20 ਨੂੰ ਅਦਾਲਤ ’ਚ ਪੇਸ਼ ਨਾ ਹੋਈ ਕੰਗਨਾ ਰਣੌਤ ਤਾਂ ਹੋਵੇਗਾ ਵਾਰੰਟ ਜਾਰੀ

09/15/2021 10:24:44 AM

ਮੁੰਬਈ (ਬਿਊਰੋ)– ਗੀਤਕਾਰ ਜਾਵੇਦ ਅਖ਼ਤਰ ਮਾਨਹਾਨੀ ਮਾਮਲੇ ’ਚ ਮੈਟਰੋਪੋਲੀਟਨ ਮੈਜਿਸਟ੍ਰੇਟ ਆਰ. ਆਰ. ਖ਼ਾਨ ਨੇ ਮੰਗਲਵਾਰ ਨੂੰ ਨਿੱਜੀ ਪੇਸ਼ੀ ਤੋਂ ਛੋਟ ਸਬੰਧੀ ਕੰਗਨਾ ਰਣੌਤ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਜੇ ਅਦਾਕਾਰਾ 20 ਸਤੰਬਰ ਤਕ ਕੋਰਟ ’ਚ ਪੇਸ਼ ਨਾ ਹੋਈ ਤਾਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਜਾਵੇਗਾ।

ਕੋਰਟ ’ਚ ਕੰਗਨਾ ਦੇ ਵਕੀਲ ਨੇ ਕਿਹਾ ਸੀ ਕਿ ਅਦਾਕਾਰਾ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਸ ਨੂੰ ਅੱਜ ਦੀ ਕਾਰਵਾਈ ’ਚ ਨਿੱਜੀ ਪੇਸ਼ੀ ਤੋ ਛੋਟ ਦਿੱਤੀ ਜਾਵੇ। ਵਕੀਲ ਨੇ ਕੋਰਟ ’ਚ ਮੈਡੀਕਲ ਸਰਟੀਫਿਕੇਟ ਪੇਸ਼ ਕਰਦਿਆਂ ਕਿਹਾ ਕਿ ਅਦਾਕਾਰਾ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਯਾਤਰਾਵਾਂ ਕਰ ਰਹੀ ਸੀ ਤੇ ਉਸ ’ਚ ਕੋਵਿਡ-19 ਦੇ ਲੱਛਣ ਦਿਸਣ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿਮਰਨ ਕੌਰ ਧਾਦਲੀ ਦੇ ਗੀਤ ‘ਲਹੂ ਦੀ ਆਵਾਜ਼’ ਨੇ ਫੈਮੇਨਿਜ਼ਮ ਨੂੰ ਲੈ ਕੇ ਛੇੜੀ ਨਵੀਂ ਚਰਚਾ (ਵੀਡੀਓ)

ਹਾਲਾਂਕਿ ਜਾਵੇਦ ਅਖ਼ਤਰ ਦੇ ਵਕੀਲ ਨੇ ਕਿਹਾ ਕਿ ਇਹ ਮਾਮਲੇ ਦੀ ਕਾਰਵਾਈ ਨੂੰ ਲੰਮਾ ਖਿੱਚਣ ਦੀ ਰਣਨੀਤੀ ਹੈ। ਅਦਾਕਾਰਾ ਫਰਵਰੀ ’ਚ ਸੰਮਨ ਜਾਰੀ ਹੋਣ ਤੋਂ ਬਾਅਦ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਸ਼ ਹੋਣ ਤੋਂ ਬਚ ਰਹੀ ਹੈ।

ਦੱਸਣਯੋਗ ਹੈ ਕਿ ਬੰਬੇ ਹਾਈਕੋਰਟ ਨੇ ਪਿਛਲੇ ਵੀਰਵਾਰ ਨੂੰ ਮਾਮਲੇ ਨੂੰ ਰੱਦ ਕਰਨ ਸਬੰਧੀ ਕੰਗਨਾ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ। ਜਾਵੇਦ ਅਖ਼ਤਰ ਨੇ ਪਿਛਲੇ ਸਾਲ ਨਵੰਬਰ ’ਚ ਮਾਨਹਾਨੀ ਪਟੀਸ਼ਨ ਦਾਖ਼ਲ ਕਰਦਿਆਂ ਕਿਹਾ ਸੀ ਕਿ ਕੰਗਨਾ ਨੇ ਇਕ ਟੀ. ਵੀ. ਸ਼ੋਅ ’ਚ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News