''ਕਾਂਤਾਰਾ ਚੈਪਟਰ 1''; ਸਾਡੇ ਲਈ ਹਰ ਦਿਨ ਟਾਸਕ ਸੀ ਅਤੇ ਹਰ ਸੀਨ ’ਚ ਇਕ ਨਵੀਂ ਚੁਣੌਤੀ : ਰਿਸ਼ਭ ਸ਼ੈੱਟੀ
Tuesday, Sep 30, 2025 - 09:56 AM (IST)

ਮੁੰਬਈ- ਸਾਊਥ ਸਿਨੇਮਾ ਦੇ ਸੁਪਰਸਟਾਰ ਤੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਆਪਣੀ ਦਮਦਾਰ ਅਦਾਕਾਰੀ ਤੇ ਅਨੋਖੀਆਂ ਕਹਾਣੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪਿਛਲੀ ਫਿਲਮ ‘ਕਾਂਤਾਰਾ’ ਨੇ ਨਾ ਸਿਰਫ਼ ਬਾਕਸ ਆਫਿਸ ’ਤੇ ਧਮਾਲ ਮਚਾਈ, ਸਗੋਂ ਦਰਸ਼ਕਾਂ ਦੇ ਦਿਲਾਂ ’ਤੇ ਵੀ ਡੂੰਘੀ ਛਾਪ ਛੱਡੀ। ਹੁਣ ਉਹ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ ‘ਕਾਂਤਾਰਾ ਚੈਪਟਰ 1’ ਨੂੰ ਲੈ ਕੇ ਚਰਚਾ ਵਿਚ ਹਨ। ਫਿਲਮ 2 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 2022 ਵਿਚ ਆਈ ਫਿਲਮ ‘ਕਾਂਤਾਰਾ: ਏ ਲੈਜੈਂਡ’ ਤੋਂ ਬਾਅਦ ਉਸ ਦਾ ਪ੍ਰੀਕਵਲ ਹੈ। ਫਿਲਮ ਵਿਚ ਉਨ੍ਹਾਂ ਨਾਲ ਰੁਕਮਣੀ ਵਸੰਤ ਅਤੇ ਗੁਲਸ਼ਨ ਦੇਵੈਆ ਵੀ ਨਜ਼ਰ ਆਉਣ ਵਾਲੇ ਹਨ। ਇਸ ਕਾਰਨ ਰਿਸ਼ਭ ਸ਼ੈੱਟੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ‘ਕਾਂਤਾਰਾ ਚੈਪਟਰ 1’ ਨੂੰ ਲੈ ਕੇ ਦਰਸ਼ਕਾਂ ਵਿਚ ਕਾਫ਼ੀ ਉਤਸੁਕਤਾ ਹੈ ਤਾਂ ਕਿਵੇਂ ਦਾ ਰਿਹਾ ਤਜਰਬਾ ਇਸ ਨੂੰ ਬਣਾਉਣ ਦਾ ਅਤੇ ਕਿੰਨਾ ਦਬਾਅ ਸੀ ਇਕ ਨਵੀਂ ਬਲਾਕਬਸਟਰ ਡਿਲੀਵਰ ਕਰਨ ਦਾ?
