''ਮੇਡ ਇਨ ਇੰਡੀਆ'' ''ਚ ਦਾਦਾ ਸਾਹਿਬ ਫਾਲਕੇ ਦੀ ਭੂਮਿਕਾ ਨਿਭਾਉਣਗੇ ਜੂਨੀਅਰ NTR
Thursday, May 15, 2025 - 04:49 PM (IST)

ਮੁੰਬਈ (ਏਜੰਸੀ)- ਮੈਨ ਆਫ ਮੈਸੇਜ਼ ਜੂਨੀਅਰ ਐੱਨ.ਟੀ.ਆਰ. ਆਉਣ ਵਾਲੀ ਫਿਲਮ 'ਮੇਡ ਇਨ ਇੰਡੀਆ' ਵਿਚ ਭਾਰਤੀ ਸਿਨੇਮਾ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਹ ਫਿਲਮ ਇਕ ਪੈਨ-ਇੰਡੀਆ ਰਿਲੀਜ਼ ਦੇ ਤੌਰ 'ਤੇ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਭਾਰਤੀ ਸਿਨੇਮਾ ਦੀ ਸ਼ੁਰੂਆਤ ਅਤੇ ਵਿਕਾਸ 'ਤੇ ਆਧਾਰਿਤ ਬਾਇਓਪਿਕ ਵਜੋਂ ਪੇਸ਼ ਕੀਤਾ ਜਾਵੇਗਾ। ਸਾਲ 2023 ਵਿਚ ਐੱਸ.ਐੱਸ. ਰਾਜਾਮੌਲੀ ਨੇ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਸੀ, ਜਿਸ ਨੂੰ ਵਰੁਣ ਗੁਪਤਾ (ਮੈਕਸ ਸਟੂਡੀਓਜ਼) ਅਤੇ ਐੱਸ.ਐੱਸ. ਕਾਰਤੀਕੇਯ (ਸ਼ੋਇੰਗ ਬਿਜਨੈੱਸ) ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਉਦੋਂ ਤੋਂ ਇਸ ਫਿਲਮ ਦੀ ਸਕਰਿਪਟ 'ਤੇ ਕੰਮ ਚੱਲ ਰਿਹਾ ਸੀ ਅਤੇ ਹੁਣ ਇਸ ਦੀ ਫਾਈਨਲ ਡਰਾਫਟ ਲੌਕ ਕਰ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ, ਹਾਲ ਹੀ ਵਿੱਚ ਐੱਸ.ਐੱਸ. ਰਾਜਾਮੌਲੀ, ਐੱਸ.ਐੱਸ. ਕਾਰਤੀਕੇਯ ਅਤੇ ਵਰੁਣ ਗੁਪਤਾ ਨੇ ਜੂਨੀਅਰ ਐੱਨ.ਟੀ.ਆਰ. ਨੂੰ ਸਕ੍ਰਿਪਟ ਸੁਣਾਈ, ਜਿਨ੍ਹਾਂ ਨੇ ਤੁਰੰਤ ਫਿਲਮ ਲਈ ਆਪਣੀ ਮਨਜ਼ੂਰੀ ਦੇ ਦਿੱਤੀ। ਉਹ ਦਾਦਾ ਸਾਹਿਬ ਫਾਲਕੇ ਦੀਆਂ ਅਣਜਾਣ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਹੋਏ। ਇਹ ਕਹਾਣੀ ਭਾਰਤੀ ਸਿਨੇਮਾ ਦੇ ਜਨਮ ਅਤੇ ਵਿਕਾਸ 'ਤੇ ਆਧਾਰਿਤ ਹੈ ਅਤੇ ਇਸ ਦੀਆਂ ਬਾਰੀਕੀਆਂ ਨੇ ਜੂਨੀਅਰ ਐੱਨ.ਟੀ.ਆਰ. ਨੂੰ ਹੈਰਾਨ ਕਰ ਦਿੱਤਾ। ਸਕ੍ਰਿਪਟ ਸੁਣਨ ਤੋਂ ਬਾਅਦ, ਉਨ੍ਹਾਂ ਨੇ ਸਕ੍ਰੀਨਪਲੇ ਅਤੇ ਇਸਦੇ ਟ੍ਰੀਟਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਹ ਫਿਲਮ ਉਨ੍ਹਾਂ ਨੂੰ ਐਕਸ਼ਨ ਤੋਂ ਇਲਾਵਾ ਇੱਕ ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਦੇਵੇਗੀ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ। 'ਮੇਡ ਇਨ ਇੰਡੀਆ' ਐੱਸ.ਐੱਸ. ਰਾਜਾਮੌਲੀ, ਐੱਸ.ਐੱਸ. ਕਾਰਤੀਕੇਯ ਅਤੇ ਵਰੁਣ ਗੁਪਤਾ ਦੇ ਰਚਨਾਤਮਕ ਦ੍ਰਿਸ਼ਟੀਕੋਣ ਨਾਲ, ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਜਾਣ ਦੀ ਕੋਸ਼ਿਸ਼ ਕਰੇਗੀ। ਇਹ ਫਿਲਮ ਦਾਦਾ ਸਾਹਿਬ ਫਾਲਕੇ ਦੀਆਂ ਨਜ਼ਰਾਂ ਰਾਹੀਂ ਭਾਰਤੀ ਸਿਨੇਮਾ ਦੀ ਸ਼ੁਰੂਆਤ ਨੂੰ ਦਰਸਾਏਗੀ ਅਤੇ ਦਰਸ਼ਕਾਂ ਨੂੰ ਇੱਕ ਅਜਿਹਾ ਸਿਨੇਮੈਟਿਕ ਅਨੁਭਵ ਦੇਵੇਗੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ।