‘ਜੋਰਮ’ ਇਕ ਮਹਾਨ ਫ਼ਿਲਮ ਬਣੀ ਹੈ, ਜੋ ਦੇਖੇਗਾ ਉਹ ਜ਼ਰੂਰ 10 ਲੋਕਾਂ ਨੂੰ ਇਸ ਬਾਰੇ ਦੱਸੇਗਾ : ਮਨੋਜ ਬਾਜਪਾਈ

Tuesday, Dec 05, 2023 - 12:48 PM (IST)

‘ਜੋਰਮ’ ਇਕ ਮਹਾਨ ਫ਼ਿਲਮ ਬਣੀ ਹੈ, ਜੋ ਦੇਖੇਗਾ ਉਹ ਜ਼ਰੂਰ 10 ਲੋਕਾਂ ਨੂੰ ਇਸ ਬਾਰੇ ਦੱਸੇਗਾ : ਮਨੋਜ ਬਾਜਪਾਈ

ਅਦਾਕਾਰ ਮਨੋਜ ਬਾਜਪਾਈ ਇਕ ਵਾਰ ਮੁੜ ਆਪਣੀ ਦਮਦਾਰ ਅਦਾਕਾਰੀ ਨਾਲ ਪਰਦੇ ’ਤੇ ਨਜ਼ਰ ਆਉਣ ਲਈ ਤਿਆਰ ਹਨ। ਅਦਾਕਾਰ ਦੀ ਸਰਵਾਈਵਲ ਥ੍ਰਿਲਰ ਫ਼ਿਲਮ ‘ਜੋਰਮ’ 8 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਜੋਰਮ’ ’ਚ ਮਨੋਜ ਬਾਜਪਾਈ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਭਾਈਚਾਰੇ ਦੇ ਵਿਅਕਤੀ ਦੀ ਭੂਮਿਕਾ ’ਚ ਦਿਖਾਇਆ ਗਿਆ ਹੈ। ਦੇਵਾਸ਼ੀਸ਼ ਮਖੀਜਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਮਨੋਜ ਬਾਜਪਾਈ ਨਾਲ ਮੁਹੰਮਦ ਜੀਸ਼ਾਨ ਅਯੂਬ ਤੇ ਸਮਿਤਾ ਤਾਂਬੇ ਵਰਗੇ ਮਹਾਨ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ‘ਜੋਰਮ’ ਬਾਰੇ ਮਨੋਜ ਬਾਜਪਾਈ ਤੇ ਫ਼ਿਲਮ ਦੇ ਡਾਇਰੈਕਟਰ ਦੇਵਾਸ਼ੀਸ਼ ਮਖੀਜਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ, ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਮਨੋਜ ਬਾਜਪਾਈ

