ਬੰਗਾ ਰੈਲੀ ਦੌਰਾਨ ਜੱਸ ਬਾਜਵਾ ਦਾ ਮੋਬਾਇਲ ਫੋਨ ਹੋਇਆ ਚੋਰੀ, ਵਾਪਸ ਕਰਨ ਵਾਲੇ ਨੂੰ ਮਿਲੇਗਾ 1 ਲੱਖ ਦਾ ਇਨਾਮ

03/24/2021 1:53:08 PM

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਬੰਗਾ ਵਿਖੇ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ਦੌਰਾਨ ਪੰਜਾਬੀ ਗਾਇਕਾਂ ਨੇ ਵੀ ਸ਼ਿਰਕਤ ਕੀਤੀ ਪਰ ਪੰਜਾਬੀ ਗਾਇਕ ਜੱਸ ਬਾਜਵਾ ਦਾ ਰੈਲੀ ਦੌਰਾਨ ਮੋਬਾਇਲ ਫੋਨ ਚੋਰੀ ਹੋ ਗਿਆ। ਇਸ ਗੱਲ ਦੀ ਜਾਣਕਾਰੀ ਜੱਸ ਬਾਜਵਾ ਨੇ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਸਾਂਝੀ ਕਰਕੇ ਦਿੱਤੀ ਹੈ।

ਜੱਸ ਬਾਜਵਾ ਨੇ ਕਿਹਾ ਕਿ ਜਦੋਂ ਉਹ ਸਟੇਜ ਤੋਂ ਭਾਸ਼ਣ ਦੇ ਕੇ ਉਤਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਜੇਬ ’ਚੋਂ ਮੋਬਾਇਲ ਫੋਨ ਕੱਢ ਲਿਆ। ਰੈਲੀ ਦੌਰਾਨ ਸਿਰਫ ਉਨ੍ਹਾਂ ਦਾ ਹੀ ਨਹੀਂ, ਸਗੋਂ ਹੋਰ ਵੀ ਮੋਬਾਇਲ ਫੋਨ ਚੋਰੀ ਹੋਏ ਹਨ। ਜੱਸ ਨੇ ਮੋਬਾਇਲ ਫੋਨ ਚੋਰੀ ਕਰਨ ਵਾਲੇ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਮੋਬਾਇਲ ਫੋਨ ਵਾਪਸ ਕੀਤਾ ਜਾਵੇ ਕਿਉਂਕਿ ਉਸ ’ਚ ਜੱਸ ਦੇ ਜ਼ਰੂਰੀ ਨੰਬਰ, ਦਸਤਾਵੇਜ਼ ਤੇ ਰਿਕਾਰਡ ਕੀਤੇ ਗੀਤ ਮੌਜੂਦ ਹਨ।

 
 
 
 
 
 
 
 
 
 
 
 
 
 
 
 

A post shared by Jass Bajwa (ਜੱਸਾ ਜੱਟ) (@officialjassbajwa)

ਜੱਸ ਨੇ ਕਿਹਾ ਕਿ ਉਨ੍ਹਾਂ ਇਹ ਵੀਡੀਓ ਵੀ ਇਸੇ ਲਈ ਬਣਾਈ ਹੈ ਕਿਉਂਕਿ ਕਿਸਾਨੀ ਸੰਘਰਸ਼ ਨਾਲ ਸਬੰਧਤ ਅਜਿਹੇ ਕਈ ਲੋਕਾਂ ਦੇ ਨੰਬਰ ਉਸ ਫੋਨ ’ਚ ਮੌਜੂਦ ਹਨ, ਜਿਨ੍ਹਾਂ ਦੀ ਰੋਜ਼ਾਨਾ ਉਨ੍ਹਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਇਸੇ ਲਈ ਉਹ ਇਹ ਵੀਡੀਓ ਬਣਾ ਰਹੇ ਹਨ। 

ਜੱਸ ਬਾਜਵਾ ਨੇ ਮੋਬਾਇਲ ਫੋਨ ਵਾਪਸ ਕਰਨ ਵਾਲੇ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਵਾਪਸ ਕਰਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਜੇ ਉਹ ਮੋਬਾਇਲ ਫੋਨ ਪਾਰਸਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੰਬਰ ਵੀ ਸਾਂਝਾ ਕੀਤਾ, ਜਿਸ ’ਤੇ ਫੋਨ ਕਰਕੇ ਉਹ ਜੱਸ ਬਾਜਵਾ ਨਾਲ ਸੰਪਰਕ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਇਸ ਵੀਡੀਓ ’ਤੇ ਜੱਸ ਬਾਜਵਾ ਨੂੰ ਚਾਹੁਣ ਵਾਲਿਆਂ ਦੇ ਖੂਬ ਕੁਮੈਂਟਸ ਆ ਰਹੇ ਹਨ। ਇਸੇ ਲਿਸਟ ’ਚ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਜੱਸ ਬਾਜਵਾ ਦੀ ਇਸ ਵੀਡੀਓ ’ਤੇ ਕੁਮੈਂਟ ਕੀਤਾ ਹੈ। ਰੇਸ਼ਮ ਸਿੰਘ ਅਨਮੋਲ ਨੇ ਵੀ ਮੋਬਾਇਲ ਫੋਨ ਵਾਪਸ ਕਰਨ ਵਾਲੇ ਨੂੰ ਆਪਣੇ ਵਲੋਂ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News