ਵਿਰਾਸਤ ਨਹੀਂ, ਬਸ ਮਿਹਨਤ ਦਾ ਸਿਲਸਿਲਾ ਹੈ, ਜੋ ਪਾਪਾ ਤੋਂ ਸ਼ੁਰੂ ਹੋਇਆ ਤੇ ਚੱਲਦਾ ਜਾ ਰਿਹਾ : ਸੰਨੀ ਦਿਓਲ
Friday, Apr 11, 2025 - 01:44 PM (IST)

ਮੁੰਬਈ- ਸੁਪਰਸਟਾਰ ਸੰਨੀ ਦਿਓਲ ‘ਗ਼ਦਰ 2’ ਦੀ ਜ਼ਬਰਦਸਤ ਸਫਲਤਾ ਤੋਂ ਲੱਗਭਗ ਦੋ ਸਾਲਾਂ ਬਾਅਦ ਫਿਲਮੀ ਪਰਦੇ ’ਤੇ ਵਾਪਸ ਆ ਚੁੱਕੇ ਹਨ। ਉਹ ਆਪਣੀ ਨਵੀਂ ਫਿਲਮ ‘ਜਾਟ’ ਨਾਲ ਸਿਨੇਮਾਘਰਾਂ ’ਚ ਵਾਪਸ ਆ ਚੁੱਕੇ ਹਨ। ਇਸ ’ਚ ਸੰਨੀ ਦਿਓਲ ਨੇ ਆਪਣੇ ਢਾਈ ਕਿੱਲੋ ਦੇ ਹੱਥ ਦੀ ਤਾਕਤ ਨੂੰ ਨਾ ਸਿਰਫ ਉੱਤਰੀ ਸਗੋਂ ਦੱਖਣੀ ਫਿਲਮ ਇੰਡਸਟਰੀ ਦੇ ਦਰਸ਼ਕਾਂ ਸਾਹਮਣੇ ਵੀ ਪੇਸ਼ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਗੋਪੀਚੰਦ ਮਲੀਨੇਨੀ ਨੇ ਕੀਤਾ ਹੈ। ਫਿਲਮ ’ਚ ਸੰਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ ਮੁੱਖ ਭੂਮਿਕਾ ’ਚ ਹਨ। ਫਿਲਮ ਬਾਰੇ ਫਿਲਮ ਦੇ ਕਲਾਕਾਰਾਂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਫਿਟਨੈੱਸ ਲਈ ਮਿਹਨਤ ਕਰਨੀ ਹੀ ਪੈਂਦੀ ਹੈ
ਸੰਨੀ ਦਿਓਲ
ਪ੍ਰ. ਤੁਹਾਨੂੰ ਦੇਖਦਿਆਂ ਹੀ ਦਿਓਲਜ਼ ਦੀ ਵਿਰਾਸਤ ਨਜ਼ਰ ਆਉਂਦੀ ਹੈ, ਫਿਰ ਚਾਹੇ ਉਹ ਅਦਾਕਾਰੀ ਹੋਵੇ ਜਾਂ ਲੁਕਸ, ਕੀ ਕਹੋਗੇ?
- ਤੁਸੀਂ ਲੋਕਾਂ ਨੇ ਇਹ ਕਹਿ ਕੇ ਇਕ ਵਿਰਾਸਤ ਦਾ ਇਸ ਨੂੰ ਨਾਂ ਦੇ ਦਿੱਤਾ ਹੈ। ਹੁਣ ਤਾਂ ਬਸ ਉਹੀ ਹੈ, ਜੋ ਜਿਵੇਂ ਪਾਪਾ ਤੋਂ ਸ਼ੁਰੂ ਹੋਇਆ ਅਤੇ ਅੱਗੇ ਅਸੀਂ ਬਸ ਚੱਲਦੇ ਜਾ ਰਹੇ ਹਾਂ। ਮੈਂ ਹਾਂ, ਮੇਰਾ ਭਰਾ ਹੈ। ਇਸ ਤੋਂ ਅੱਗੇ ਮੇਰੇ ਬੱਚੇ ਵੀ ਆਉਣਗੇ, ਬੌਬੀ ਦੇ ਵੀ ਆਉਣਗੇ। ਇਹ ਮੈਂ ਕਰ ਲਿਆ, ਬੌਬੀ ਨੇ ਕਰ ਲਿਆ। ਅਸੀਂ ਆਪੋ-ਆਪਣੀ ਜਗ੍ਹਾ ਬਣਾ ਲਈ ਹੈ ਅਤੇ ਇਹ ਕਿਵੇਂ ਬਣੀ? ਕਿਉਂ ਬਣੀ? ਬਸ ਇਹ ਮਿਹਨਤ ਨਾਲ ਹੀ ਹੁੰਦੀ ਹੈ ਅਤੇ ਕੁਝ ਚੰਗੇ ਕੰਮ ਕੀਤੇ ਹਨ। ਮੈਂ ਸਿਰਫ਼ ਇਹੋ ਕਹਾਂਗਾ ਕਿ ਮਿਹਨਤ ਕਰੋ ਅਤੇ ਅੱਗੇ ਵਧੋ ਅਤੇ ਸ਼ਰਮਾਓ ਨਾ। ਕੋਈ ਵੀ ਚੀਜ਼ ਕਰਦੇ ਹੋਏ ਚੱਲਦੇ ਜਾਓ। ਪਾਪਾ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਅਤੇ ਇਸੇ ਤਰ੍ਹਾਂ ਹੀ ਚੱਲਦਾ ਰਹੇ, ਬਾਕੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਅਸੀਂ ਕਰਨਾ ਹੈ, ਉਸ ਨੂੰ ਚੰਗੀ ਤਰ੍ਹਾਂ ਨਿਭਾਈਏ, ਚੰਗਾ ਸਿਨੇਮਾ ਦੇਈਏ ਤੇ ਲੋਕਾਂ ਦਾ ਮਨੋਰੰਜਨ ਕਰਦੇ ਰਹੀਏ।
ਪ੍ਰ. ਕਿਰਦਾਰਾਂ ਨੂੰ ਹਮੇਸ਼ਾ ਰੀਅਲ ਅਤੇ ਪ੍ਰਭਾਵਸ਼ਾਲੀ ਨਿਭਾਉਣ ਲਈ ਕੀ ਤੁਹਾਡੀ ਤਿਆਰੀ ਦੀ ਖ਼ਾਸ ਪ੍ਰਕਿਰਿਆ ਹੈ?
-ਨਹੀਂ, ਮੈਂ ਸਕ੍ਰਿਪਟ ਵੀ ਪੂਰੀ ਨਹੀਂ ਪੜ੍ਹਦਾ। ਬਸ ਕਹਾਣੀ ਸੁਣਦਾ ਹਾਂ ਅਤੇ ਉਸ ਨੂੰ ਮਹਿਸੂਸ ਕਰਦਾ ਹਾਂ। ਕਿਰਦਾਰ ਨੂੰ ਮੈਂ ਆਪਣੇ ਅੰਦਰੋਂ ਕੱਢਦਾ ਹਾਂ। ਮੇਰੇ ਕੋਲ ਕੋਈ ਤੈਅ ਪ੍ਰਕਿਰਿਆ ਨਹੀਂ, ਮੈਂ ਸਿਰਫ਼ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਸੀਨ ਦੇ ਹਿਸਾਬ ਨਾਲ ਬਾਹਰ ਲਿਆਉਂਦਾ ਹਾਂ। ਮੇਰਾ ਦਿਮਾਗ਼ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਂ ਹਮੇਸ਼ਾ ਆਪਣੇ-ਆਪ ਕੋਸ਼ਿਸ਼ ਕਰਦਾ ਹਾਂ ਕਿ ਇਹ ਕਿਰਦਾਰ ਅਜਿਹਾ ਹੀ ਹੋਵੇਗਾ, ਇਹ ਹੋਵੇਗਾ, ਉਹ ਹੋਵੇਗਾ। ਆਪਣੀ ਖ਼ੁਦ ਦੀ ਆਪਣੇ-ਆਪ ਹੀ ਤਿਆਰੀ ਚੱਲਦੀ ਹੈ। ਉਸ ਬਾਰੇ ਕੁਝ ਇੰਨਾ ਜ਼ਿਆਦਾ ਡੂੰਘਾਈ ’ਚ ਨਹੀਂ ਜਾਂਦਾ।
ਪ੍ਰ. 42 ਸਾਲ ਇੰਡਸਟਰੀ ’ਚ ਦੇਣ ਦੇ ਬਾਵਜੂਦ ਇੰਨੀ ਫਿਟਨੈੱਸ ਅਤੇ ਤਾਜ਼ਗੀ ਦਾ ਰਾਜ਼ ਕੀ ਹੈ?
-ਅਸੀਂ ਪੰਜਾਬੀ ਹਾਂ, ਖਾਣਾ ਵੀ ਖਾਂਦੇ ਹਾਂ, ਵਰਕਆਊਟ ਵੀ ਕਰਦੇ ਹਾਂ। ਮੈਂ ਪਰੌਂਠੇ ਵੀ ਖਾਂਦਾ ਹਾਂ ਅਤੇ ਜਿਮ ਵੀ ਜਾਂਦਾ ਹਾਂ। ਇਹ ਸਭ ਸ਼ਾਇਦ ਸਾਡੇ ਜੀਨਜ਼ ’ਚ ਹੈ ਪਰ ਫਿਟਨੈੱਸ ਲਈ ਮਿਹਨਤ ਕਰਨੀ ਹੀ ਪੈਂਦੀ ਹੈ ਤੇ ਸਰੀਰ ਨੂੰ ਚੁਸਤ ਤੇ ਤੰਦਰੁਸਤ ਰੱਖਣ ਲਈ ਮਿਹਨਤ ਕਰਨੀ ਵੀ ਚਾਹੀਦੀ ਹੈ।
ਸੰਨੀ ਭਾਜੀ ਸਾਹਮਣੇ ਨਰਵਸ ਸੀ ਤਾਂ ਉਨ੍ਹਾਂ ਨੇ ਕਿਹਾ- ਮੈਨੂੰ ਭੁੱਲ ਜਾਓ
ਰਣਦੀਪ ਹੁੱਡਾ
ਪ੍ਰ. ਰਾਣਾਤੁੰਗਾ ਦੇ ਕਿਰਦਾਰ ਲਈ ਕਿੰਨੀ ਮਿਹਨਤ ਕੀਤੀ ਤੇ ਇਸ ਲਈ ਕਿਵੇਂ ਤਿਆਰੀ ਕੀਤੀ?
- ਇਸ ਰੋਲ ਲਈ ਮੈਂ ਕਮਰ ਕੱਸੀ ਕਿਉਂਕਿ ਸਾਹਮਣੇ ਸੰਨੀ ਭਾਜੀ ਸਨ। ਇਹ ਇਕ ਡਿਜ਼ਾਈਨਡ ਕਰੈਕਟਰ ਸੀ, ਜਿਸ ’ਚ ਐਟੀਟਿਊਡ ਜ਼ਿਆਦਾ ਸੀ, ਇਸ ਲਈ ਇਸ ’ਚ ਅਜਿਹਾ ਨਹੀਂ ਸੀ ਕਿ ਮੈਂ ਜਾ ਕੇ ਉਸ ’ਚ ਆਪਣਾ ਕੁਝ ਭਰ ਦੇਵਾਂ। ਮੇਕਅਪ, ਵਿਗ, ਥੋੜ੍ਹਾ ਜਿਹਾ ਜਿਮ ਅਤੇ ਇਕ ਮਾਈਂਡਸੈੱਟ ਬਸ। ਬਹੁਤ ਜ਼ਿਆਦਾ ਤਿਆਰੀ ਨਹੀਂ ਕਰਨੀ ਪਈ ਪਰ ਇੰਪੈਕਟ ਬਹੁਤ ਜ਼ਰੂਰੀ ਸੀ।
ਹਾਂ, ਨਰਵਸ ਜ਼ਰੂਰ ਸੀ ਕਿਉਂਕਿ ਐਕਟਿੰਗ ਤੋਂ ਥੋੜ੍ਹਾ ਬ੍ਰੇਕ ਲਿਆ ਹੋਇਆ ਸੀ। ਮੈਂ ਨਿਰਦੇਸ਼ਨ ਅੰਦਰ ਕਾਫ਼ੀ ਵੜ ਚੁੱਕਿਆ ਸੀ ਤਾਂ ਇਸ ’ਚ ਕਾਫ਼ੀ ਸਮੇਂ ਤੋਂ ਮੈਂ ਕੰਮ ਨਹੀਂ ਕੀਤਾ ਸੀ ਤਾਂ ਮੈਨੂੰ ਥੋੜ੍ਹਾ ਜਿਹਾ ਡਰ ਸੀ ਪਰ ਮੈਂ ਫਿਰ ਫਿਲਮ ਦੇ ਨਿਰਦੇਸ਼ਕ ਨਾਲ ਗੱਲ ਕੀਤੀ।
ਪ੍ਰ. ਸੰਨੀ ਦਿਓਲ ਦੇ ਡਾਇਲਾਗ ਹਮੇਸ਼ਾ ਬਹੁਤ ਮਸ਼ਹੂਰ ਰਹੇ ਹਨ ਤਾਂ ਕੀ ਤੁਸੀਂ ਸੈੱਟ ’ਤੇ ਡਾਇਲਾਗਜ਼ ’ਤੇ ਚਰਚਾ ਕੀਤੀ?
