ਕਪਿਲ ਸ਼ਰਮਾ ਨੇ ਗ੍ਰਿਫ਼ਤਾਰ ਕਰਵਾਇਆ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦਾ ਮੁੰਡਾ, ਜਾਣੋ ਕੀ ਹੈ ਮਾਮਲਾ
Saturday, Sep 25, 2021 - 05:56 PM (IST)
ਮੁੰਬਈ (ਬਿਊਰੋ) - ਮੁੰਬਈ ਪੁਲਸ ਨੇ ਸ਼ਨੀਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਧੋਖਾਧੜੀ ਦੇ ਮਾਮਲੇ 'ਚ ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦੇ ਬੇਟੇ ਬੋਨਿਟੋ ਛਾਬੜੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਬੋਨਿਟੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਛਾਬੜੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਕਪਿਲ ਸ਼ਰਮਾ ਨੇ ਪਿਛਲੇ ਸਾਲ ਮੁੰਬਈ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿਲੀਪ ਛਾਬੜੀਆ ਅਤੇ ਹੋਰਨਾਂ ਨੇ ਉਸ ਤੋਂ 5.3 ਕਰੋੜ ਰੁਪਏ ਦੀ ਧੋਖਾਧੜੀ ਦੀ ਹੈ। ਸ਼ਿਕਾਇਤ 'ਚ ਕਪਿਲ ਸ਼ਰਮਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਮਾਰਚ ਤੋਂ ਮਈ 2017 ਦੌਰਾਨ ਛਾਬੜੀਆ ਨੂੰ ਵੈਨਿਟੀ ਬਸ ਡਿਜ਼ਾਈਨ ਕਰਨ ਲਈ 5 ਕਰੋੜ ਰੁਪਏ ਤੋਂ ਜ਼ਿਆਦਾ ਭੁਗਤਾਨ ਕੀਤਾ ਸੀ ਪਰ ਸਾਲ 2019 ਤੱਕ ਕੋਈ ਕੰਮ ਨਾ ਹੋਣ ਕਾਰਨ ਕਪਿਲ ਸ਼ਰਮਾ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਊਨਲ (ਐੱਨ. ਸੀ. ਐੱਲ. ਟੀ.) ਦਾ ਦਰਵਾਜਾ ਖੜਕਾਇਆ ਸੀ।
ਹਾਲਾਂਕਿ ਪਿਛਲੇ ਸਾਲ ਛਾਬੜੀਆ ਨੇ ਕਪਿਲ ਸ਼ਰਮਾ ਨੂੰ ਵੈਨਿਟੀ ਬਸ ਪਾਰਕਿੰਗ ਸ਼ੁਲਕ ਦੇ ਰੂਪ 'ਚ 1.20 ਕਰੋੜ ਰੁਪਏ ਦਾ ਬਿੱਲ ਭੇਜਿਆ ਸੀ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ।
ਅਧਿਕਾਰੀ ਨੇ ਕਿਹਾ ''ਇਸ ਮਾਮਲੇ ਦੀ ਜਾਂਚ ਦੌਰਾਨ ਬੋਨਿਟੋ ਛਾਬੜੀਆ ਦੀ ਭੂਮਿਕਾ ਸਾਹਮਣੇ ਆਈ ਸੀ। ਇਸ ਲਈ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਬਾਅਦ 'ਚ ਅਪਰਾਧ ਸ਼ਾਖਾ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।''
ਨੋਟ - ਕਪਿਲ ਸ਼ਰਮਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ, ਕੁਮੈਂਟ ਕਰਕੇ ਜ਼ਰੂਰ ਦੱਸੋ।