ਸਵਾਲ– ਤੁਸੀਂ ਫ਼ਿਲਮਾਂ ਦੀ ਚੋਣ ਕਿਵੇਂ ਕਰਦੇ ਹੋ?
ਜਵਾਬ–
ਬਾਕਸ ਆਫਿਸ ਕਲੈਕਸ਼ਨ ਤੇ ਟ੍ਰੈਂਡ ਤੋਂ ਹੱਟ ਕੇ ਮੈਂ ਇਹ ਦੇਖਦਾ ਹਾਂ ਕਿ ਮੇਰੇ ਸਾਹਮਣੇ ਕਿਹੜੀ ਸਕ੍ਰਿਪਟ ਹੈ। ਇਹ ਮੈਨੂੰ ਉਸ ਤਰੀਕੇ ਨਾਲ ਆਕਰਸ਼ਿਤ ਕਰ ਰਹੀ ਹੈ ਜਿਵੇਂ ਮੈਂ ਆਮ ਤੌਰ ’ਤੇ ਹੁੰਦਾ ਹਾਂ। ਇਸ ਲਈ ਇਹ ਜ਼ਰੂਰੀ ਹੈ ਕਿ ਮੈਂ ਇਕ ਅਦਾਕਾਰ ਦੇ ਰੂਪ ’ਚ ਵਿਕਾਸ ਕਰ ਰਿਹਾ ਹਾਂ ਤੇ ਮੈਂ ਇਕ ਅਜਿਹੀ ਦੁਨੀਆ ਦਾ ਹਿੱਸਾ ਬਣ ਜਾਵਾਂ, ਜਿਸ ਨੂੰ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਮੈਂ ਇਹ ਨਹੀਂ ਦੇਖਦਾ ਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਕਿੰਨਾ ਕਮਾਏਗੀ। ਮੇਰਾ ਕੰਮ ਸਕ੍ਰਿਪਟ ’ਚ ਅਜਿਹੀਆਂ ਚੀਜ਼ਾਂ ਲੱਭਣਾ ਹੈ, ਜੋ ਇਕ ਅਦਾਕਾਰ ਵਜੋਂ ਮੈਨੂੰ ਬਹੁਤ ਕੁਝ ਸਿਖਾਉਣ। ਮੈਨੂੰ ਇਕ ਚੁਣੌਤੀ ਦੇਣ, ਜਿਸ ਨੂੰ ਨਿਭਾਉਣਾ ਚੈਲੇਜਿੰਗ ਹੋਵੇ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਪਾਗਲਾਂ ਵਾਂਗ ਆਰਾਮ ਕਰਦਾ ਹਾਂ ਤੇ ਪਾਗਲਾਂ ਵਾਂਗ ਕੰਮ ਕਰਦਾ ਹਾਂ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਮਨੋਜ ਡਾਇਰੈਕਟਰ ਤੋਂ ਪਹਿਲਾਂ ਮੈਂ ਮਨੋਜ ਬਾਜਪਾਈ ਨੂੰ ਸਰਪ੍ਰਾਈਜ਼ ਕਰਾਂ ਕਿ ਤੂੰ ਸੋਚਦਾ ਸੀ ਕਿ ਤੂੰ ਨਹੀਂ ਕਰ ਸਕਦਾ ਪਰ ਤੂੰ ਕਰ ਦਿਖਾਇਆ। ਤੂੰ ਸੋਚਦਾ ਸੀ ਕਿ ਤੂੰ ਇਸ ਸਕ੍ਰਿਪਟ ਤੋਂ ਬਸ ਇੰਨਾ ਹੀ ਸਿੱਖ ਸਕਦਾ ਹੈ ਪਰ ਤੂੰ ਉਸ ਤੋਂ ਵੱਧ ਸਿੱਖਿਆ। ਮੈਂ ਖ਼ੁਦ ਨਾਲ ਚੁਣੌਤੀ ਲੈਂਦਾ ਹਾਂ ਤੇ ਬਾਕੀ ਜੋ ਬਚ ਜਾਂਦੀ ਹੈ, ਉਹ ਡਾਇਰੈਕਟਰ ਦੇ ਦਿੰਦੇ ਹਨ।

