ਕਮਲ ਹਾਸਨ ਨੇ ਰਜਨੀਕਾਂਤ ਦੇ ਸਿਨੇਮਾ ''ਚ 50 ਸਾਲਾਂ ਦੇ ਸਫਰ ਲਈ ਦਿੱਤੀ ਵਧਾਈ
Wednesday, Aug 13, 2025 - 05:13 PM (IST)

ਨਵੀਂ ਦਿੱਲੀ (ਏਜੰਸੀ)- ਸੁਪਰਸਟਾਰ ਰਜਨੀਕਾਂਤ ਆਪਣੇ ਸਿਨੇਮੈਟਿਕ ਸਫ਼ਰ ਦੇ 50 ਸਾਲਾਂ ਦਾ ਜਸ਼ਨ ਮਨਾ ਰਹੇ ਹਨ, ਜਿਸ ਮੌਕੇ 'ਤੇ ਉਦਯੋਗ ਦੇ ਕਈ ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਅਦਾਕਾਰ ਕਮਲ ਹਾਸਨ ਨੇ ਵੀ ਆਪਣੇ ਦੋਸਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਆਪਣੇ ਐਕਸ ਹੈਂਡਲ 'ਤੇ 'ਠੱਗ ਲਾਈਫ' ਅਦਾਕਾਰ ਨੇ ਲਿਖਿਆ, ਸਿਨੇਮਾਈ ਪ੍ਰਤਿਭਾ ਦੀ ਅੱਧੀ ਸਦੀ ਪੂਰੀ ਹੋਣ 'ਤੇ ਮੇਰੇ ਪਿਆਰੇ ਦੋਸਤ ਰਜਨੀਕਾਂਤ ਅੱਜ ਸਿਨੇਮਾ ਵਿਚ 50 ਸ਼ਾਨਦਾਰ ਸਾਲ ਮਨਾ ਰਹੇ ਹਨ। ਮੈਂ ਆਪਣੇ ਸੁਪਰਸਟਾਰ ਦਾ ਸਨਮਾਨ ਅਤੇ ਆਦਰ ਨਾਲ ਜਸ਼ਨ ਮਨਾਉਂਦਾ ਹਾਂ। ਉਨ੍ਹਾਂ ਨੇ ਰਜਨੀਕਾਂਤ ਦੀ ਆਉਣ ਵਾਲੀ ਫ਼ਿਲਮ ‘Coolie’ ਨੂੰ ਵਿਸ਼ਵ ਪੱਧਰ 'ਤੇ ਵੱਡੀ ਸਫਲਤਾ ਮਿਲਣ ਦੀ ਵੀ ਕਾਮਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਲੋਕੇਸ਼ ਕਨਗਰਾਜ, ਨਿਰਮਾਤਾ ਕਲਾਨਿਥੀ ਮਾਰਨ, ਸੰਗੀਤਕਾਰ ਅਨਿਰੁੱਧ ਅਤੇ ਕਾਸਟ ਵਿੱਚ ਸ਼ਾਮਲ ਸਤਿੱਆਰਾਜ, ਨਾਗਾਰਜੁਨ, ਆਮਿਰ ਖਾਨ, ਉਪੇਂਦਰ ਅਤੇ ਸੌਬਿਨ ਸ਼ਾਹਿਰ ਦੀ ਵੀ ਪ੍ਰਸ਼ੰਸਾ ਕੀਤੀ।
ਕਮਲ ਹਾਸਨ ਨੇ ਆਪਣੀ ਧੀ ਸ਼ਰੁਤੀ ਹਾਸਨ, ਜੋ ‘Coolie’ ਦਾ ਹਿੱਸਾ ਹੈ, ਲਈ ਵੀ ਉਤਸ਼ਾਹ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਰਜਨੀਕਾਂਤ ਦੇ golden jubilee ਸਾਲ ਲਈ ਬਿਲਕੁਲ ਉਚਿਤ ਤੋਹਫ਼ਾ ਹੋਵੇਗੀ। ‘Coolie’ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਰਜਨੀਕਾਂਤ ਦੇ ਨਾਲ ਨਾਗਾਰਜੁਨ ਅੱਕੀਨੇਨੀ, ਆਮਿਰ ਖਾਨ, ਉਪੇਂਦਰ, ਸ਼ਰੁਤੀ ਹਾਸਨ, ਸਤਿੱਆਰਾਜ ਅਤੇ ਸੌਬਿਨ ਸ਼ਾਹਿਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।