ਪਤੀ ਤੋਂ ਬਿਨਾਂ ਸਮਾਜ ’ਚ ਰਹਿਣਾ ਇਕ ਔਰਤ ਲਈ ਬਹੁਤ ਔਖਾ ਹੁੰਦਾ- ਨੀਰੂ ਬਾਜਵਾ

Thursday, Sep 26, 2024 - 11:39 AM (IST)

ਜਲੰਧਰ- ਪੰਜਾਬੀ ਫ਼ਿਲਮ 'ਸ਼ੁਕਰਾਨਾ' 'ਚ ਨੀਰੂ ਬਾਜਵਾ, ਅੰਮ੍ਰਿਤ ਮਾਨ ਤੇ ਜੱਸ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ 27 ਸਤੰਬਰ ਨੂੰ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਲਈ ਰਿਲੀਜ਼ ਹੋਣ ਜਾ ਰਹੀ ਹੈ। 'ਸ਼ੁਕਰਾਨਾ' ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਜਗਦੀਪ ਵੜਿੰਗ ਵਲੋਂ ਲਿਖੀ ਗਈ ਹੈ। ਫ਼ਿਲਮ ਭਗਵੰਤ ਵਿਰਕ, ਲੱਕੀ ਕੌਰ ਤੇ ਸੰਤੋਸ਼ ਥੀਟੇ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ, ਅੰਮ੍ਰਿਤ ਮਾਨ ਤੇ ਜੱਸ ਬਾਜਵਾ ਨਾਲ ਖ਼ਾਸ ਮੁਲਾਕਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਕਦੇ ਅਜਿਹੀ ਚੀਜ਼ ਲਈ ਵੀ ਸ਼ੁਕਰਾਨਾ ਕੀਤਾ ਹੈ, ਜੋ ਤੁਹਾਡੀ ਜ਼ਿੰਦਗੀ ’ਚ ਨਹੀਂ ਹੋਈ?
ਅੰਮ੍ਰਿਤ ਮਾਨ– ਜੀ ਹਾਂ ਬਿਲਕੁਲ! ਮੈਂ ਬਾਹਰ ਜਾਣ ਦਾ ਚਾਹਵਾਨ ਸੀ। ਕੈਨੇਡਾ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ। ਮੇਰੇ ਆਈਲੈਟਸ ’ਚੋਂ ਵੀ ਬੈਂਡ ਵਧੀਆ ਆ ਗਏ। ਨਾਲ ਹੀ ਮੈਂ ਇੰਜੀਨੀਅਰਿੰਗ ਲਈ ਚੰਡੀਗੜ੍ਹ ’ਚ ਅਪਲਾਈ ਕਰ ਦਿੱਤਾ। ਮੈਨੂੰ ਸੀ ਕਿ ਥੋੜ੍ਹੇ ਦਿਨ ਇਥੇ ਲਾਵਾਂਗਾ, ਨਾਲ ਹੀ ਵੀਜ਼ਾ ਆ ਜਾਣਾ ਤੇ ਮੈਂ ਬਾਹਰ ਚਲਾ ਜਾਵਾਂਗਾ ਪਰ ਸਾਡੇ 6-7 ਜਾਣਿਆਂ ਦਾ ਗਰੁੱਪ ਸੀ, ਜਿਸ ’ਚ ਇਕੱਲੀ ਮੇਰੀ ਰਿਜੈਕਸ਼ਨ ਆਈ। ਮੈਂ ਬੜਾ ਕਹਿੰਦਾ ਸੀ ਕਿ ਰੱਬ ਨੇ ਮੇਰੀ ਨਹੀਂ ਸੁਣੀ ਪਰ ਦੇਖੋ ਰੱਬ ਨੇ ਜੇ ਮੇਰੀ ਨਹੀਂ ਸੁਣੀ ਤਾਂ ਅੱਜ ਮੈਂ ਕਿਥੇ ਹਾਂ। ਰੱਬ ਨੇ ਇਹ ਦਾਤ ਮੈਨੂੰ ਦੇਣੀ ਸੀ।