ਸਵਾਲ– ਦਸਰੂ ਦੇ ਕਿਰਦਾਰ ਲਈ ਤੁਸੀਂ ਕਿਵੇਂ ਤਿਆਰੀ ਕੀਤੀ?
ਜਵਾਬ–
ਅਜਿਹੇ ਕਿਰਦਾਰ ਨਿਭਾਉਣ ਲਈ ਤੁਹਾਨੂੰ ਆਪਣੇ ਜੀਵਨ ਦੇ ਤਜਰਬੇ ਬਹੁਤ ਕੰਮ ਆਉਂਦੇ ਹਨ। ਮੈਂ ਬਚਪਨ ਤੋਂ ਹੀ ਲੋਕਾਂ ਨੂੰ ਖੇਤਾਂ ’ਚ ਕੰਮ ਕਰਦੇ ਦੇਖਿਆ ਹੈ। ਮੈਂ ਉਨ੍ਹਾਂ ਦੇ ਬੱਚਿਆਂ ਨਾਲ ਖੇਡਦਾ ਸੀ ਤਾਂ ਉਨ੍ਹਾਂ ਦੇ ਤੌਰ-ਤਰੀਕੇ ਕਿਰਦਾਰ ਦੇ ਅਨੁਸਾਰ ਅਪਣਾਉਣਾ ਸਭ ਤੋਂ ਜ਼ਰੂਰੀ ਕੰਮ ਹੈ। ਅਜਿਹੇ ’ਚ ਜਦੋਂ ਤੁਹਾਨੂੰ ਕੋਈ ਕਿਰਦਾਰ ਮਿਲਦਾ ਹੈ ਤਾਂ ਤੁਸੀਂ ਉਸ ਬਾਰੇ ਸੋਚਦੇ ਹੋ ਕਿ ਉਸ ਨੂੰ ਕਿਥੋਂ ਚੁੱਕਾਂ। ਫ਼ਿਲਮ ਡਾਇਰੈਕਟਰ ਦੀ ਖੋਜ ਤੁਹਾਡੇ ਕਾਫ਼ੀ ਕੰਮ ਆਉਂਦੀ ਹੈ। ਨਾਲ ਹੀ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਕਿਰਦਾਰ ਦੇ ਅਨੁਸਾਰ ਢਲਣਾ ਹੁੰਦਾ ਹੈ। ਪੂਰੀ ਤਰ੍ਹਾਂ ਤਿਆਰ ਹੋ ਕੇ ਸ਼ੂਟ ’ਤੇ ਜਾਂਦਾ ਹਾਂ ਪਰ ਮੈਂ ਕਦੇ ਸਕ੍ਰਿਪਟ ਲੈ ਕੇ ਉਥੇ ਨਹੀਂ ਜਾਂਦਾ। ਜੇ ਮੈਂ ਉਸ ਨੂੰ ਲੈ ਕੇ ਗਿਆ ਤਾਂ ਫਿਰ ਮੈਂ ਦੇਵਾਸ਼ੀਸ਼ ਨਾਲ ਲੜਾਈ ਕਰਦਾ ਰਹਾਂਗਾ। ਇਸ ਲਈ ਮੈਂ ਸਿਰਫ਼ ਕਿਰਦਾਰ ਬਾਰੇ ਸੋਚਦਾ ਹਾਂ।

ਇਹ ਖ਼ਬਰ ਵੀ ਪੜ੍ਹੋ : ਗਾਇਕ ਹਨੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਸਵਾਲ– ਕੀ ‘ਜੋਰਮ’ ਹਰ ਤਰ੍ਹਾਂ ਦੇ ਦਰਸ਼ਕ ਵਰਗ ਨੂੰ ਪਸੰਦ ਆਵੇਗੀ?
ਜਵਾਬ–
ਪਤਾ ਨਹੀਂ ਪਰ ਇੰਨਾ ਅਸੀਂ ਜ਼ਰੂਰ ਮੰਨਦੇ ਹਾਂ ਕਿ ਕਿ ਇਹ ਇਕ ਮਹਾਨ ਫ਼ਿਲਮ ਬਣੀ ਹੈ। ਜੋ ਵੀ ਫ਼ਿਲਮ ਦੇਖਣ ਜਾਵੇਗਾ, ਉਹ ਜ਼ਰੂਰ 10 ਲੋਕਾਂ ਨੂੰ ਇਸ ਫ਼ਿਲਮ ਬਾਰੇ ਦੱਸੇਗਾ। ਇਹ ਮੈਨੂੰ ਪੂਰਾ ਭਰੋਸਾ ਹੈ। ਫ਼ਿਲਮ ਦੇਖਣ ਤੋਂ ਬਾਅਦ ਤੁਸੀਂ ਖ਼ੁਦ ਆਪਣੀ ਜ਼ਿੰਮੇਵਾਰੀ ਸਮਝੋਗੇ ਕਿ ਜੇਕਰ ਮੈਂ ਅਜਿਹੀ ਕਮਾਲ ਦੀ ਫ਼ਿਲਮ ਦੇਖ ਕੇ ਵਾਪਸ ਆ ਰਿਹਾ ਹਾਂ ਤਾਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਇਸ ਬਾਰੇ ਜ਼ਰੂਰ ਦੱਸਾਂ।