ਮੇਰੇ ਲਈ ਤਾਂ ਇਹ ਬਿਲਕੁਲ ਹੀ ਇਕ ਨਵਾਂ ਤਜਰਬਾ ਸੀ, ਇਕ ਨਵਾਂ ਸਕੇਲ ਸੀ ਸਕ੍ਰਿਪਟ ਤੇ ਬਜਟ ਦੋਵਾਂ ਨੂੰ ਲੈ ਕੇ ਤਾਂ ਉਹ ਮੇਰੇ ਲਈ ਬਿਲਕੁਲ ਨਵਾਂ ਸੀ। ਅਸੀਂ ਇਕ ਦੁਨੀਆ ਬਣਾ ਰਹੇ ਸੀ ਚੌਥੀ-ਪੰਜਵੀਂ ਸਦੀ ਦੀ ਪਰ ਉਸ ਦਾ ਸਾਨੂੰ ਹਵਾਲਾ ਨਹੀਂ ਸੀ ਤਾਂ ਅਸੀਂ ਖੋਜ ਬਹੁਤ ਕੀਤੀ। ਉਨ੍ਹਾਂ ਸਭ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਸੀ, ਜਿਵੇਂ ਯੂਨੀਵਰਸਿਟੀ ਦੇ ਪ੍ਰੋਫੈਸਰ, ਪਿੰਡਾਂ ਦੇ ਬਜ਼ੁਰਗ ਤੇ ਹੋਰ ਵੀ ਕਈ ਸਾਰੇ ਲੋਕ, ਜਿਨ੍ਹਾਂ ਨੂੰ ਕੁਝ ਵੀ ਇਸ ਬਾਰੇ ਪਤਾ ਸੀ। ਅਸੀਂ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸਕ੍ਰਿਪਟ ’ਤੇ ਕੰਮ ਸ਼ੁਰੂ ਕੀਤਾ ਸੀ। ਫਿਰ ਉਹ ਆਊਟਪੁੱਟ ਨਿਕਲ ਕੇ ਆਈ, ਜੋ ਟ੍ਰੇਲਰ ਵਿਚ ਨਜ਼ਰ ਆ ਰਿਹਾ ਹੈ। ਸਾਡੇ ਲਈ ਤਾਂ ਹਰ ਦਿਨ ਹੀਂ ਨਵਾਂ ਸੀ।
ਪ੍ਰ. ਤੁਹਾਡਾ ਕਿਰਦਾਰ ਇਸ ਫਿਲਮ ਵਿਚ ਪਿਛਲੀ ਫਿਲਮ ਨਾਲੋਂ ਕਿਵੇਂ ਵੱਖਰਾ ਹੈ? ਕੀ ਕੁਝ ਨਵਾਂ ਉੱਭਰ ਕੇ ਸਾਹਮਣੇ ਆਵੇਗਾ?
ਇਹ ਬਿਲਕੁਲ ਹੀ ਵੱਖਰਾ ਕਿਰਦਾਰ ਹੈ, ਕੋਈ ਵੀ ਸਮਾਨਤਾ ਨਹੀਂ ਹੈ ਇਸ ਕਿਰਦਾਰ ਦੀ ਪਿਛਲੇ ਨਾਲ ਕਿਉਂਕਿ ਇਹ ਸੀਕੁਅਲ ਨਹੀਂ ਬਲਕਿ ਉਸ ਦਾ ਪ੍ਰੀਕਵਲ ਹੈ।
ਪ੍ਰ. ‘ਕਾਂਤਾਰਾ: ਏ ਲੈਜੈਂਡ’ ਇਕ ਬਲਾਕਬਸਟਰ ਫਿਲਮ ਸੀ ਤਾਂ ਕੀ ‘ਕਾਂਤਾਰਾ ਚੈਪਟਰ 1’ ਦੇ ਰਿਲੀਜ਼ ਤੋਂ ਪਹਿਲਾਂ ਤੁਹਾਨੂੰ ਕੋਈ ਦਬਾਅ ਮਹਿਸੂਸ ਹੋ ਰਿਹਾ ਹੈ?
