ਕੀ ਸਨ ਇਰਫਾਨ ਖ਼ਾਨ ਦੇ ਆਖਰੀ ਬੋਲ, ਪੁੱਤਰ ਬਾਬਿਲ ਨੇ ਕੀਤਾ ਖ਼ੁਲਾਸਾ
Thursday, Apr 29, 2021 - 12:24 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖ਼ਾਨ ਦੇ ਦਿਹਾਂਤ ਹੋਏ ਨੂੰ ਇਕ ਸਾਲ ਹੋ ਗਿਆ ਹੈ। ਪਿਛਲੇ ਸਾਲ 29 ਅਪ੍ਰੈਲ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਇਰਫਾਨ ਖ਼ਾਨ ਹਾਲੇ ਵੀ ਆਪਣੇ ਕਰੀਬੀਆਂ ਅਤੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਹਾਲ ਹੀ 'ਚ 93ਵਾਂ ਆਸਕਰ ਪੁਰਸਕਾਰ ਐਵਾਰਡਜ ਸਮਾਰੋਹ ਹੋਇਆ, ਜਿਸ ਇਰਫਾਨ ਖ਼ਾਨ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਸ਼ਰਧਾਂਜਲੀ ਵੀ ਦਿੱਤੀ ਗਈ। ਇਹ ਪਲ ਇਰਫਾਨ ਖ਼ਾਨ ਦੇ ਪ੍ਰਸ਼ੰਸਕਾਂ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਸੀ। ਇਰਫਾਨ ਖ਼ਾਨ ਦਾ ਪੁੱਤਰ ਅਕਸਰ ਆਪਣੇ ਪਿਤਾ ਨਾਲ ਆਪਣੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਾ ਹੈ। ਬਾਬਿਲ ਖ਼ਾਨ ਅਕਸਰ ਆਪਣੇ ਇੰਟਰਵਿਊ 'ਚ ਆਪਣੇ ਪਿਤਾ ਇਰਫਾਨ ਖ਼ਾਨ ਬਾਰੇ ਗੱਲ ਕਰਦੇ ਵੀ ਦਿਖਾਈ ਦਿੰਦੇ ਹਨ। ਹੁਣ ਇਕ ਵਾਰ ਫਿਰ ਬਾਬਿਲ ਨੇ ਇਰਫਾਨ ਖ਼ਾਨ ਬਾਰੇ ਵੱਡੀ ਗੱਲ ਆਖੀ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਬਾਬਿਲ ਨੇ ਪਿਤਾ ਇਰਫਾਨ ਖ਼ਾਨ ਦੇ ਆਖਰੀ ਸ਼ਬਦਾਂ ਬਾਰੇ ਦੱਸਿਆ ਹੈ, ਜੋ ਉਨ੍ਹਾਂ ਨੇ ਹਸਪਤਾਲ 'ਚ ਪੁੱਤਰ ਬਾਬਲ ਨੂੰ ਆਖੇ ਸਨ। ਬਾਬਿਲ ਨੇ ਇਹ ਵੀ ਦੱਸਿਆ ਹੈ ਕਿ ਇਰਫਾਨ ਖ਼ਾਨ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੇ ਕਿਵੇਂ ਦਾ ਰਿਐਕਸ਼ਨ ਦਿੱਤਾ ਸੀ।