ਸਵਾਲ– ਫ਼ਿਲਮ ਦਾ ਕੋਈ ਸੀਨ, ਜੋ ਤੁਹਾਨੂੰ ਯਾਦ ਰਹੇਗਾ?
ਜਵਾਬ–
ਉਂਝ ਤਾ ਪੂਰੀ ਫ਼ਿਲਮ ਤੁਹਾਨੂੰ ਬਹੁਤ ਸਾਰੀ ਸਿੱਖਿਆ ਦਿੰਦੀ ਹੈ ਪਰ ‘ਜੋਰਮ’ ਦਾ ਕਲਾਈਮੈਕਸ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਇਸ ਦੇ ਬਹੁਤ ਸਾਰੇ ਸੀਨ ਹਨ, ਜੋ ਹਾਲੇ ਤੱਕ ਲੋਕਾਂ ਨੇ ਕਿਸੇ ਫ਼ਿਲਮ ’ਚ ਨਹੀਂ ਦੇਖੇ ਹਨ। ਇਸ ਲਈ ਫ਼ਿਲਮ ਦੇ ਡਾਇਰੈਕਟਰ ਤੋਂ ਲੈ ਕੇ ਇਸ ਨਾਲ ਜੁੜੇ ਹਰ ਵਿਅਕਤੀ ਨੇ ਬਹੁਤ ਮਿਹਨਤ ਕੀਤੀ ਹੈ।

ਦੇਵਾਸ਼ੀਸ਼ ਮਖੀਜਾ

ਸਵਾਲ– ਫ਼ਿਲਮ ਨੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ’ਚ ਖ਼ੂਬ ਨਾਮ ਕਮਾਇਆ ਹੈ। ਅਜਿਹੇ ’ਚ ਦਰਸ਼ਕਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ?
ਜਵਾਬ–
ਸਾਨੂੰ ‘ਜੋਰਮ’ ਲਈ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਕਈ ਸਾਲਾਂ ਤੋਂ ਕੋਈ ਭਾਰਤੀ ਫ਼ਿਲਮ 5 ਮਹਾਦੀਪਾਂ ਦੇ ਚੋਟੀ ਦੇ ਫ਼ਿਲਮ ਫੈਸਟੀਵਲਜ਼ ’ਚ ਨਹੀਂ ਦਿਖਾਈ ਗਈ ਹੈ। ਅਜਿਹੀ ਸਥਿਤੀ ’ਚ ਅਸੀਂ ਇਸ ਨੂੰ ਦਿਖਾਉਣ ਲਈ ਕੋਈ ਮਹਾਦੀਪ ਨਹੀਂ ਛੱਡਿਆ। ਇਹ ਬਹੁਤ ਮੁਸ਼ਕਿਲ ਸੀ ਕਿਉਂਕਿ ਜੇਕਰ ਤੁਸੀਂ ਫ਼ਿਲਮ ਬਣਾਉਂਦੇ ਹੋ ਤਾਂ ਅਮਰੀਕਾ, ਯੂਰਪ ਨੂੰ ਪਸੰਦ ਆਉਂਦੀ ਹੈ, ਏਸ਼ੀਆ ਨੂੰ ਨਹੀਂ ਜਾਂ ਏਸ਼ੀਆ ਤੇ ਯੂਰਪ ਨੂੰ ਸਮਝ ਆਉਂਦੀ ਹੈ, ਅਫਰੀਕਾ ਨੂੰ ਨਹੀਂ ਆਉਂਦੀ। ਅਸੀਂ ਹਰ ਕਾਨਟੀਨੈਂਟ ਦੇ ਟਾਪ ਫੈਸਟੀਵਲ ’ਚ ਇਸ ਨੂੰ ਦਿਖਾਇਆ। ਜਿਸ ਦੇ ਸਾਨੂੰ ਪਾਜ਼ੇਟਿਵ ਰਿਸਪਾਂਸ ਮਿਲੇ।

ਸਵਾਲ– 2014 ’ਚ ‘ਜੋਰਮ’ ਨੂੰ ਮਨੋਜ ਬਾਜਪਾਈ ਨੇ ਹਾਂ ਕਿਹਾ, ਇਸ ਤੋਂ ਬਾਅਦ ਇਸ ਦੀ ਕਹਾਣੀ ’ਚ ਕੀ ਬਦਲਾਅ ਆਏ?
ਜਵਾਬ–
ਇੰਨੇ ਸਮੇਂ ’ਚ ਫ਼ਿਲਮ ਦੀ ਮੂਲ ਕਹਾਣੀ ’ਚ ਤਾਂ ਅਸੀਂ ਕੋਈ ਬਦਲਾਅ ਨਹੀਂ ਕੀਤੇ। ਜੇਕਰ ਅਜਿਹਾ ਹੁੰਦਾ ਤਾਂ ਮਨੋਜ ਜੀ ਫ਼ਿਲਮ ਛੱਡ ਦਿੰਦੇ। 2016 ’ਚ ਉਨ੍ਹਾਂ ਨੇ ਫ਼ਿਲਮ ਦੀ ਸਕ੍ਰਿਪਟ ਪੜ੍ਹੀ। ਇਸ ਤੋਂ ਬਾਅਦ ਅਸੀਂ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਚਾਹੁੰਦੇ ਸੀ ਕਿ ਫ਼ਿਲਮ ਦਾ ਦਾਇਰਾ ਵੱਡਾ ਹੋਵੇ।

