ਜਾਵੇਦ ਅਖ਼ਤਰ ਮਾਨਹਾਨੀ ਮਾਮਲੇ ’ਚ ਕੰਗਨਾ ਰਣੌਤ ਨੂੰ ਮਿਲੀ ਜ਼ਮਾਨਤ, ਅਦਾਲਤ ’ਚ ਹੋਈ ਸੀ ਪੇਸ਼

03/25/2021 5:26:18 PM

ਮੁੰਬਈ (ਬਿਊਰੋ)– ਜਾਵੇਦ ਅਖ਼ਤਰ ਮਾਨਹਾਨੀ ਮਾਮਲੇ ’ਚ ਅਦਾਕਾਰਾ ਕੰਗਨਾ ਰਣੌਤ ਨੂੰ ਰਾਹਤ ਮਿਲੀ ਹੈ। ਅੱਜ ਕੰਗਨਾ ਕੋਰਟ ਦੇ ਸਾਹਮਣੇ ਪੇਸ਼ ਹੋਈ ਸੀ ਤੇ ਅੰਧੇਰੀ ਮੈਜਿਸਟ੍ਰੇਟ ਨੇ ਕੰਗਨਾ ਨੂੰ ਜ਼ਮਾਨਤ ਨੇ ਦਿੱਤੀ ਹੈ। ਅਸਲ ’ਚ ਕੰਗਨਾ ’ਤੇ ਜਾਵੇਦ ਅਖ਼ਤਰ ਨੇ ਪਿਛਲੇ ਸਾਲ ਨਵੰਬਰ ’ਚ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ।

ਕੰਗਨਾ ਅੱਜ ਅੰਧੇਰੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਹੋਈ ਸੀ ਤੇ ਆਪਣੇ ਖ਼ਿਲਾਫ਼ ਜਾਰੀ ਜ਼ਮਾਨਤੀ ਵਾਰੰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਨੇ ਜ਼ਮਾਨਤ ਲਈ ਵੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕੀਤਾ ਤੇ ਕੰਗਨਾ ਨੂੰ ਇਜਾਜ਼ਤ ਦੇ ਦਿੱਤੀ।

ਦੱਸਣਯੋਗ ਹੈ ਕਿ ਕੰਗਨਾ ਨੇ ਟੀ. ਵੀ. ਇੰਟਰਵਿਊਜ਼ ਦੌਰਾਨ ਜਾਵੇਦ ਅਖ਼ਤਰ ਖ਼ਿਲਾਫ਼ ਮਾਨਹਾਨੀ ਕਰਨ ਵਾਲੀਆਂ ਤੇ ਤੱਥਾਂ ਤੋਂ ਪਰ੍ਹੇ ਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਦੇ ਚਲਦਿਆਂ ਜਾਵੇਦ ਅਖ਼ਤਰ ਨੇ ਅੰਧੇਰੀ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਜਾਵੇਦ ਅਖ਼ਤਰ ਦਾ ਦਾਅਵਾ ਸੀ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਟੀ. ਵੀ. ਇੰਟਰਵਿਊਜ਼ ਦੌਰਾਨ ਬਾਲੀਵੁੱਡ ’ਚ ਧੜੇਬਾਜ਼ੀ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਉਨ੍ਹਾਂ ਦਾ ਨਾਂ ਵੀ ਇਸ ’ਚ ਘਸੀਟਿਆ ਸੀ।

ਉਥੇ ਜਾਵੇਦ ਅਖ਼ਤਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਕੰਗਨਾ ਨੇ ਝੂਠਾ ਦਾਅਵਾ ਕੀਤਾ ਕਿ ਅਖ਼ਤਰ ਨੇ ਰਿਤਿਕ ਰੌਸ਼ਨ ਨਾਲ ਉਸ ਦੇ ਕਥਿਤ ਸਬੰਧ ਨੂੰ ਲੈ ਕੇ ਚੁੱਪ ਰਹਿਣ ਦੀ ਧਮਕੀ ਦਿੱਤੀ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਸ ਨਾਲ ਅਖ਼ਤਰ ਦੀ ਜਨਤਕ ਸਾਖ ਨੂੰ ਨੁਕਸਾਨ ਪਹੁੰਚਿਆ ਹੈ।

ਨੋਟ– ਕੰਗਨਾ ਤੇ ਜਾਵੇਦ ਅਖ਼ਤਰ ਦੇ ਕੇਸ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News