ਨੀਰੂ ਬਾਜਵਾ– ਮੈਂ ਜੋ ਵੀ ਆਪਣੇ ਲਈ ਪਲਾਨ ਕੀਤਾ ਸੀ, ਅਜਿਹਾ ਕੁਝ ਵੀ ਨਹੀਂ ਹੋਇਆ। ਅੱਜ ਮੈਂ ਸੋਚਦੀ ਹਾਂ ਕਿ ਜੇ ਉਹ ਚੀਜ਼ ਨਹੀਂ ਹੋਈ ਤਾਂ ਚੰਗਾ ਹੀ ਹੋਇਆ।
ਜੱਸ ਬਾਜਵਾ– ਮੈਨੂੰ ਪੁਲਸ ’ਚ ਜਾਣ ਦਾ ਬਹੁਤ ਸ਼ੌਕ ਸੀ। ਮੈਂ 2 ਭਰਤੀਆਂ ਦਿੱਤੀਆਂ। ਸਾਰਾ ਕੁਝ ਮੇਰਾ ਕਲੀਅਰ ਸੀ ਪਰ ਮੈਨੂੰ ਨੌਕਰੀ ਨਹੀਂ ਮਿਲੀ। ਮੈਨੂੰ ਬੜਾ ਦੁੱਖ ਲੱਗਾ ਕਿ ਮੈਂ ਪਾਸ ਕਿਉਂ ਨਹੀਂ ਹੋਇਆ, ਉਸ ਉਮਰ ’ਚ ਜਦੋਂ ਤੁਹਾਡੇ ਪਲਾਨ ਹੁੰਦੇ ਹਨ ਤਾਂ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਹੈ। ਫਿਰ ਮੈਂ ਦੁਬਾਰਾ ਪੇਪਰ ਦੇਣ ਦੀ ਟਰਾਈ ਕੀਤੀ, ਉਸੇ ਦੌਰਾਨ ਮੇਰੀ ਐਲਬਮ ਦੀ ਤਿਆਰੀ ਚੱਲ ਰਹੀ ਸੀ। ਐਲਬਮ ਆਈ ਤੇ ਉਹ ਚੱਲ ਪਈ। ਨਾਲ ਹੀ ਜਿਹੜੀ ਭਰਤੀ ਮੈਂ ਦਿੱਤੀ ਸੀ, ਉਹ ਵੀ ਮੇਰੀ ਕਲੀਅਰ ਹੋ ਗਈ। ਫਿਰ ਮੈਨੂੰ ਲੱਗਾ ਕਿ ਰੱਬ ਨੇ ਜੋ ਕੀਤਾ, ਉਹ ਠੀਕ ਹੀ ਕੀਤਾ।

ਸਮਾਜ ’ਚ ਅਜੇ ਵੀ ਔਰਤਾਂ ਨੂੰ ਬੇਸਹਾਰਾ ਹੀ ਸਮਝਿਆ ਜਾਂਦਾ ਹੈ। ਇਸ ’ਤੇ ਤੁਸੀਂ ਕੀ ਕਹੋਗੇ?
ਨੀਰੂ ਬਾਜਵਾ– ਮੈਂ ਦੇਖਿਆ ਵੀ ਹੈ ਤੇ ਸੁਣਿਆ ਵੀ ਕਿ ਜਦੋਂ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਇਕ ਔਰਤ ਲਈ ਸਮਾਜ ’ਚ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ। ਇਹ ਸਭ ਜੋ ਮੇਰੇ ਕਿਰਦਾਰ ਨਾਲ ਫ਼ਿਲਮ ’ਚ ਹੁੰਦਾ ਹੈ, ਬਹੁਤ ਭਾਵੁਕ ਕਰਨ ਵਾਲਾ ਸੀ। ਮੈਂ ਮਹਿਸੂਸ ਕਰ ਸਕਦੀ ਸੀ ਕਿ ਇਹ ਅਸਲ ’ਚ ਵੀ ਹੁੰਦਾ ਹੈ ਤੇ ਉਦੋਂ ਔਰਤਾਂ ’ਤੇ ਕੀ ਬੀਤਦੀ ਹੈ।

