ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ

Saturday, Sep 17, 2022 - 10:43 AM (IST)

ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਕਥਿਤ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਪਣਾ ਬਿਆਨ ਦਰਜ ਕਰਵਾਉਣ ਲਈ ਬੁੱਧਵਾਰ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ.) ਦੇ ਸਾਹਮਣੇ ਪੇਸ਼ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ ਦੀ ਨਾਗਰਿਕ ਜੈਕਲੀਨ ਤੀਜਾ ਸੰਮਨ ਜਾਰੀ ਹੋਣ ਤੋਂ ਬਾਅਦ ਜਾਂਚ ’ਚ ਸ਼ਾਮਲ ਹੋਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਨਾਲ ਪਿੰਕੀ ਈਰਾਨੀ ਵੀ ਮੌਜੂਦ ਸੀ। ਈਰਾਨੀ ਨੇ ਹੀ ਜੈਕਲੀਨ ਦੀ ਚੰਦਰਸ਼ੇਖਰ ਨਾਲ ਗੱਲਬਾਤ ਕਰਵਾਈ ਸੀ। ਹੁਣ ਖ਼ਬਰਾਂ ਹਨ ਕਿ ਪੁੱਛਗਿੱਛ ਦੌਰਾਨ ਜੈਕਲੀਨ ਤੇ ਪਿੰਕੀ ਇਕ-ਦੂਜੇ ਨਾਲ ਭਿੜ ਗਈਆਂ।

ਏ. ਐੱਨ. ਆਈ. ਨੇ ਆਰਥਿਕ ਅਪਰਾਧ ਸ਼ਾਖਾ ਦੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਜਦੋਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਹ ਬਹਿਸ ਕਰਦੀਆਂ ਰਹੀਆਂ ਤੇ ਲਗਭਗ ਦੋ ਘੰਟਿਆਂ ਤਕ ਇਕ-ਦੂਜੇ ’ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੀਆਂ ਰਹੀਆਂ। ਪਿੰਕੀ ਨੇ ਜੈਕਲੀਨ ’ਤੇ ਸੁਕੇਸ਼ ਤੋਂ ਤੋਹਫ਼ੇ ਲੈਣ ਦਾ ਦੋਸ਼ ਲਗਾਇਆ, ਇਹ ਜਾਣਦਿਆਂ ਕਿ ਉਹ 200 ਕਰੋੜ ਦੀ ਧੋਖਾਧੜੀ ਦੇ ਦੋਸ਼ ’ਚ ਸਲਾਖਾਂ ਦੇ ਪਿੱਛੇ ਹੈ।

ਉਥੇ ਜੈਕਲੀਨ ਨੇ ਪਿੰਕੀ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਸੁਕੇਸ਼ ਚੰਦਰਸ਼ੇਖਰ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਸੀ। ਰਿਪੋਰਟ ਮੁਤਾਬਕ ਦੋਵਾਂ ਨੇ ਕਥਿਤ ਤੌਰ ’ਤੇ ਇਕ-ਦੂਜੇ ਨੂੰ ਅਪਸ਼ਬਦ ਬੋਲੇ, ਜਿਸ ਤੋਂ ਬਾਅਦ ਪੁਲਸ ਨੂੰ ਵਿਚਾਲੇ ਆ ਕੇ ਬਚਾਅ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ : ਕਾਮੇਡੀਅਨ ਮੁਨਾਵਰ ਫਾਰੂਖ਼ੀ ਨੇ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਸ਼ਰਧਾਂਜਲੀ, ਲਿਖਿਆ– ‘ਨਾਂ ਹੋਵੇ ਮਸ਼ਹੂਰ ਮੂਸੇ ਵਾਂਗ...’

ਜ਼ਿਕਰਯੋਗ ਹੈ ਕਿ ਪਿੰਕੀ ਈਰਾਨੀ ਨੇ ਜ਼ਾਹਿਰ ਤੌਰ ’ਤੇ ਬਾਲੀਵੁੱਡ ਅਦਾਕਾਰਾ ਜੈਕਲੀਨ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਮਿਲਵਾਇਆ ਸੀ। ਜੈਕਲੀਨ ਕੋਲੋਂ 8 ਘੰਟਿਆਂ ਤਕ ਪੁੱਛਗਿੱਛ ਹੋਈ। ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ ’ਤੇ ਉਸ ਨੂੰ ਈ. ਓ. ਡਬਲਯੂ. ਵਲੋਂ ਬੁਲਾਇਆ ਜਾਵੇਗਾ। ਦਿੱਲੀ ਪੁਲਸ ਨੇ ਜੈਕਲੀਨ ਕੋਲੋਂ ਪੁੱਛਣ ਲਈ 100 ਅਜੀਬ ਸਵਾਲਾਂ ਦੀ ਇਕ ਲਿਸਟ ਤਿਆਰ ਕੀਤੀ ਸੀ।

ਦੱਸ ਦੇਈਏ ਕਿ ਦਿੱਲੀ ਪੁਲਸ ਵਲੋਂ ਜੈਕਲੀਨ ਨੂੰ ਇਹ ਤੀਜੀ ਵਾਰ ਸੰਮਨ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਦੋ ਵਾਰ ਤਲਬ ਕੀਤਾ ਗਿਆ ਸੀ ਪਰ ਉਹ ਦੋਵੇਂ ਵਾਰ ਪੇਸ਼ ਨਹੀਂ ਹੋਈ। ਈ. ਡੀ. ਨੇ ਪਹਿਲਾਂ ਕਿਹਾ ਸੀ ਕਿ ਜੈਕਲੀਨ ਦੇ ਬਿਆਨ 30 ਅਗਸਤ ਤੇ 20 ਅਕਤੂਬਰ, 2021 ਨੂੰ ਦਰਜ ਕੀਤੇ ਗਏ ਸਨ, ਜਿਥੇ ਉਸ ਨੇ ਸੁਕੇਸ਼ ਤੋਂ ਤੋਹਫ਼ੇ ਲੈਣ ਦੀ ਗੱਲ ਕਬੂਲ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News