-ਅਸੀਂ ਸੰਨੀ ਸਰ ਦੇ ਡਾਇਲਾਗਸ ’ਤੇ ਕੁਝ ਚਰਚਾ ਕੀਤੀ ਸੀ। ਬਹੁਤ ਪਿਆਰ ਹੈ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ। ਸਾਡੇ ਇਥੇ ਵੀ ਅਜਿਹਾ ਹੀ ਹੈ। ਖ਼ਾਸ ਕਰ ਕੇ ਉੱਤਰੀ ਭਾਰਤ ’ਚ ਜਾਟਾਂ ’ਚ ਆਪਣੇ ਲੋਕ ਹੁੰਦੇ ਹਨ ਤਾਂ ਬਚਪਨ ਤੋਂ ਜਦੋਂ ਅਸੀਂ ਧਰਮ ਜੀ ਦੀਆਂ ਫਿਲਮਾਂ ਦੇਖਦੇ ਸੀ ਤਾਂ ਇਕ ਆਪਣਾਪਣ ਜਿਹਾ ਮਹਿਸੂਸ ਹੁੰਦਾ ਸੀ, ਜੋ ਦੂਜੇ ਕਲਾਕਾਰਾਂ ਨਾਲ ਨਹੀਂ ਸੀ ਹੁੰਦਾ। ਅਜਿਹਾ ਲੱਗਦਾ ਸੀ ਕਿ ਜਿਵੇਂ ਸਾਡੇ ਆਪਣੇ ਪਿੰਡ ਦੇ ਲੋਕ ਹਨ। ਉਥੇ ਹੀ ਭਾਜੀ ਬਾਰੇ, ਉਨ੍ਹਾਂ ਦੀ ਤਾਕਤ, ਜੋਸ਼, ਉਹ ਸਾਡੇ ਲਈ ਇਕ ਮੈਚਿਓਰ ਹੀਰੋ ਸਨ। ਉਨ੍ਹਾਂ ਦੇ ਆਈਕਾਨਿਕ ਡਾਇਲਾਗ ਅਤੇ ਐਕਸ਼ਨ ਬਹੁਤ ਮਸ਼ਹੂਰ ਸਨ। ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਉਨ੍ਹਾਂ ਫਿਲਮਾਂ ਨੇ ਬਹੁਤ ਪ੍ਰਭਾਵ ਪਾਇਆ।
ਪ੍ਰ. ਸੰਨੀ ਭਾਜੀ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
-ਜਦੋਂ ਮੈਨੂੰ ਸੰਨੀ ਭਾਜੀ ਨਾਲ ਫਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਸ਼ੁਰੂ ’ਚ ਮੈਂ ਥੋੜ੍ਹਾ ਨਰਵਸ ਸੀ। ਮੈਂ ਭਾਜੀ ਨੂੰ ਕਿਹਾ ਵੀ ਕਿ ਮੈਨੂੰ ਅਜੀਬ ਜਿਹਾ ਲੱਗ ਰਿਹਾ ਹੈ ਕਿ ਤੁਹਾਡੇ ਸਾਹਮਣੇ ਇੰਝ ਕੰਮ ਕਰਨਾ ਹੈ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ਤੂੰ ਆਪਣਾ ਰੋਲ ਕਰ, ਤੂੰ ਇਕ ਅਦਾਕਾਰ ਏਂ, ਮੈਨੂੰ ਭੁੱਲ ਜਾ, ਮੈਂ ਸੰਨੀ ਦਿਓਲ ਨਹੀਂ, ਮੈਂ ਇਸ ਫਿਲਮ ਦਾ ਕਿਰਦਾਰ ਹਾਂ। ਇਹ ਸੁਣ ਕੇ ਮੈਨੂੰ ਬਹੁਤ ਰਾਹਤ ਮਿਲੀ ਅਤੇ ਮੈਂ ਆਰਾਮ ਨਾਲ ਕੰਮ ਕੀਤਾ।
ਜੋ ਕਰ ਰਿਹਾ ਸੀ, ਉਹੀ ਕਰ ਰਿਹਾ ਹਾਂ, ਆਵਾਜ਼ ਮਹਾਪੰਡਤ ਤੱਕ ਪਹੁੰਚ ਗਈ
ਵਿਨੀਤ ਕੁਮਾਰ
ਪ੍ਰ. ਤੁਹਾਡੀ ਮਿਹਨਤ ਦਾ ਫਲ ਹੁਣ ਮਿਲ ਰਿਹਾ ਹੈ। 2025 ’ਚ ਲਗਾਤਾਰ ਤੁਹਾਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕੋਈ ਰਾਜ਼?