ਬਾਬਿਲ ਖ਼ਾਨ ਅਤੇ ਉਨ੍ਹਾਂ ਦੀ ਮਾਤਾ ਸੁਤਾਪਾ ਸਿਕਦਰ ਨੇ ਹਾਲ ਹੀ 'ਚ ਇੱਕ ਇੰਟਰਵਿਊ ਇਰਫਾਨ ਖ਼ਾਨ ਬਾਰੇ ਕਈ ਖ਼ੁਲਾਸੇ ਵੀ ਕੀਤੇ। ਬਾਬਿਲ ਨੇ ਦੱਸਿਆ ਕਿ ਇਰਫਾਨ ਖ਼ਾਨ ਨੇ ਉਨ੍ਹਾਂ ਨੂੰ ਆਖਰੀ ਵਾਰ ਦੱਸਿਆ ਸੀ ਕਿ ਉਹ ਮਰਨ ਵਾਲਾ ਹੈ। ਬਬੀਲ ਖਾਨ ਨੇ ਕਿਹਾ, 'ਉਨ੍ਹਾਂ ਦੀ ਮੌਤ ਤੋਂ ਦੋ-ਤਿੰਨ ਦਿਨ ਪਹਿਲਾਂ ਮੈਂ ਹਸਪਤਾਲ 'ਚ ਸੀ। ਉਹ ਹੋਸ਼ ਗੁਆ ਰਹੇ ਸਨ ਅਤੇ ਸਭ ਤੋਂ ਆਖਰੀ ਗੱਲ ਸੀ ਕਿ ਉਨ੍ਹਾਂ ਨੇ ਮੈਨੂੰ ਵੇਖਿਆ ਅਤੇ ਹੱਸਦੇ ਹੋਏ ਕਿਹਾ, ਮੈਂ ਮਰਨ ਵਾਲਾ ਹਾਂ। ਇਸ ਦੌਰਾਨ ਮੈਂ ਕਿਹਾ ਨਹੀਂ, ਤੁਹਾਨੂੰ ਕੁਝ ਨਹੀਂ ਹੋਣ ਵਾਲਾ। ਉਹ ਫਿਰ ਮੁਸਕਰਾਏ (ਹੱਸੇ) ਤੇ ਸੌ ਗਏ। ਇਸ ਤੋਂ ਬਾਅਦ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਨੇ ਇਰਫਾਨ ਦੀ ਬੈਸਟ ਕੁਆਲਿਟੀ ਬਾਰੇ ਦੱਸਿਆ। ਸੁਤਪਾ ਨੇ ਕਿਹਾ, ਉਸ ਦਾ ਸਭ ਤੋਂ ਉੱਤਮ ਗੁਣ ਇਹ ਸੀ ਕਿ ਉਹ ਕਦੇ ਦਿਖਾਵਾ ਨਹੀਂ ਕਰਦੇ ਸਨ, ਭਾਵੇਂ ਉਹ ਤੁਹਾਡੇ ਨਾਲ ਨਾਰਾਜ਼ ਹੋਣ ਜਾਂ ਉਹ ਤੁਹਾਨੂੰ ਪਿਆਰ ਕਰਦੇ ਨੇ। ਜਦੋਂ ਉਹ ਤੁਹਾਨੂੰ ਪਿਆਰ ਕਰਦੇ ਹਨ ਅਤੇ ਆਈ. ਲਵ . ਯੂ. ਆਖਦੇ ਹਨ ਤਾਂ ਉਹ ਦਿਖਾਵਾ ਨਹੀਂ ਕਰਦੇ। ਉਹ ਉਦੋਂ ਤੱਕ ਕੋਈ ਗੱਲ ਨਹੀਂ ਕਰਦੇ ਜਦੋਂ ਤੱਕ ਉਨ੍ਹਾਂ ਦੇ ਮਨ 'ਚ ਨਾ ਹੋਵੇ।
ਦੱਸਣਯੋਗ ਹੈ ਕਿ ਇਰਫਾਨ ਖ਼ਾਨ 2 ਸਾਲ ਤੋਂ ਨਿਊਰੋ ਡ੍ਰਾਈਨ ਟਿਊਮਰ ਦਾ ਇਲਾਜ ਕਰਵਾ ਰਹੇ ਸਨ ਪਰ ਉਹ ਇਲਾਜ ਤੋਂ ਬਾਅਦ ਵੀ ਠੀਕ ਨਹੀਂ ਹੋ ਸਕੇ। ਇਰਫਾਨ ਖ਼ਾਨ ਆਖਰੀ ਵਾਰ ਕਰੀਨਾ ਕਪੂਰ ਨਾਲ ਫ਼ਿਲਮ 'ਇੰਗਲਿਸ਼ ਮੀਡੀਅਮ' 'ਚ ਨਜ਼ਰ ਆਏ ਸਨ। ਉਥੇ ਹੀ ਉਨ੍ਹਾਂ ਦੇ ਪੁੱਤਰ ਬਾਬਿਲ ਦੀ ਗੱਲ ਕਰੀਏ ਤਾਂ ਬਾਬਿਲ ਜਲਦ ਹੀ ਨੈੱਟਫਲਿਕਸ ਫ਼ਿਲਮ 'ਕਾਲਾ' ਨਾਲ ਡੈਬਿਊ ਕਰਨ ਵਾਲਾ ਹੈ। ਬਾਬਿਲ ਨਾਲ ਇਸ ਫ਼ਿਲਮ 'ਚ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ 'ਚ ਹੋਵੇਗੀ। ਬਾਬਿਲ ਨੇ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਇਰਫਾਨ ਦੇ ਪ੍ਰਸ਼ੰਸਕ ਬਾਬਿਲ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
“People living deeply have no fear of death”… Anaïs Nin your favourite poet Irrfan. Last year tonight me and my friends...
Posted by Sutapa Sikdar on Wednesday, April 28, 2021
ਸ਼ੁਰੂਆਤੀ ਜ਼ਿੰਦਗੀ
ਇਰਫਾਨ ਖ਼ਾਨ ਦਾ ਜਨਮ 7 ਜਨਵਰੀ, 1967 ਨੂੰ ਰਾਜਸਥਾਨ ਦੇ ਪਿੰਡ ਟੋਂਕ ਵਿਖੇ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸਾਹਿਬਜ਼ਾਦਾ ਇਰਫਾਨ ਅਲੀ ਖ਼ਾਨ ਹੈ। ਉਨ੍ਹਾਂ ਦੇ ਮਾਤਾ ਦਾ ਸਬੰਧ ਸ਼ਾਹੀ ਪਰਿਵਾਰ ਨਾਲ ਸੀ ਅਤੇ ਪਿਤਾ ਇੱਕ ਚੰਗੇ ਪੈਸੇ ਵਾਲੇ ਕਾਰੋਬਾਰੀ ਸਨ, ਜਿਨ੍ਹਾਂ ਦਾ ਟਾਇਰਾਂ ਦਾ ਕਾਰੋਬਾਰ ਸੀ। ਇਰਫਾਨ ਖ਼ਾਨ ਨੇ ਆਪਣੇ ਨਾਂ ਨਾਲੋਂ ਸਾਹਿਬਜ਼ਾਦਾ ਸ਼ਬਦ ਹਟਾ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਨਾਂ 'ਚ ਇੱਕ R ਹੋਰ ਲਗਾ ਲਿਆ ਸੀ- Irfan ਤੋਂ Irrfan ਕਰ ਲਿਆ ਸੀ।
2018 'ਚ ਲੱਗਾ ਸੀ ਗੰਭੀਰ ਬਿਮਾਰੀ ਦੀ ਪਤਾ
ਮਾਰਚ 2018 'ਚ ਇਰਫਾਨ ਖ਼ਾਨ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ ਸੀ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਖ਼ੁਦ ਇਹ ਖ਼ਬਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, ''ਜ਼ਿੰਦਗੀ 'ਚ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜੋ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਮੇਰੀ ਜ਼ਿੰਦਗੀ ਦੇ ਪਿਛਲੇ ਕੁਝ ਦਿਨ ਅਜੀਹੇ ਹੀ ਰਹੇ ਹਨ। ਮੈਨੂੰ ਨਿਊਰੋ ਡ੍ਰਾਈਨ ਟਿਊਮਰ ਨਾਂ ਦੀ ਬਿਮਾਰੀ ਹੋਈ ਹੈ ਪਰ ਮੇਰੇ ਆਲੇ-ਦੁਆਲੇ ਮੌਜੂਦ ਲੋਕਾਂ ਦੇ ਪਿਆਰ ਅਤੇ ਤਾਕਤ ਨੇ ਮੇਰੇ 'ਚ ਉਮੀਦ ਜਗਾਈ ਹੈ।''
