ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੰਵਰ ਗਰੇਵਾਲ ਦਾ ਗੀਤ ‘ਆਮਦ’ ਰਿਲੀਜ਼ (ਵੀਡੀਓ)
Sunday, Nov 29, 2020 - 07:46 PM (IST)
ਜਲੰਧਰ (ਬਿਊਰੋ)– ਪੰਜਾਬੀ ਗਾਇਕ ਕੰਵਰ ਗਰੇਵਾਲ ਆਪਣੇ ਨਵੇਂ ਧਾਰਮਿਕ ਗੀਤ ‘ਆਮਦ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਕੰਵਰ ਗਰੇਵਾਲ ਦਾ ਇਹ ਗੀਤ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਇਸ ਧਾਰਮਿਕ ਗੀਤ ਦੇ ਬੋਲ ਵਰੀ ਰਾਏ ਨੇ ਲਿਖੇ ਹਨ ਤੇ ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਕੰਵਰ ਗਰੇਵਾਲ ਵਲੋਂ ਹੀ ਤਿਆਰ ਕੀਤੀ ਗਈ ਹੈ। ਯੂਟਿਊਬ ’ਤੇ ਇਹ ਗੀਤ ਕੰਵਰ ਗਰੇਵਾਲ ਦੇ ਹੀ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖੂਬ ਸਰਾਹਿਆ ਵੀ ਜਾ ਰਿਹਾ ਹੈ।
ਇੰਸਟਾਗ੍ਰਾਮ ’ਤੇ ਦਰਸ਼ਕਾਂ ਨਾਲ ਗੀਤ ਸਾਂਝਾ ਕਰਦਿਆਂ ਕੰਵਰ ਗਰੇਵਾਲ ਨੇ ਲਿਖਿਆ, ‘ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਹੋਵੇ ਜੀ। ਇਸੇ ਨੂੰ ਸਮਰਪਿਤ ਗੀਤ ‘ਆਮਦ’ ਜ਼ਰੂਰ ਸੁਣਿਓ।’
ਦੱਸਣਯੋਗ ਹੈ ਕਿ ਕੰਵਰ ਗਰੇਵਾਲ ਇਨ੍ਹੀਂ ਦਿਨੀਂ ਬਾਕੀ ਕਲਾਕਾਰ ਭਰਾਵਾਂ ਨਾਲ ਦਿੱਲੀ ਵਿਖੇ ਕਿਸਾਨ ਧਰਨਿਆਂ ’ਚ ਸ਼ਮੂਲੀਅਤ ਕਰ ਰਹੇ ਹਨ। ਕਿਸਾਨਾਂ ਦੇ ਹੱਕ ਲਈ ਸ਼ੁਰੂ ਤੋਂ ਹੀ ਜੁੜੇ ਕੰਵਰ ਗਰੇਵਾਲ ਸਮੇਂ-ਸਮੇਂ ’ਤੇ ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਵੀ ਰਿਲੀਜ਼ ਕਰ ਰਹੇ ਹਨ। ਕੰਵਰ ਗਰੇਵਾਲ ਨੇ ਇਸ ਤੋਂ ਪਹਿਲਾਂ ਹਰਫ ਚੀਮਾ ਨਾਲ ਮਿਲ ਕੇ ਗੀਤ ‘ਪੇਚਾ’ ਰਿਲੀਜ਼ ਕੀਤਾ ਸੀ, ਜਿਸ ’ਚ ਕੰਵਰ ਤੇ ਹਰਫ ਨੇ ਕਿਸਾਨ ਸੰਘਰਸ਼ ਦੀ ਗੱਲ ਕੀਤੀ ਸੀ।