- ਮਹਾਪੰਡਤ ਤੱਕ ਆਵਾਜ਼ ਪਹੁੰਚ ਗਈ ਹੈ ਮੇਰੀ। ਬਸ ਉਹੀ ਹੋਇਆ ਹੈ, ਬਾਕੀ ਤਾਂ ਇੰਝ ਹੀ ਪਹਿਲਾਂ ਵੀ ਕਰਦਾ ਸੀ। ਕੰਮ ਪਹਿਲਾਂ ਵੀ ਕਰਦਾ ਸੀ। ਕੰਮ ਹੁਣ ਵੀ ਕਰ ਰਿਹਾ ਹਾਂ। ਸੱਚ ਕਹਾਂ ਤਾਂ ਕੋਈ ਰਾਜ਼ ਨਹੀਂ ਹੈ, ਸਿਰਫ ਕਰਮ ਕਰਦੇ ਰਹੇ ਤੇ ਫਲ ਹੁਣ ਮਿਲ ਰਿਹਾ ਹੈ। ਸ਼ਾਇਦ ਉੱਪਰ ਵਾਲੇ ਨੇ ਇਸ ਸਾਲ ਤੈਅ ਕੀਤਾ ਸੀ ਕਿ ਉਹ ਹੁਣ ਫਲ ਦੇਣਾ ਹੈ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਕਰਮ ਕਰੋ, ਫਲ ਦੀ ਇੱਛਾ ਨਾ ਕਰੋ ਤਾਂ 25 ’ਚ ਉਨ੍ਹਾਂ ਨੇ ਤੈਅ ਕੀਤਾ ਹੋਇਆ ਸੀ ਸ਼ਾਇਦ। ਅੰਗੂਠੀ ਤੇ ਨਾਂ ’ਚ ‘ਆਈ’ ਵੀ ਇਸੇ ਯਾਤਰਾ ਦਾ ਹਿੱਸਾ ਹੈ। ਮਿਹਨਤ ਪਹਿਲਾਂ ਵੀ ਕਰਦਾ ਸੀ, ਹੁਣ ਵੀ ਕਰ ਰਿਹਾ ਹਾਂ।
ਪ੍ਰ. ਇਸ ਫਿਲਮ ਤੋਂ ਕੀ ਸਬਕ ਲਿਆ ਜਦੋਂ ਤੁਸੀਂ ਪਹਿਲੀ ਵਾਰ ਦੱਖਣ ਦੇ ਨਿਰਦੇਸ਼ਕ ਤੇ ਨਿਰਮਾਤਾ ਨਾਲ ਕੰਮ ਕੀਤਾ?
-ਸੰਨੀ ਸਰ ਨਾਲ ਇਹ ਮੇਰਾ ਪਹਿਲਾ ਅਨੁਭਵ ਹੈ। ਇਸ ਪੂਰੇ ਤਜਰਬੇ ਨਾਲ ਮੇਰਾ ਟੇਕਅਵੇ ਇਹ ਰਹੇਗਾ ਕਿ ਮੇਰੇ ਲਈ ਇਕ ਅਦਾਕਾਰ ਵਜੋਂ ਇਕ ਨਵਾਂ ਦਰਵਾਜ਼ਾ ਖੁੱਲ੍ਹਿਆ ਹੈ ਕਿਉਂਕਿ ਮੈਂ ਕਦੇ ਇਸ ਤਰ੍ਹਾਂ ਦੇ ਸਪੇਸ ’ਚ ਕੰਮ ਨਹੀਂ ਕੀਤਾ ਸੀ। ਇਹ ਇਕ ਬਹੁਤ ਵੱਖਰਾ ਤੇ ਰੰਗ-ਬਿਰੰਗਾ ਕਿਰਦਾਰ ਸੀ, ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਪਰ ਜਦੋਂ ਇਹ ਕੀਤਾ ਤਾਂ ਬਹੁਤ ਮਜ਼ਾ ਆਇਆ। ਸੰਨੀ ਸਰ ਨਾਲ ਕੰਮ ਕਰਨਾ ਇਕ ਯਾਦਗਾਰੀ ਅਨੁਭਵ ਸੀ।