ਹੁਣ ਜੇ. ਐੱਨ. ਯੂ. ਵਿਦਿਆਰਥੀਆਂ ਦਾ ਸਮਰਥਨ ਕਰਨ ਵਾਲੇ ਕਲਾਕਾਰਾਂ ਨੂੰ ਕੰਗਨਾ ਨੇ ਦੱਸਿਆ ਅੱਤਵਾਦੀ

01/03/2021 1:48:52 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਨੇ ਇਕ ਵਾਰ ਮੁੜ ਬਾਲੀਵੁੱਡ ਦੇ ਕਈ ਕਲਾਕਾਰਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਦੀਪਿਕਾ ਪਾਦੁਕੋਣ, ਸਵਰਾ ਭਾਸਕਰ, ਤਾਪਸੀ ਪਨੂੰ ਤੇ ਅਨੁਰਾਗ ਕਸ਼ਯਪ ਸਮੇਤ ਉਨ੍ਹਾਂ ਸਿਤਾਰਿਆਂ ’ਤੇ ਗੁੱਸਾ ਕੱਢਿਆ ਹੈ, ਜਿਨ੍ਹਾਂ ਨੇ ਜੇ. ਐੱਨ. ਯੂ. ’ਚ ਹੋਏ ਪ੍ਰਦਰਸ਼ਨ ਦਾ ਸਮਰਥਨ ਕੀਤਾ ਸੀ। ਕੰਗਨਾ ਮੁਤਾਬਕ ਇਨ੍ਹਾਂ ਲੋਕਾਂ ਦਾ ਭਾਂਡਾ ਫੁੱਟ ਗਿਆ ਹੈ।

ਅਸਲ ’ਚ ਦਿੱਲੀ ਦੰਗਾ ਮਾਮਲੇ ’ਚ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਜੇ. ਐੱਨ. ਯੂ. ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਹਨ। ਅਪਰਾਧ ਸ਼ਾਖਾ ਨੇ ਉਮਰ ਖਾਲਿਦ ’ਤੇ ਦੰਗੇ ਭੜਕਾਉਣ, ਦੰਗਿਆਂ ਦੀ ਸਾਜ਼ਿਸ਼ ਰਚਨ, ਦੇਸ਼ ਵਿਰੋਧੀ ਭਾਸ਼ਣ ਦੇਣ ਤੋਂ ਇਲਾਵਾ ਕਈ ਧਾਰਾਵਾਂ ’ਚ ਲਗਭਗ 100 ਸਫਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਹੁਣ ਕੰਗਨਾ ਰਣੌਤ ਨੇ ਉਮਰ ਖਾਲਿਦ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕੰਗਨਾ ਨੇ ਲਿਖਿਆ, ‘Bullydawood ਫ਼ਿਲਮ ਇੰਡਸਟਰੀ ਦਾ ਇਕ ਹੋਰ ਭਾਂਡਾ ਫੁੱਟ ਗਿਆ। ਜਿਹੜੇ ਲੋਕਾਂ ਨੇ ਜੇ. ਐੱਨ. ਯੂ. ਦੇ ਵਿਦਿਆਰਥੀਆਂ ਤੇ ਸ਼ਾਹੀਨ ਬਾਗ ਧਰਨੇ ਦਾ ਸਮਰਥਨ ਕੀਤਾ ਸੀ, ਜੋ ਆਪਣੇ ਆਪ ਨੂੰ ਅਦਾਕਾਰ ਤੇ ਅਦਾਕਾਰਾ ਕਹਿੰਦੇ ਹਨ, ਉਹ ਵੀ ਅੱਤਵਾਦੀ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਦੰਗੇ ਭੜਕਾਉਣ ’ਚ ਸਰਗਰਮ ਭੂਮਿਕਾ ਨਿਭਾਈ ਹੈ। ਜਾਗੋ ਭਾਰਤ ਤੇ ਦੇਖੋ।’

ਆਪਣੇ ਇਕ ਹੋਰ ਟਵੀਟ ’ਚ ਕੰਗਨਾ ਨੇ ਇਕ ਯੂਜ਼ਰ ਨੂੰ ਟੈਗ ਕਰਦਿਆਂ ਲਿਖਿਆ, ‘ਹੁਣ ਇਹ ਸਾਬਿਤ ਹੋ ਚੁੱਕਾ ਹੈ ਕਿ ਜੇ. ਐੱਨ. ਯੂ. ਦੇ ਵਿਦਿਆਰਥੀ ਝੂਠ ਫੈਲਾ ਰਹੇ ਸਨ ਤੇ ਸੀ. ਏ. ਏ. ਨੂੰ ਲੈ ਕੇ ਗਲਤ ਜਾਣਾਰੀ ਦੇ ਰਹੇ ਸਨ। ਉਨ੍ਹਾਂ ਨੇ ਕਬੂਲ ਕਰ ਲਿਆ ਹੈ ਕਿ ਉਹ ਨਫਰਤ, ਝੂਠ ਤੇ ਅੱਤਵਾਦ ਫੈਲਾਉਣ ’ਚ ਹਿੱਸੇਦਾਰ ਸਨ। ਹੁਣ ਇਹ ਫ਼ਿਲਮੀ ਜੋਕਰ ਕਿਉਂ ਮੁਆਫੀ ਮੰਗਣਗੇ? ਦੰਗਿਆਂ ’ਚ ਗਈਆਂ ਲੋਕਾਂ ਦੀਆਂ ਜਾਨਾਂ ਦੀ ਭਰਪਾਈ ਕਿਵੇਂ ਹੋਵੇਗੀ?’

ਕੰਗਨਾ ਪਹਿਲਾਂ ਵੀ ਇਨ੍ਹਾਂ ਕਲਾਕਾਰਾਂ ’ਤੇ ਨਿਸ਼ਾਨਾ ਵਿੰਨ੍ਹ ਚੁੱਕੀ ਹੈ ਤੇ ਟਵਿਟਰ ’ਤੇ ਕਈ ਵਾਰ ਉਸ ਦੀ ਬਹਿਸ ਹੋ ਚੁੱਕੀ ਹੈ। ਜਦੋਂ ਸ਼ਾਹੀਨ ਬਾਗ ’ਚ ਪ੍ਰਦਰਸ਼ਨ ਚੱਲ ਰਿਹਾ ਸੀ, ਉਦੋਂ ਕੰਗਨਾ ਨੇ ਕਈ ਟਵੀਟ ਕੀਤੇ ਸਨ। ਫਿਲਹਾਲ ਕੰਗਨਾ ਕਿਸਾਨ ਅੰਦੋਲਨ ਕਰਨ ਵਾਲਿਆਂ ਦਾ ਵਿਰੋਧ ਕਰ ਰਹੀ ਹੈ। ਇਸ ਗੱਲ ਨੂੰ ਲੈ ਕੇ ਬੀਤੇ ਦਿਨੀਂ ਟਵਿਟਰ ’ਤੇ ਉਸ ਦੀ ਤੇ ਦਿਲਜੀਤ ਦੋਸਾਂਝ ਦੀ ਖੂਬ ਬਹਿਸ ਹੋਈ ਸੀ।

ਨੋਟ– ਕੰਗਨਾ ਦੇ ਇਨ੍ਹਾਂ ਟਵੀਟਸ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News