ਹੁਣ ਪਰਮੀਸ਼ ਵਰਮਾ ਨੇ ਘੇਰੀ ਕੰਗਨਾ ਰਣੌਤ, ਸੋਸ਼ਲ ਮੀਡੀਆ ''ਤੇ ਲਿਖੀ ਇਹ ਗੱਲ
Monday, Nov 29, 2021 - 12:32 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਵੱਲੋਂ ਸੋਸ਼ਲ ਮੀਡੀਆ 'ਤੇ ਸਿੱਖਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਅਜਿਹੇ 'ਚ ਹਰ ਕੋਈ ਕੰਗਨਾ ਰਣੌਤ ਦੀ ਇਸ ਬਿਆਨਬਾਜ਼ੀ 'ਤੇ ਆਪੋ-ਆਪਣਾ ਵਿਰੋਧ ਜਤਾ ਰਿਹਾ ਹੈ। ਹੁਣ ਪੰਜਾਬੀ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਵੀ ਇਸ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਕੁਝ ਲੋਕ ਅਜਿਹੇ ਹਨ, ਜੋ ਆਪਣੇ ਵਰਗੇ ਮੂਰਖ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ 'ਤੇ ਗੰਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੇ ਉਸੇ ਸਟੋਰੀ 'ਚ ਸਾਫ ਕੀਤਾ ਕਿ ਪਰਮੀਸ਼ ਵਰਮਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਜ਼ਿਕਰ ਕਰ ਰਹੇ ਸਨ। ਕੰਗਨਾ ਰਣੌਤ ਲਈ ਪਰਮੀਸ਼ ਵਰਮਾ ਨੇ ਲਿਖਿਆ, ''ਮੈਨੂੰ ਤੁਹਾਡੇ ਲਈ ਅਫ਼ਸੋਸ ਹੈ।'' ਪਰਮੀਸ਼ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਿੱਖਾਂ ਨੂੰ ਮੱਛਰ ਕਹਿ ਕੇ 1984 'ਚ ਸਿੱਖਾਂ ਦੀ ਨਸਲਕੁਸ਼ੀ ਦੀ ਤਾਰੀਫ਼ ਕੀਤੀ ਸੀ, ਜਿਸ ਤੋਂ ਬਾਅਦ ਉਹ ਆਲੋਚਨਾ ਅਤੇ ਜਨਤਕ ਪ੍ਰਤੀਕਰਮ ਦਾ ਕੇਂਦਰ ਬਣੀ ਹੋਈ ਹੈ। ਕੰਗਨਾ ਰਣੌਤ ਨੂੰ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਅਦਾਕਾਰਾ ਨੂੰ ਟਵਿੱਟਰ ਤੋਂ ਸਥਾਈ ਪਾਬੰਦੀ ਮਿਲੀ ਹੈ ਅਤੇ ਵਿਵਾਦਪੂਰਨ ਬਿਆਨ ਦੇਣ ਲਈ ਉਸ ਦਾ ਅਧਿਕਾਰਤ ਖਾਤਾ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉਸ ਵਿਰੁੱਧ ਐੱਫ. ਆਈ. ਆਰ. ਅਤੇ ਕਾਨੂੰਨੀ ਸ਼ਿਕਾਇਤਾਂ ਦਾ ਇਤਿਹਾਸ ਵੀ ਹੈ। ਦੱਸ ਦਈਏ ਕਿ ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਕਿਸਾਨਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰਦੀ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਪੈਨਲ ਦੇ ਚੇਅਰਪਰਸਨ ਰਾਘਵ ਚੱਢਾ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਕੰਗਨਾ ਨੂੰ ਇੰਟਰਨੈੱਟ ਮੀਡੀਆ 'ਤੇ ਕਥਿਤ ਨਫ਼ਰਤ ਭਰੀ ਪੋਸਟ ਲਈ ਤਲਬ ਕੀਤਾ ਹੈ।
ਪੈਨਲ ਦੁਆਰਾ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਕਮੇਟੀ ਨੇ ਕੰਗਨਾ ਰਣੌਤ ਨੂੰ ਉਸ ਦੁਆਰਾ ਪੋਸਟ ਕੀਤੀ ਕਥਿਤ ਇਤਰਾਜ਼ਯੋਗ ਅਤੇ ਅਪਮਾਨਜਨਕ ਇੰਸਟਾਗ੍ਰਾਮ ਸਟੋਰੀ ਦਾ ਹਵਾਲਾ ਦਿੰਦੇ ਹੋਏ ਸ਼ਿਕਾਇਤਾਂ ਦੇ ਆਧਾਰ 'ਤੇ 6 ਦਸੰਬਰ ਨੂੰ ਉਸ ਨੂੰ ਤਲਬ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਗਨਾ ਰਣੌਤ ਨੇ ਆਪਣੀ ਸਟੋਰੀ 'ਚ ਸਿੱਖ ਭਾਈਚਾਰੇ ਨੂੰ 'ਖਾਲਿਸਤਾਨੀ ਅੱਤਵਾਦੀ' ਕਰਾਰ ਦਿੱਤਾ ਹੈ। ਇਸ ਨੂੰ ਲੈ ਕੇ ਮੁੰਬਈ 'ਚ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਹੋ ਚੁੱਕੀ ਹੈ।
6 ਦਸੰਬਰ ਨੂੰ ਹੋਣਾ ਪਵੇਗਾ ਪੇਸ਼
ਸੰਮਨ ਮੁਤਾਬਕ, ਅਦਾਕਾਰਾ ਕੰਗਨਾ ਰਣੌਤ ਨੂੰ ਅਗਲੇ ਮਹੀਨੇ 6 ਦਸੰਬਰ ਨੂੰ ਦੁਪਹਿਰ 12 ਵਜੇ ਤੱਕ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਦਾ ਸਿੱਖਾਂ ਪ੍ਰਤੀ ਬਿਆਨ ਇਤਰਾਜ਼ਯੋਗ ਹੈ, ਇਸ ਲਈ ਸੰਮਨ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਰ ਮਾਰਗ ਪੁਲਸ ਸਟੇਸ਼ਨ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਅਨੁਸਾਰ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਪੋਸਟਾਂ ਜਾਣਬੁੱਝ ਕੇ ਪਾਈਆਂ ਗਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਸਾਂਝਾ ਕੀਤਾ ਗਿਆ।
ਨੋਟ - ਕੰਗਨਾ ਰਣੌਤ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।