ਜਾਵੇਦ ਅਖ਼ਤਰ ਨੇ ਵਿੰਨ੍ਹਿਆ ਤਾਲਿਬਾਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ’ਤੇ ਨਿਸ਼ਾਨਾ

09/16/2021 1:01:11 PM

ਮੁੰਬਈ (ਬਿਊਰੋ)– ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਹਿੰਦੂ ਦੁਨੀਆ ’ਚ ਸਭ ਤੋਂ ਜ਼ਿਆਦਾ ਸਹਿਣਸ਼ੀਲ ਹਨ। ਉਨ੍ਹਾਂ ਕਿਹਾ ਕਿ ਉਹ ਮੁਸਲਿਮ ਕੱਟੜਪੰਥੀਆਂ ਦੇ ਜਿੰਨੇ ਵੱਡੇ ਵਿਰੋਧੀ ਹਨ, ਉਨੇ ਹੀ ਹਿੰਦੂ ਕੱਟੜਪੰਥੀਆਂ ਦੇ ਵੀ ਹਨ। ਅਖ਼ਤਰ ਨੇ ਜ਼ਿਕਰ ਕੀਤਾ ਕਿ ਆਪਣੇ ਸੁਭਾਅ ਕਾਰਨ ਉਨ੍ਹਾਂ ਨੂੰ ਮੁਸਲਮਾਨਾਂ ਵਲੋਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। ਪ੍ਰਸਿੱਧ ਸਕ੍ਰੀਨ ਰਾਈਟਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਲਿਬਾਨ ਤੇ ਹਿੰਦੂ ਸੱਜੇ ਪੱਖੀਆਂ ’ਚ ਕਈ ਸਾਮਾਨਾਤਾਵਾਂ ਦਿਖਾਈ ਦਿੰਦੀਆਂ ਹਨ।

ਹਾਲ ਹੀ ’ਚ ਆਪਣੀ ਇੰਟਰਵਿਊ, ਜਿਸ ’ਚ ਅਖ਼ਤਰ ਨੇ ਤਾਲਿਬਾਨ ਤੇ ਹਿੰਦੂ ਕੱਟੜਪੰਥੀਆਂ ਨੂੰ ਇਕੋ ਜਿਹਾ ਮੰਨਿਆ ਹੈ, ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਹਿੰਦੂ ਦੁਨੀਆ ’ਚ ਸਭ ਤੋਂ ਜ਼ਿਆਦਾ ਸਹਿਣਸ਼ੀਲ ਲੋਕ ਹਨ। ਅਫ਼ਗਾਨਿਸਤਾਨ ’ਚ ਤਾਲਿਬਾਨ ਨੂੰ ਛੋਟ ਮਿਲੀ ਹੋਈ ਤੇ ਭਾਰਤ ਦੀ ਧਰਮ-ਨਿਰਪੱਖਤਾ ਇਸ ਦੇ ਸੰਵਿਧਾਨ ਤੇ ਅਦਾਲਤਾਂ ਦੀ ਸਰਪ੍ਰਸਤੀ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ‘ਸ਼ਰਾਬ’ ਗੀਤ ਨੂੰ ਲੈ ਕੇ ਕਸੂਤੇ ਫਸੇ ਕਰਨ ਔਜਲਾ ਤੇ ਹਰਜੀਤ ਹਰਮਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਅਖ਼ਤਰ ਨੇ ਇਕ ਟੀ. ਵੀ. ਚੈਨਲ ’ਤੇ ਟਿੱਪਣੀ ਕਰਨ ਤੋਂ ਬਾਅਦ ਇਕ ਬਿਆਨ ’ਚ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਵਹਿਸ਼ੀ ਹਨ ਤੇ ਜੋ ਲੋਕ ਭਾਰਤ ’ਚ ਸੱਜੇ ਪੱਖੀ ਸੰਗਠਨਾਂ ਦੀ ਹਮਾਇਤ ਕਰ ਰਹੇ ਹਨ, ਉਹ ਵੀ ਉਸੇ ਤਰ੍ਹਾਂ ਦੇ ਹੀ ਹਨ। ਈ-ਮੇਲ ਜ਼ਰੀਏ ਭੇਜੇ ਗਏ ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਭਾਰਤ ਕਦੇ ਅਫ਼ਗਾਨਿਸਤਾਨ ਨਹੀਂ ਬਣ ਸਕਦਾ। ਇਸ ਦਾ ਕਾਰਨ ਇਹ ਹੈ ਕਿ ਸੁਭਾਵਿਕ ਤੌਰ ’ਤੇ ਭਾਰਤ ਕੱਟੜਪੰਥੀ ਨਹੀਂ ਹੈ। ਕੰਟਰੋਲ ’ਚ ਰਹਿਣਾ ਇੰਨਾ ਦੇ ਡੀ. ਐੱਨ. ਏ. ’ਚ ਹੈ। ਉਹ ਵਿਚਲਾ ਰਸਤਾ ਅਪਣਾਉਂਦੇ ਹਨ।

ਉਨ੍ਹਾਂ ਅੱਗੇ ਕਿਹਾ, ‘ਹਾਂ ਇਸ ਇੰਟਰਵਿਊ ’ਚ ਮੈਂ ਸੰਘ ਪਰਿਵਾਰ ਨਾਲ ਜੁੜੇ ਸੰਗਠਨਾਂ ਖ਼ਿਲਾਫ਼ ਇਤਰਾਜ਼ ਪ੍ਰਗਟਾਇਆ ਸੀ। ਮੈਂ ਧਰਮ, ਜਾਤੀ ਤੇ ਨਸਲ ਦੇ ਆਧਾਰ ’ਤੇ ਵੰਡਣ ਵਾਲੀ ਕਿਸੇ ਵੀ ਵਿਚਾਰਧਾਰਾ ਦਾ ਵਿਰੋਧੀ ਹਾਂ। ਇਸ ਤਰ੍ਹਾਂ ਦੇ ਭੇਦਭਾਵ ਖ਼ਿਲਾਫ਼ ਖੜ੍ਹੇ ਸਾਰੇ ਲੋਕਾਂ ਨਾਲ ਖੜ੍ਹਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News