਿਖਾਈ ਦਿੱਤੇ, 'ਸਾਡੇ ਦੋਵਾਂ 'ਚ ਇਕ ਸਾਂਝਾ ਟਰੇਨਰ ਯੋਗੇਸ਼ ਹੈ, ਉਹ ਹਮੇਸ਼ਾ ਕਪਿਲ ਦੀਆਂ ਵੀਡੀਓਜ਼ ਦਿਖਾਉਂਦਾ ਹੈ। ਕਪਿਲ ਕਸਰਤ ਕਰ ਰਹੇ ਹਨ। ਕਪਿਲ ਰਾਤ 12 ਵਜੇ ਤੱਕ ਆਪਣਾ ਵਰਕਆਊਟ ਕਰਦਾ ਹੈ। ਰਾਤ ਨੂੰ 1 ਵਜੇ ਦੌੜਨ ਜਾਂਦਾ ਹੈ। ਮੈਂ ਪੂਰੇ ਦੇਸ਼ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕਿ ਕਸਰਤ ਕਰਨ ਨਾਲ ਤੁਹਾਨੂੰ ਓਨੀ ਖੁਸ਼ੀ ਨਹੀਂ ਮਿਲਦੀ ਹੋਵੇਗੀ, ਜਿੰਨੀ ਤੁਹਾਨੂੰ ਕਸਰਤ ਕਰਦਿਆਂ ਦੇਖ ਕੇ ਮੈਨੂੰ ਮਿਲਦੀ ਹੈ।'
ਕਪਿਲ ਅੱਗੇ ਕਹਿੰਦੇ ਹਨ, 'ਮੈਂ ਆਪਣੀ ਪੂਰੀ ਜ਼ਿੰਦਗੀ 'ਚ ਦੋ ਵਾਰ ਭਾਰ ਘੱਟ ਕੀਤਾ ਹੈ। ਪਹਿਲੀ ਵਾਰ ਸੋਨੂੰ ਸੂਦ ਨੇ ਮੈਨੂੰ ਕਸਰਤ ਕਰਨ ਤੇ ਭਾਰ ਘਟਾਉਣ ਲਈ ਪ੍ਰੇਰਿਆ। ਸੋਨੂੰ ਭਾਈ ਨੇ ਮੈਨੂੰ ਇਕ ਟਰੇਨਰ ਯੋਗੇਸ਼ ਦਿੱਤਾ ਤੇ ਉਸ ਨੂੰ ਕਿਹਾ, 'ਯੋਗੇਸ਼ ਕਸਰਤ ਨਾ ਕਰ, ਕਪਿਲ ਨੂੰ ਪਹਿਲਾਂ ਸਿਖਲਾਈ ਦੇ। ਇਸ ਲਈ ਉਸ ਸਮੇਂ ਮੈਂ ਆਪਣਾ 15 ਕਿਲੋ ਭਾਰ ਘਟਾ ਚੁੱਕਾ ਸੀ ਤੇ ਮੈਂ ਬਹੁਤ ਪਤਲਾ ਹੋ ਗਿਆ ਸੀ। ਮੈਂ ਬਹੁਤ ਚੰਗਾ ਮਹਿਸੂਸ ਕੀਤਾ। ਸੋਨੂੰ ਬਹੁਤ ਵਧੀਆ ਕੰਮ ਕਰਦਾ ਹੈ।'