ਸਵਾਲ– ‘ਜੋਰਮ’ ਦੀ ਸ਼ੂਟਿੰਗ ਦੇ ਸਮੇਂ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ?
ਜਵਾਬ–
ਭੂਗੋਲਿਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਫ਼ਿਲਮ ਮਹਾਰਾਸ਼ਟਰ ਤੋਂ ਝਾਰਖੰਡ ਤੱਕ ਦੇ ਪੂਰੇ ਖ਼ੇਤਰ ਨੂੰ ਕਵਰ ਕਰਦੀ ਹੈ। ਕਿਰਦਾਰ ਦੇ ਹਿਸਾਬ ਨਾਲ ਤੁਸੀਂ ਇਨ੍ਹਾਂ ਸਾਰੀਆਂ ਥਾਵਾਂ ਨੂੰ ਫ਼ਿਲਮ ’ਚ ਦੇਖੋਗੇ। ਇਹ ਕਾਫ਼ੀ ਚੁਣੌਤੀਪੂਰਨ ਸੀ। 2016 ’ਚ ਵੀ ਇਹੀ ਸਵਾਲ ਵਾਰ-ਵਾਰ ਉੱਠ ਰਿਹਾ ਸੀ ਕਿ ਛੋਟੀ ਬੱਚੀ ਨਾਲ ਇਨ੍ਹਾਂ ਥਾਵਾਂ ’ਤੇ ਸ਼ੂਟਿੰਗ ਕਿਵੇਂ ਹੋਵੇਗੀ ਤੇ ਕਰਾਂਗੇ ਕਿਵੇਂ? ਉਸ ਸਮੇਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਸਭ ਕੁਝ ਕਿਵੇਂ ਹੋਵੇਗਾ ਪਰ ਸਾਡੇ ਦਿਮਾਗ ’ਚ ਸੋਚਿਆ ਹੋਇਆ ਸੀ ਕਿ ਸਭ ਕਿਸ ਤਰ੍ਹਾਂ ਕਰਨਾ ਹੈ।

ਸਵਾਲ– ਯੰਗ ਜੈਨਰੇਸ਼ਨ ਤੇ ਮਨੋਜ ਬਾਜਪਾਈ ਵਰਗੇ ਕਲਾਕਾਰਾਂ ਵਿਚਕਾਰ ਤੁਹਾਨੂੰ ਕੀ ਅੰਤਰ ਨਜ਼ਰ ਆਉਂਦੇ ਹਨ?
ਜਵਾਬ–
ਮਨੋਜ ਜੀ ਦੀ ਜੈਨਰੇਸ਼ਨ ਤੋਂ ਤਿੰਨ-ਚਾਰ ਕਲਾਕਾਰ ਹੀ ਹਨ, ਜੋ ਕਿਰਦਾਰ ਦੇ ਨਾਲ ਜਿਊਂਦੇ ਹਨ ਤੇ ਉਸ ’ਚ ਸਮਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਸ ਜ਼ਮਾਨੇ ਦੇ ਕਈ ਕਲਾਕਾਰ ਸਟਾਰ ਨਾ ਹੋਣ ਦੇ ਬਾਵਜੂਦ ਖ਼ੁਦ ਨੂੰ ਸਟਾਰ ਮੰਨਦੇ ਹਨ। ਅੱਜ ਦੀ ਜੈਨਰੇਸ਼ਨ ’ਚ ਕੰਮ ਤੇ ਸਿੱਖਣ ਦੀ ਭੁੱਖ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News