ਬਾਲੀਵੁੱਡ ਬਨਾਮ ਸਾਊਥ ਵਿਵਾਦ ’ਤੇ ਬੋਲੇ ਕਮਲ ਹਾਸਨ, ਕਿਹਾ– ਕਨਿਆਕੁਮਾਰੀ ਉਨੀ ਹੀ ਤੁਹਾਡੀ, ਜਿੰਨਾ ਕਸ਼ਮੀਰ ਮੇਰਾ’

Friday, May 27, 2022 - 11:38 AM (IST)

ਮੁੰਬਈ (ਬਿਊਰੋ)– ਸਾਊਥ ਫ਼ਿਲਮਾਂ ਦੀ ਸਫਲਤਾ ਨੂੰ ਲੈ ਕੇ ਚਰਚਾ ਹੁਣ ਆਮ ਗੱਲ ਹੈ। ਹਰ ਕੋਈ ਇਸ ਮੁੱਦੇ ’ਤੇ ਆਪਣੀ ਰਾਏ ਦੇ ਰਿਹਾ ਹੈ। ਹੁਣ ਦਿੱਗਜ ਅਦਾਕਾਰ ਕਮਲ ਹਾਸਨ ਨੇ ਇਸ ’ਤੇ ਕੁਝ ਅਜਿਹਾ ਕਿਹਾ ਹੈ, ਜੋ ਸੁਣਨ ਵਾਲਾ ਹੈ। ਵੀਰਵਾਰ ਨੂੰ ਅਦਾਕਾਰ ਨੇ ਕਿਹਾ ਕਿ ਪੈਨ ਇੰਡੀਆ ਫ਼ਿਲਮ ਇਕ ਨਿਊ ਗੋਲਡ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਅਦਾਕਾਰ ਨੇ ਤਰਕ ਦਿੱਤਾ ਕਿ ਇੰਡੀਅਨ ਸਿਨੇਮਾ ਨੇ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾ ਅਜਿਹੀਆਂ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੇ ਦੇਸ਼ ਭਰ ’ਚ ਧੂਮ ਮਚਾਈ ਹੈ।

ਅਦਾਕਾਰ ਨੇ ਇਹ ਵੀ ਕਿਹਾ ਕਿ ਕੇ. ਆਸਿਫ ਦੀ 1960 ਦੀ ਕਲਾਸਿਕ ‘ਮੁਗਲ-ਏ-ਆਜ਼ਮ’ ਤੇ 1965 ਦੀ ਮਲਿਆਲਮ ਹਿੱਟ ‘ਚੇਮੀਨ’ ਸ਼ੁਰੂਆਤੀ ਸਿਨੇਮਾ ਦੀਆਂ ਵੱਡੀਆਂ ਉਦਾਹਰਣਾਂ ਹਨ। ਕਮਲ ਹਾਸਨ ਨੇ ਕਈ ਭਾਸ਼ਾਵਾਂ ’ਚ 200 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ, ਜਦਕਿ ਉਹ ਤਾਮਿਲ ਸਿਨੇਮਾ ’ਚ ਬਹੁਤ ਸਫਲ ਰਹੇ ਹਨ। ਉਨ੍ਹਾਂ ਨੇ ਤੇਲਗੂ, ਮਲਿਆਲਮ, ਕੰਨੜ, ਹਿੰਦੀ ਤੇ ਬੰਗਾਲੀ ਫ਼ਿਲਮ ਇੰਡਸਟਰੀ ’ਚ ਵੀ ਬਹੁਤ ਕੰਮ ਕੀਤਾ ਹੈ। ਬੁੱਧਵਾਰ ਨੂੰ ਦਿੱਲੀ ’ਚ ਇਕ ਇਵੈਂਟ ’ਚ ਬੋਲਦਿਆਂ ਕਮਲ ਨੇ ਕਿਹਾ ਕਿ ਇਕ ਪੈਨ ਇੰਡੀਆ ਫ਼ਿਲਮ ਦੀ ਸਫਲਤਾ ਇਸ ਦੀ ਅਪੀਲ ਤੇ ਕੰਟੈਂਟ ’ਤੇ ਨਿਰਭਰ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਕਮਲ ਨੇ ਕੁਝ ਫ਼ਿਲਮਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੂੰ ਉਹ ਸਭ ਤੋਂ ਜ਼ਬਰਦਸਤ ਮੰਨਦੇ ਹਨ ਕਿਉਂਕਿ ਉਹ ਪੂਰੇ ਦੇਸ਼ ’ਚ ਸਫਲ ਰਹੀਆਂ ਸਨ। ਉਨ੍ਹਾਂ ਕਿਹਾ, ‘‘ਸ਼ਾਂਤਾਰਾਮ ਜੀ ਨੇ ਕਈ ਇੰਡੀਅਨ ਫ਼ਿਲਮਾਂ ਕੀਤੀਆਂ ਹਨ। ‘ਪੜੋਸਨ’ ਇਕ ਪੈਨ ਇੰਡੀਆ ਫ਼ਿਲਮ ਹੈ। ਮਹਿਮੂਦ ਜੀ ਫ਼ਿਲਮ ’ਚ ਲਗਭਗ ਤਾਮਿਲ ਬੋਲਦੇ ਸਨ। ‘ਮੁਗਲ-ਏ-ਆਜ਼ਮ’ ਕਿਸ ਨੂੰ ਕਹਿੰਦੇ ਹਨ? ਇਹ ਮੇਰੇ ਲਈ ਇਕ ਪੈਨ ਇੰਡੀਆ ਫ਼ਿਲਮ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਸਾਡਾ ਦੇਸ਼ ਅਦਭੁੱਤ ਹੈ। ਅਮਰੀਕਾ ਦੇ ਬਿਲਕੁਲ ਉਲਟ, ਅਸੀਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਾਂ ਪਰ ਅਸੀਂ ਇਕਜੁਟ ਹਾਂ। ਇਹੀ ਇਸ ਦੇਸ਼ ਦੀ ਖ਼ੂਬਸੂਰਤੀ ਹੈ। ਅਸੀਂ ਹਮੇਸ਼ਾ ਪੈਨ ਇੰਡੀਆ ਫ਼ਿਲਮਾਂ ਬਣਾਉਂਦੇ ਰਹਾਂਗੇ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਫ਼ਿਲਮ ਕਿੰਨੀ ਵਧੀਆ ਤੇ ਯੂਨੀਵਰਸਲ ਹੈ। ਫਿਰ ਹਰ ਕੋਈ ਇਸ ਨੂੰ ਦੇਖਣਾ ਚਾਹੇਗਾ। ‘ਚੇਮੀਨ’ ਇਕ ਮਲਿਆਲਮ ਫ਼ਿਲਮ, ਇਕ ਪੈਨ ਇੰਡੀਆ ਫ਼ਿਲਮ ਸੀ। ਉਨ੍ਹਾਂ ਨੇ ਇਸ ਨੂੰ ਡੱਬ ਵੀ ਨਹੀਂ ਕੀਤਾ, ਕੋਈ ਸਬਟਾਈਟਲ ਨਹੀਂ ਸੀ ਤੇ ਲੋਕਾਂ ਨੂੰ ਇਹ ਪਸੰਦ ਆਈ ਸੀ।’’

ਕਮਲ ਹਾਸਨ ਨੇ ‘ਆਰ. ਆਰ. ਆਰ.’ ਤੇ ‘ਕੇ. ਜੀ. ਐੱਫ. 2’ ਵਰਗੀਆਂ ਸਾਊਥ ਦੀਆਂ ਫ਼ਿਲਮਾਂ ਦੀ ਸਫਲਤਾ ਬਾਰੇ ਵੀ ਦੱਸਿਆ। ਦੋਵਾਂ ਨੇ ਦੁਨੀਆ ਭਰ ’ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਤੇ ਹਿੰਦੀ ਬੈਲਟ ’ਚ ਬਾਲੀਵੁੱਡ ਫ਼ਿਲਮਾਂ ਦੇ ਮੁਕਾਬਲੇ ਬਿਹਤਰ ਕਾਰੋਬਾਰ ਕੀਤਾ ਹੈ। ਨੌਰਥ ਤੇ ਸਾਊਥ ਸਿਨੇਮਾ ਦੀ ਬਹਿਸ ਬਾਰੇ ਪੁੱਛੇ ਜਾਣ ’ਤੇ ਅਦਾਕਾਰ ਨੇ ਕਿਹਾ, ‘‘ਮੈਂ ਇਕ ਭਾਰਤੀ ਹਾਂ। ਤੁਸੀਂ ਕੀ ਹੋ? ਤਾਜ ਮਹਿਲ ਮੇਰਾ ਹੈ, ਮਦੁਰੈ ਮੰਦਿਰ ਤੁਹਾਡਾ ਹੈ। ਕਨਿਆਕੁਮਾਰੀ ਉਨੀ ਹੀ ਤੁਹਾਡੀ ਹੈ, ਜਿੰਨਾ ਕਸ਼ਮੀਰ ਮੇਰਾ ਹੈ।’’

ਨੋਟ– ਕਮਲ ਹਾਸਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News