ਅਸਲ ਜ਼ਿੰਦਗੀ ’ਚ ਰਿਸ਼ਤੇ ਬਣਾ ਕੇ ਰੱਖਣੇ ਕਿੰਨੇ ਔਖੇ ਹਨ?
ਅੰਮ੍ਰਿਤ ਮਾਨ– ਨਹੀਂ ਔਖਾ ਤਾਂ ਬਿਲਕੁਲ ਨਹੀਂ ਹੈ। ਰਿਸ਼ਤੇ ਬਣਾ ਕੇ ਰੱਖਣੇ ਸੌਖੇ ਹਨ। ਤੁਹਾਨੂੰ ਬੇਸਿਕ ਜਿਹੜੀਆਂ ਚੀਜ਼ਾਂ ਹਨ, ਬੇਸਿਕ ਜੋ ਨਿਯਮ ਹੁੰਦੇ ਹਨ, ਉਹ ਪਤਾ ਹੋਣੇ ਚਾਹੀਦੇ ਹਨ। ਕਦੇ-ਕਦੇ ਨਿੱਕੀ ਜਿਹੀ ਗੱਲ ’ਤੇ ਅਸੀਂ ਬਹੁਤ ਰੋਸੇ ਕਰ ਜਾਂਦੇ ਹਾਂ। ਕਈ ਵਾਰ ਅਸੀਂ ਉਸ ਇਨਸਾਨ ਨੂੰ ਗੁਆ ਬੈਠਦੇ ਹਾਂ, ਜੋ ਸਾਡੇ ਲਈ ਵੱਡੀਆਂ ਵੱਡੀਆਂ ਥਾਵਾਂ ’ਤੇ ਖੜ੍ਹਾ ਹੋ ਜਾਂਦਾ ਹੈ। ਉਮੀਦਾਂ ਅਸੀਂ ਆਪਣੀਆਂ ਵਧਾ ਲੈਂਦੇ ਹਾਂ ਤੇ ਸਾਡੇ ਕੋਲੋਂ ਕੁਝ ਡਿਲਿਵਰ ਨਹੀਂ ਹੁੰਦੀਆਂ। ਸਾਹਮਣੇ ਵਾਲੇ ਦੇ ਹਾਲਾਤ ਸਾਨੂੰ ਉਸ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਸਮਝਣੇ ਚਾਹੀਦੇ ਹਨ।

ਤੁਸੀਂ ਪਿਛਲੀ ਫ਼ਿਲਮ ਜੋ ਨੀਰੂ ਬਾਜਵਾ ਨਾਲ ਕੀਤੀ, ਉਸ ’ਚ ਵੀ ਤੁਹਾਡੇ ਦੋਵਾਂ ਦਾ ਮੇਲ ਨਹੀਂ ਹੁੰਦਾ ਤੇ ਇਸ ’ਚ ਵੀ ਇਹੀ ਦੇਖਣ ਨੂੰ ਮਿਲ ਰਿਹਾ ਹੈ। ਕੌਣ ਹੈ ਜੋ ਤੁਹਾਡਾ ਮੇਲ ਨਹੀਂ ਹੋਣ ਦੇ ਰਿਹਾ?
ਜੱਸ ਬਾਜਵਾ– (ਹੱਸਦਿਆਂ) ਇਹ ਰਾਈਟਰ ਜਗਦੀਪ ਵੜਿੰਗ ਦੁਸ਼ਮਣ ਬਣਿਆ ਹੈ ਸਾਡਾ। ਮੇਰਾ ਤਾਂ ਖ਼ਾਸ ਕਰਕੇ ਬਣਿਆ, ਜਿਹੜਾ ਮੇਰਾ ਤੇ ਨੀਰੂ ਜੀ ਦਾ ਮੇਲ ਨਹੀਂ ਹੋਣ ਦੇ ਰਿਹਾ ਪਰ ਫ਼ਿਲਮ ਬਹੁਤ ਖ਼ੂਬਸੂਰਤ ਹੈ, ਮੈਨੂੰ ਇੰਝ ਲੱਗਦਾ ਹੈ ਕਿ ‘ਸ਼ੁਕਰਾਨਾ’ ਮੇਰੀਆਂ ਪਸੰਦੀਦਾ ਫ਼ਿਲਮਾਂ ’ਚੋਂ ਇਕ ਬਣ ਜਾਵੇਗੀ।

 ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਕੀ ਸੋਚ ਰੱਖਦੇ ਹੋ?
ਨੀਰੂ ਬਾਜਵਾ– ਮੇਰਾ ਤੇ ਮੇਰੇ ਪਤੀ ਦਾ ਗੋਲ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਣਾ ਹੈ। ਦਾਦੀ-ਨਾਨੀ ਜਦੋਂ ਉਨ੍ਹਾਂ ਦੇ ਵਿਆਹ ਦੀ ਗੱਲ ਕਰਦੇ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਵਿਆਹ ਐਂਡ ਗੋਲ ਨਹੀਂ ਹੈ। ਜੇ ਵਿਆਹ ਹੋ ਗਿਆ ਠੀਕ ਹੈ ਪਰ ਜੇ ਨਾ ਵੀ ਹੋਇਆ ਤਾਂ ਉਹ ਉਸ ਲਾਇਕ ਬਣ ਜਾਣ, ਜਿਸ ਨਾਲ ਉਹ ਇੰਡੀਪੈਂਡੈਂਟ ਜੀਅ ਸਕਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News