ਇਸ ਦਾ ਹੀ ਨਹੀਂ ਸਗੋਂ ਹਰ ਫਿਲਮ ਮੇਕਰ ਨੂੰ, ਪੂਰੀ ਟੀਮ ਅਤੇ ਨਿਰਮਾਤਾ ਨੂੰ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਪ੍ਰੈਸ਼ਰ ਹੁੰਦਾ ਹੀ ਹੈ। ਜੋ ਆਊਟਪੁੱਟ ਦਰਸ਼ਕਾਂ ਸਾਹਮਣੇ ਆਉਣ ਵਾਲੀ ਹੈ, ਉਸ ਤੋਂ ਪਹਿਲਾਂ ਫਾਈਨਲ ਚੈੱਕ ਕਰਨਾ ਪੈਂਦਾ ਹੈ। ਫਿਰ ਜਦੋਂ ਇਕ ਫਿਲਮ ਆ ਚੁੱਕੀ ਹੋਵੇ ਅਤੇ ਦੂਜੀ ਥੋੜ੍ਹੇ ਸਮੇਂ ਬਾਅਦ ਆਈ ਹੋਵੇ ਤਾਂ ਦਬਾਅ ਤਾਂ ਹੁੰਦਾ ਹੀ ਹੈ।
ਪ੍ਰ. ਸ਼ੂਟਿੰਗ ਦੌਰਾਨ ਕੁਝ ਅਜਿਹਾ ਹੈ, ਜਿਸ ਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ?
ਪੂਰੀ ਫਿਲਮ ਹੀ ਹੈ ਇਸ ਦਾ ਜਵਾਬ। ਕਿਸੇ ਇਕ ਚੀਜ਼ ਨੂੰ ਨਹੀਂ ਬੋਲ ਸਕਦਾ ਮੈਂ ਕਿਉਂਕਿ ਸਾਡੇ ਲਈ ਹਰ ਦਿਨ ਟਾਸਕ ਸੀ ਅਤੇ ਹਰ ਇਕ ਸੀਨ ਨਵੀਂ ਚੁਣੌਤੀ। ਇਕ ਟਾਸਕ ਖ਼ਤਮ ਹੁੰਦਾ ਸੀ ਤਾਂ ਅਗਲੀ ਚੁਣੌਤੀ ਅੱਗੇ ਹੁੰਦੀ ਸੀ। ਇਨ੍ਹਾਂ ਨੂੰ ਪਾਰ ਕਰ-ਕਰ ਕੇ ਅਸੀਂ ਅੱਗੇ ਵਧੇ ਸੀ। ਮੈਨੂੰ ਤਾਂ ਇਹ ਪੂਰੀ ਫਿਲਮ ਹੀ ਸਾਰੀ ਜ਼ਿੰਦਗੀ ਯਾਦ ਰਹੇਗੀ।
ਪ੍ਰ. ਇਸ ਫਿਲਮ ਵਿਚ ਇਕ ਗੀਤ ਦਿਲਜੀਤ ਦੋਸਾਂਝ ਨੇ ਵੀ ਗਾਇਆ ਹੈ ਤਾਂ ਉਨ੍ਹਾਂ ਨਾਲ ਕੰਮ ਕਰਨ ਦਾ ਤੁਹਾਡਾ ਕਿਵੇਂ ਦਾ ਤਜਰਬਾ ਰਿਹਾ ?
ਬਹੁਤ ਸ਼ਾਨਦਾਰ ਸੀ। ਉਹ ਬਹੁਤ ਚੰਗੇ ਇਨਸਾਨ ਹਨ। ਉਹ ਸ਼ਿਵ ਭਗਤ ਵੀ ਹਨ। ਉਨ੍ਹਾਂ ਦਾ ਅਧਿਆਤਮਿਕ ਕੁਨੈਕਸ਼ਨ ਬਹੁਤ ਚੰਗਾ ਲੱਗਿਆ। ਉਨ੍ਹਾਂ ਨੇ ਜੋ ਗੀਤ ਗਾਇਆ ਹੈ, ਉਸ ਨੇ ਬਹੁਤ ਚੰਗੀ ਊਰਜਾ ਦਿੱਤੀ ਹੈ। ਮੇਰੇ ਤਾਂ ਇਕ ਦਿਨ ਐਵੇਂ ਹੀ ਦਿਮਾਗ਼ ’ਚ ਖ਼ਿਆਲ ਆਇਆ ਸੀ ਕਿ ਜੇ ਇਹ ਗੀਤ ਹਿੰਦੀ ’ਚ ਦਿਲਜੀਤ ਦੋਸਾਂਝ ਗਾਵੇ ਤਾਂ ਬਹੁਤ ਚੰਗਾ ਹੋਵੇਗਾ। ਉਨ੍ਹਾਂ ਦੀ ਆਵਾਜ਼ ਇਸ ਲਈ ਬਿਲਕੁਲ ਪਰਫੈਕਟ ਸੀ ਕਿਉਂਕਿ ਮੈਨੂੰ ਇਸ ਲਈ ਇਕ ਸਾਲਿਡ ਆਵਾਜ਼ ਚਾਹੀਦੀ ਸੀ ਤਾਂ ਮੈਂ ਬਹੁਤ ਖ਼ੁਸ਼ ਹਾਂ।
ਪ੍ਰ. ਤੁਸੀਂ ਹੀ ਇਸ ਫਿਲਮ ’ਚ ਅਦਾਕਾਰੀ ਕਰ ਰਹੇ ਹੋ, ਤੁਸੀਂ ਹੀ ਇਹ ਕਹਾਣੀ ਲਿਖੀ ਹੈ ਅਤੇ ਤੁਸੀਂ ਹੀ ਇਸ ਦੇ ਨਿਰਦੇਸ਼ਕ ਹੋ। ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਇਨਸਾਨ ’ਤੇ ਆਉਂਦੀਆਂ ਹਨ ਤਾਂ ਕਿੰਨਾ ਦਬਾਅ ਮਹਿਸੂਸ ਹੁੰਦਾ ਹੈ?
ਇਸ ਫਿਲਮ ਲਈ ਮੈਂ ਵਨ ਮੈਨ ਆਰਮੀ ਨਹੀਂ ਹਾਂ। ਮੇਰੇ ਪਿੱਛੇ ਹਜ਼ਾਰਾਂ ਲੋਕ ਹਨ, ਬਹੁਤ ਵੱਡੀ ਟੀਮ ਹੈ। ਮੈਂ ਤਾਂ ਸਿਰਫ਼ ਤੁਹਾਨੂੰ ਦਿਸਦਾ ਹਾਂ। ਮੈਨੂੰ ਪ੍ਰੋਡਿਊਸਰਜ਼ ਦਾ ਵੀ ਬਹੁਤ ਸਹਿਯੋਗ ਮਿਲਿਆ ਸੀ, ਰੈਗੂਲਰ ਪ੍ਰੋਡਿਊਸਰਜ਼ ਦੀ ਤਰ੍ਹਾਂ ਕੁਝ ਵੀ ਨਹੀਂ ਸੀ। ਸਕ੍ਰਿਪਟਿੰਗ ਸਮੇਂ ਤੋਂ ਪ੍ਰੀ ਪ੍ਰੋਡਕਸ਼ਨ ਫਿਰ ਵੀ.ਐੱਫ.ਐੱਕਸ. ਕੰਪਨੀ ਚੁਣਨਾ, ਫਿਰ ਪ੍ਰੋਡਕਸ਼ਨ ਵਿਚ ਕਾਸਟਿਊਮ ਸਿਲੈਕਟ ਕਰਨ ਤੱਕ ਹਰ ਸਮੇਂ ਉਹ ਸਾਡੇ ਨਾਲ ਸੀ। ਪੋਸਟ ਪ੍ਰੋਡਕਸ਼ਨ ਤੱਕ ਵੀ ਸਾਡਾ ਬਹੁਤ ਸਾਥ ਦਿੱਤਾ। ਇਹ ਸਭ ਮੇਰੀ ਤਾਕਤ ਸੀ। ਐਡੀਟਰਜ਼ ਤੇ ਮਿਊਜ਼ਿਕ ਡਾਇਰੈਕਟਰ ਦਾ ਇਸ ਵਿਚ ਬਹੁਤ ਵੱਡਾ ਯੋਗਦਾਨ ਹੈ। ਮੈਂ ਇਹ ਸਭ ਆਪਣੀ ਪੂਰੀ ਟੀਮ ਨਾਲ ਮਿਲ ਕੇ ਕੀਤਾ ਹੈ।