ਕਰੈਕਟਰ ਆਰਟਿਸਟ ਵਜੋਂ ਕਮਾਇਆ ਸੀ ਨਾਂ
ਬਿਮਾਰੀ ਬਾਰੇ ਪਤਾ ਲੱਗਦੇ ਹੀ ਉਹ ਇਲਾਜ ਲਈ ਲੰਡਨ ਚਲੇ ਗਏ ਸਨ। ਉੱਥੇ ਉਹ ਕਰੀਬ ਇੱਕ ਸਾਲ ਰਹੇ ਅਤੇ ਫ਼ਿਰ ਮਾਰਚ 2019 'ਚ ਭਾਰਤ ਪਰਤੇ ਸਨ। ਇਰਫਾਨ ਖ਼ਾਨ ਭਾਰਤੀ ਸਿਨੇਮਾ ਦਾ ਅਜਿਹਾ ਬਾ-ਕਮਾਲ ਅਦਾਕਾਰ ਸਨ, ਜਿਨ੍ਹਾਂ ਨੇ ਹਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਨਾਲ ਬੱਲੇ-ਬੱਲੇ ਕਰਵਾਈ। ਲਗਭਗ 80 ਫ਼ਿਲਮਾਂ ਕਰਨ ਵਾਲੇ ਇਰਫਾਨ ਨੇ ਕਰੀਬ 30 ਫ਼ਿਲਮਾਂ 'ਚ ਆਪਣੀ ਕਲਾ ਦਾ ਜੌਹਰ ਬਤੌਰ ਅਦਾਕਾਰ ਦਿਖਾਇਆ। ਕਈ ਟੀ. ਵੀ. ਸੀਰੀਅਲਜ਼ 'ਚ ਵੀ ਉਨ੍ਹਾਂ ਨੇ ਚੰਗਾ ਦੌਰ ਗੁਜ਼ਾਰਿਆ।
ਇਰਫ਼ਾਨ ਖ਼ਾਨ ਦੀ ਦਿਖ ਭਾਵੇਂ ਰਵਾਇਤੀ ਬਾਲੀਵੁੱਡ ਹੀਰੋ ਵਾਲੀ ਨਹੀਂ ਸੀ ਪਰ ਉਨ੍ਹਾਂ ਆਪਣਾ ਨਾਮ ਬਤੌਰ ਕਰੈਕਟਰ ਆਰਟਿਸਟ ਹਿੰਦੀ ਸਿਨੇਮਾ ਦੇ ਨਾਲ-ਨਾਲ ਹਾਲੀਵੁੱਡ ਦੀਆਂ ਫ਼ਿਲਮਾਂ, ਲਾਈਫ਼ ਔਫ਼ ਪਾਇ, ਸਲਮਡੌਗ ਮਿਲੇਨੀਅਰ ਅਤੇ ਜੁਰਾਸਿਕ ਵਰਲਡ 'ਚ ਕਾਇਮ ਕੀਤਾ।
ਅਦਾਕਾਰ ਬਣਨ ਨੂੰ ਦਿੱਤੀ ਤਰਜੀਹ
ਜਦੋਂ ਉਨ੍ਹਾਂ ਦੇ ਪਿਤਾ ਜੀ ਫ਼ੌਤ ਹੋਏ ਤਾਂ ਇਰਫਾਨ ਨੇ ਟਾਇਰਾਂ ਦੇ ਵਪਾਰ 'ਚ ਜਾਣ ਦੀਆਂ ਆਸਾਂ ਨੂੰ ਪਰੇ ਰੱਖਦਿਆਂ ਅਦਾਕਾਰ ਬਣਨ ਨੂੰ ਤਰਜੀਹ ਦਿੱਤੀ। ਹਾਲਾਂਕਿ ਫ਼ਿਲਮੀ ਦੁਨੀਆਂ 'ਚ ਆਉਣ ਬਾਰੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਨਹੀਂ ਸੋਚਿਆ ਸੀ। ਉਨ੍ਹਾਂ ਇੱਕ ਵਾਰ ਕਿਹਾ ਸੀ, ''ਕਿਸੇ ਨੇ ਨਹੀਂ ਸੀ ਸੋਚਿਆ ਕਿ ਮੈਂ ਇੱਕ ਦਿਨ ਅਦਾਕਾਰ ਬਣ ਜਾਵਾਂਗਾ, ਮੈਂ ਬਹੁਤ ਸ਼ਰਮੀਲਾ ਸੀ।''