ਮੁੜ ਗਰਮਾਇਆ ਸੁਸ਼ਾਂਤ ਖ਼ੁਦਕੁਸ਼ੀ ਮਾਮਲਾ, ਦੋਸ਼ ਸਾਬਿਤ ਨਾ ਹੋਣ ’ਤੇ ਕੰਗਨਾ ਵਾਪਸ ਕਰੇਗੀ 'ਪਦਮਸ਼੍ਰੀ'
Saturday, Jul 18, 2020 - 03:58 PM (IST)
ਨਵੀਂ ਦਿੱਲੀ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਨੈਪੋਟਿਜ਼ਮ 'ਤੇ ਬਹਿਸ ਜਾਰੀ ਹੈ। ਇਸ ਬਹਿਸ 'ਚ ਅਦਾਕਾਰਾ ਕੰਗਨਾ ਰਣੌਤ ਖੁੱਲ੍ਹ ਕੇ ਬੋਲਦੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਕਈ ਫਿਲਮ ਮੇਕਰਸ 'ਤੇ ਵੀ ਦੋਸ਼ ਲਾਏ ਹਨ। ਜਦੋਂ ਅਦਾਕਾਰਾ ਨੇ ਕਿਹਾ ਕਿ ਜੇਕਰ ਉਹ ਆਪਣੇ ਬਿਆਨਾਂ ਨੂੰ ਸਾਬਿਤ ਨਹੀਂ ਕਰ ਪਾਉਂਦੀ ਤਾਂ ਉਹ ਆਪਣਾ 'ਪਦਮਸ਼੍ਰੀ' ਸਨਮਾਨ ਵਾਪਸ ਕਰ ਦੇਵੇਗੀ। ਨੈਪੋਟਿਜ਼ਮ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਕੰਗਨਾ ਸੁਸ਼ਾਂਤ ਦੇ ਕੇਸ 'ਚ ਮਦਦ ਕਰਨ ਲਈ ਵੀ ਤਿਆਰ ਹੈ।
ਕੰਗਨਾ ਰਣੌਤ ਨੇ ਰਿਪਬਲਿਕ ਟੀ. ਵੀ. ਨੂੰ ਦਿੱਤੇ ਇੱਕ ਇੰਟਰਵਿਊ 'ਚ ਪਦਮਸ਼੍ਰੀ ਵਾਪਸ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ, 'ਮੁੰਬਈ ਪੁਲਸ ਨੇ ਮੈਨੂੰ ਸੰਮਨ ਭੇਜਿਆ ਸੀ ਅਤੇ ਮੈਂ ਉਨ੍ਹਾਂ ਨੂੰ ਵੀ ਕਿਹਾ ਸੀ ਕਿ ਮੈਂ ਮਨਾਲੀ 'ਚ ਹਾਂ ਅਤੇ ਤੁਸੀਂ ਕਿਸੇ ਨੂੰ ਮੇਰਾ ਬਿਆਨ ਦਰਜ ਕਰਨ ਲਈ ਭੇਜ ਸਕਦੇ ਹੋ ਪਰ ਉਸ ਤੋਂ ਬਾਅਦ ਕੋਈ ਜਵਾਬ ਨਹੀਂ ਮਿਲਿਆ। ਮੈਂ ਤੁਹਾਨੂੰ ਦੱਸ ਰਹੀ ਹਾਂ, ਜੇਕਰ ਮੈਂ ਕੁਝ ਕਿਹਾ ਹੈ ਅਤੇ ਉਸ ਨੂੰ ਮੈਂ ਸਾਬਿਤ ਨਹੀਂ ਕਰ ਸਕਦੀ ਅਤੇ ਜੋ ਜਨਤਕ ਡੋਮੇਨ 'ਚ ਨਹੀਂ ਹੈ ਤਾਂ ਮੈਂ ਆਪਣਾ ਪਦਮਸ਼੍ਰੀ ਵਾਪਸ ਕਰ ਦੇਵਾਂਗੀ ਕਿਉਂਕਿ ਫਿਰ ਮੈਂ ਇਸ ਦੇ ਲਾਈਕ ਹੀ ਨਹੀਂ ਹਾਂ।'
ਦੱਸ ਦਈਏ ਕਿ ਕੰਗਨਾ ਰਣੌਤ ਇੰਟਰਵਿਊ ਦੌਰਾਨ ਕਾਫ਼ੀ ਗੁੱਸੇ 'ਚ ਨਜ਼ਰ ਆਈ ਅਤੇ ਉਸ ਨੇ ਕਈ ਫ਼ਿਲਮ ਮੇਕਰਸ 'ਤੇ ਵੀ ਦੋਸ਼ ਲਾਏ ਹਨ। ਉਨ੍ਹਾਂ ਨੇ ਕੁਝ ਫ਼ਿਲਮੀ ਹਸਤੀਆਂ ਦਾ ਸਿੱਧਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ 'ਸੁਸਾਈਡ ਗੈਂਗ' ਦੱਸਿਆ। ਅਦਾਕਾਰਾ ਸੁਸ਼ਾਂਤ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਕਾਫ਼ੀ ਪਰੇਸ਼ਾਨ ਅਤੇ ਗੁੱਸੇ 'ਚ ਹੈ ਅਤੇ ਲਗਾਤਾਰ ਬਾਲੀਵੁੱਡ ਦੇ ਕੁਝ ਲੋਕਾਂ 'ਤੇ ਨੈਪੋਟਿਜ਼ਮ ਅਤੇ ਫੇਵਰੇਟਿਜ਼ਮ ਨੂੰ ਵਧਾਉਣ ਦਾ ਦੋਸ਼ ਲਗਾ ਰਹੀ ਹੈ। ਅਦਾਕਾਰਾ ਨੇ ਪਹਿਲਾਂ ਇਸ ਨੂੰ ਲੈ ਕੇ ਵੀ ਵੀਡੀਓ ਜਾਰੀ ਕੀਤਾ ਹੈ ਅਤੇ ਆਪਣੀ ਗੱਲ ਰੱਖੀ ਹੈ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਵਿਖੇ ਆਪਣੇ ਅਪਾਰਟਮੈਂਟ 'ਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਨ੍ਹਾਂ ਦੀ ਖ਼ੁਦਕੁਸ਼ੀ ਦਾ ਮਾਮਲੇ ਹਾਲੇ ਬਾਲੀਵੁੱਡ ਸਿਤਾਰਿਆਂ 'ਚ ਗਰਮਾਇਆ ਹੋਇਆ ਹੈ। ਰੋਜ਼ਾਨਾ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਸੁਸ਼ਾਂਤ ਦੇ ਪ੍ਰਸ਼ੰਸਕ ਤੇ ਕੁਝ ਸਿਤਾਰੇ ਉਨ੍ਹਾਂ ਦੇ ਖ਼ੁਦਕੁਸ਼ੀ ਮਾਮਲੇ 'ਤੇ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ।