ਪੰਜਾਬ ''ਚ ਕਾਮੇਡੀ ਦੇ ਨਾਲ-ਨਾਲ ਪਰਿਵਾਰਕ ਮਸਲਿਆਂ ’ਤੇ ਬੈਸਟ ਫਿਲਮਾਂ ਫਿਰ ਤੋਂ ਬਣਨੀਆਂ ਜ਼ਰੂਰੀ: ਪ੍ਰੀਤੀ ਸਪਰੂ

Sunday, Mar 09, 2025 - 11:23 AM (IST)

ਪੰਜਾਬ ''ਚ ਕਾਮੇਡੀ ਦੇ ਨਾਲ-ਨਾਲ ਪਰਿਵਾਰਕ ਮਸਲਿਆਂ ’ਤੇ ਬੈਸਟ ਫਿਲਮਾਂ ਫਿਰ ਤੋਂ ਬਣਨੀਆਂ ਜ਼ਰੂਰੀ: ਪ੍ਰੀਤੀ ਸਪਰੂ

ਜਲੰਧਰ (ਅਨਿਲ ਪਾਹਵਾ)- 70 ਦੇ ਦਹਾਕੇ ਵਿਚ ਸਿਰਫ 13 ਸਾਲ ਦੀ ਉਮਰ ਵਿਚ ਫਿਲਮੀ ਦੁਨੀਆ ਵਿਚ ਕਦਮ ਰੱਖਣ ਵਾਲੀ ਪ੍ਰੀਤੀ ਸਪਰੂ ਅੱਜ ਦੇ ਫਿਲਮੀ ਮਾਹੌਲ ਤੋਂ ਕੁਝ ਵੱਖਰੀ ਸੋਚ ਰੱਖਦੀ ਹੈ। ਉਨ੍ਹਾਂ ਦੀ ਸੋਸ਼ਲ ਲਾਈਫ ਤੋਂ ਲੈ ਕੇ ਫਿਲਮੀ ਦੁਨੀਆ ਨਾਲ ਸਬੰਧਤ ਕਈ ਮਾਮਲਿਆਂ ’ਤੇ ਉਨ੍ਹਾਂ ਨਾਲ ਗੱਲ ਹੋਈ। ਪੇਸ਼ ਹਨ ਉਨ੍ਹਾਂ ਨਾਲ ਸਬੰਧਤ ਗੱਲਬਾਤ ਦੇ ਮੁੱਖ ਅੰਸ਼ :

ਕਈ ਸਾਲ ਫਿਲਮੀ ਦੁਨੀਆ ਵਿਚ ਧਮਾਲ ਮਚਾਉਣ ਤੋਂ ਬਾਅਦ ਅੱਜਕੱਲ ਤੁਸੀਂ ਕੀ ਕਰ ਰਹੇ ਹੋ?

ਮੈਂ ਪੰਜਾਬੀ ਫਿਲਮਾਂ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਜਿਸ ਵਿਚ ਮੈਂ ਕਈ ਹਿੱਟ ਫਿਲਮਾਂ ਦਿੱਤੀਆਂ। ਸਿਰਫ 13 ਸਾਲ ਦੀ ਬਹੁਤ ਛੋਟੀ ਉਮਰ ਵਿਚ ਮੈਂ ਫਿਲਮਾਂ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਜਦੋਂ ਪੰਜਾਬ ਵਿਚ ਅੱਤਵਾਦ ਆਇਆ, ਓਦੋਂ ਵੀ ਮੈਂ ਡਰੀ ਨਹੀਂ ਅਤੇ ਉਸ ਸਮੇਂ ਵੀ ਮੈਂ ਫਿਲਮਾਂ ਕਰ ਰਹੀ ਸੀ। ਉਸ ਤੋਂ ਬਾਅਦ ਥੋੜ੍ਹੀ ਚਿੰਤਾ ਵਿਚ ਪੈ ਗਈ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਕੀ ਹੋਵੇਗਾ, ਜਿਸ ਤੋਂ ਬਾਅਦ ਮੈਂ ਇਕ ਫਿਲਮ ਸ਼ੁਰੂ ਕੀਤੀ ‘ਕੁਰਬਾਨੀ ਜੱਟ ਦੀ’, ਜਿਸ ਵਿਚ ਗੁਰਦਾਸ ਮਾਣ ਹੀਰੋ ਸਨ। ਹੁਣ ਵੀ ਮੈਂ ਕੁਝ ਫਿਲਮਾਂ ਕਰ ਰਹੀ ਹਾਂ, ਨਾਲ ਹੀ ਸੋਸ਼ਲ ਕੰਮ ਵੀ ਕਰ ਰਹੀ ਹਾਂ। ਮੈਨੂੰ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਪ੍ਰਾਪਤ ਹੋਇਆ ਅਤੇ ਗੁਰੂ ਸਾਹਿਬਾਨ ਨੇ ਮੈਨੂੰ ਚੁਣਿਆ ਸੀ। ਮੇਰਾ ਉਨ੍ਹਾਂ ਨਾਲ ਬੇਹੱਦ ਲਗਾਅ ਹੋ ਗਿਆ ਹੈ।

ਕਹਿੰਦੇ ਹਨ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਤੁਹਾਡਾ ਲਿੰਕ ਹੈ, ਕਿੰਨੀ ਸਹੀ ਹੈ ਇਹ ਗੱਲ?

ਜੀ, ਮੇਰੇ ਪਿਤਾ ਜੀ ਕਸ਼ਮੀਰੀ ਸਨ ਅਤੇ ਮਾਤਾ ਕੰਨੜ ਸੀ। ਇਸੇ ਕਾਰਨ ਮੇਰਾ ਲਿੰਕ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਮੇਰੇ ਪਤੀ ਪੰਜਾਬੀ ਹਨ, ਜੋ ਕਿ ਜਲੰਧਰ ਤੋਂ ਹਨ। ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਪੰਜਾਬੀ ਨਾਲ ਵਿਆਹ ਕਰਵਾਵਾਂ।

ਤੁਸੀਂ 70 ਦੇ ਦਹਾਕੇ ਤੋਂ ਫਿਲਮਾਂ ਵਿਚ ਹੋ, ਓਦੋਂ ਅਤੇ ਹੁਣ ਦੇ ਦੌਰ ਵਿਚ ਕੀ ਫਰਕ ਆਇਆ ਹੈ?

ਮੈਂ ਲੱਗਭਗ 25 ਸਾਲ ਫਿਲਮਾਂ ਵਿਚ ਅਦਾਕਾਰਾ ਦੇ ਤੌਰ ’ਤੇ ਕੰਮ ਕੀਤਾ ਹੈ। ਉਦੋਂ ਤੇ ਹੁਣ ਦੀ ਫਿਲਮ ਮੇਕਿੰਗ ਵਿਚ ਬਹੁਤ ਫਰਕ ਹੈ। ਮੈਂ ਜੋ ਇਸ ਸਮੇਂ ਫਿਲਮਾਂ ਬਣਾ ਰਹੀ ਹਾਂ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਉਹੀ ਫਿਲਮਾਂ ਬਣਾਵਾਂ, ਜਿਵੇਂ ਪੁਰਾਣੇ ਸਮੇਂ ਵਿਚ ਬਣਦੀਆਂ ਹੁੰਦੀਆਂ ਸਨ। ਇਹ ਜੋ ਵੈਨਿਟੀ ਵੈਨ ਦਾ ਕਲਚਰ ਚੱਲਿਆ ਹੈ, ਇਹ ਅੱਜ ਦੀਆਂ ਫਿਲਮਾਂ ਵਿਚ ਹੈ, ਪਰ ਪੁਰਾਣੇ ਦੌਰ ਵਿਚ ਇਹ ਸਭ ਸਹੂਲਤਾਂ ਨਹੀਂ ਸਨ। ਮੈਂ ਉਸ ਦੌਰ ਵਿਚ ਪਿੰਡ-ਪਿੰਡ ਸ਼ੂਟਿੰਗ ਕੀਤੀ ਅਤੇ ਇਸ ਦੌਰਾਨ ਖਾਣਾ ਵੀ ਪਿੰਡ ਦੇ ਲੋਕਾਂ ਦੇ ਘਰਾਂ ਵਿਚ ਖਾਧਾ। ਹੁਣ ਤਾਂ ਇਕ ਸ਼ਾਟ ਦੇਣ ਤੋਂ ਬਾਅਦ ਫਿਲਮ ਸਟਾਰ ਵੈਨਿਟੀ ਵਿਚ ਚਲੇ ਜਾਂਦੇ ਹਨ, ਨਾਲ ਬਾਊਂਸਰ ਦੇ ਤੌਰ ’ਤੇ ਸੁਰੱਖਿਆ ਮੁਲਾਜ਼ਮ ਹੁੰਦੇ ਹਨ, ਓਦੋਂ ਅਜਿਹਾ ਕੁਝ ਨਹੀਂ ਹੁੰਦਾ ਸੀ।

ਪੰਜਾਬ ਵਿਚ ਜ਼ਿਆਦਾਤਰ ਫਿਲਮਾਂ ਕਾਮੇਡੀ ਬਣ ਰਹੀਆਂ ਹਨ, ਤੁਸੀਂ ਇਸ ਨੂੰ ਕਿੰਨਾ ਉਚਿਤ ਮੰਨਦੇ ਹੋ?

ਇਹ ਤੁਹਾਡੀ ਗੱਲ ਸਹੀ ਹੈ, ਅੱਜਕੱਲ ਜ਼ਿਆਦਾਤਰ ਫਿਲਮਾਂ ਕਾਮੇਡੀ ਹੀ ਬਣ ਰਹੀਆਂ ਹਨ। ਪੰਜਾਬ ਵਿਚ ਐਕਸ਼ਨ ਅਤੇ ਕਾਮੇਡੀ ਦੋਵੇਂ ਚਲਦੀਆਂ ਹਨ, ਇਸ ਲਈ ਮੈਂ ਐਕਸ਼ਨ ਫਿਲਮਾਂ ਵੀ ਕਰ ਰਹੀ ਹਾਂ। ਕਾਮੇਡੀ ਦਾ ਇਕ ਦੌਰ ਆਇਆ ਸੀ ਅਤੇ ਹੁਣ ਲੋਕ ਇਸ ਚੀਜ਼ ਤੋਂ ਅੱਕ ਚੁੱਕੇ ਹਨ। ਲੋਕ ਹੁਣ ਨਵੇਂ ਚਿਹਰੇ ਦੇਖਣਾ ਚਾਹੁੰਦੇ ਹਨ ਅਤੇ ਵੱਖਰੇ ਕੰਸੈਪਟ ਨੂੰ ਪਸੰਦ ਕਰ ਰਹੇ ਹਨ। ਮੇਰੇ ਜ਼ਮਾਨੇ ਵਿਚ ਵੀ ਮੇਰੀ ਫਿਲਮ ਵਿਚ ਕਾਮੇਡੀ ਕਲਾਕਾਰ ਮੇਹਰ ਮਿੱਤਲ ਹੁੰਦੇ ਸਨ, ਉਸ ਦੌਰ ਵਿਚ ਵੀ ਕਾਮੇਡੀ ਟੱਚ ਦਿੱਤਾ ਜਾਂਦਾ ਸੀ।

ਅੱਜਕੱਲ ਚੱਲ ਰਹੇ ਰੈਪ ਗੀਤਾਂ ਵਿਚ ਅਸ਼ਲੀਲਤਾ ’ਤੇ ਤੁਸੀਂ ਕੀ ਕਹੋਗੇ?

ਇਹ ਜ਼ਰੂਰ ਹੈ ਕਿ ਨਵੀਂ ਪੀੜ੍ਹੀ ਨੂੰ ਕੁਝ ਇਸ ਵਿਚ ਦਿਖਿਆ, ਇਸ ਲਈ ਉਨ੍ਹਾਂ ਨੇ ਇਸ ਨੂੰ ਖੂਬ ਲਾਈਕ ਕੀਤਾ, ਪਰ ਉਹ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਅੱਜ ਵੀ ਜੇਕਰ ਪੁਰਾਣੀਆਂ ਫਿਲਮਾਂ ਦੇ ਗਾਣੇ ਲਗਾ ਦਿਓ, ਉਹ ਜ਼ਿਆਦਾ ਸੁਰੀਲੇ ਹਨ। ਹਾਂ, ਇਹ ਗੱਲ ਹੈ ਕਿ ਅੱਜਕੱਲ ਦਿਲਜੀਤ ਦੋਸਾਂਝ ਦੇ ਗਾਣੇ ਭਾਵੇਂ ਮਾਡਰਨ ਵੀ ਹੋਣ ਪਰ ਚੰਗੇ ਹੁੰਦੇ ਹਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹਨ ਅਤੇ ਖੂਬ ਸੁਣੇ ਜਾਂਦੇ ਹਨ।

ਅੱਜਕੱਲ ਹਨੀ ਸਿੰਘ ਅਤੇ ਬਾਦਸ਼ਾਹ ਦੇ ਗਾਣਿਆਂ ਦੀ ਸ਼ਬਦਾਵਲੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਤੁਹਾਡੀ ਕੀ ਸਲਾਹ ਹੈ?

ਇਨ੍ਹਾਂ ਦਾ ਸਾਰਿਆਂ ਦਾ ਵੱਖਰਾ-ਵੱਖਰਾ ਸਟਾਈਲ ਹੈ। ਪਰ ਮੇਰੀ ਅਜਿਹੇ ਗਾਣਿਆਂ ਵਿਚ ਕੁਝ ਜ਼ਿਆਦਾ ਰੁਚੀ ਨਹੀਂ ਹੈ, ਮੈਂ ਅਜਿਹੇ ਗਾਣੇ ਨਹੀਂ ਸੁਣਦੀ, ਮੈਂ ਜ਼ਿਆਦਾਤਰ ਗੁਰਦਾਸ ਮਾਣ, ਹੰਸਰਾਜ ਹੰਸ ਅਤੇ ਸਰਤਾਜ ਵਰਗੇ ਗਾਇਕਾਂ ਦੇ ਗਾਣੇ ਸੁਣਦੀ ਹਾਂ, ਜਿਨ੍ਹਾਂ ਨੇ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਸਮਾਂ ਅਤੇ ਵੈਲਿਊਜ਼ ਦਿੱਤੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਰ੍ਹੇ ਨੂੰ ਲੈ ਕੇ ਜੋ ਖਾਸ ਆਯੋਜਨ ਹੋ ਰਿਹਾ ਹੈ, ਉਹ ਕੀ ਹੈ?

ਗੁਰੂ ਸਾਹਿਬ ਨੇ ਪ੍ਰਚਾਰ ਲਈ ਮੈਨੂੰ ਚੁਣਿਆ, ਇਸ ਦੇ ਲਈ ਮੈਂ ਉਨ੍ਹਾਂ ਦੀ ਸ਼ੁੱਕਰਗੁਜ਼ਾਰ ਹਾਂ। ਮੇਰਾ ਗੁਰੂ ਸਾਹਿਬ ਨਾਲ ਖਾਸ ਕੁੁਨੈਕਸ਼ਨ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਇਕ ਲਾਈਟ ਅਤੇ ਸਾਊਂਡ ਸ਼ੋਅ ਅਤੇ ਸਾਰੇ 10 ਗੁਰੂ ਸਾਹਿਬਾਨਾਂ ’ਤੇ ਸ਼ਾਟ ਫਿਲਮ ਕੀਤੀ ਜਾ ਰਹੀ ਹੈ, ਜਿਸ ਦਾ ਮੰਚਨ ਸਭ ਤੋਂ ਪਹਿਲਾਂ ਕਸ਼ਮੀਰ ਫਿਰ ਪੰਜਾਬ, ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਮਿਲ ਰਿਹਾ ਹੈ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਹਿਯੋਗ ਮੰਗਿਆ ਗਿਆ ਹੈ ਕਿਉਂਕਿ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ, ਇਸ ਲਈ ਇਸ ਦੀ ਸ਼ੁਰੂਆਤ ਕਸ਼ਮੀਰ ਤੋਂ ਕਰਨ ਦੀ ਯੋਜਨਾ ਹੈ।


author

cherry

Content Editor

Related News