5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

Saturday, Jul 29, 2023 - 03:56 PM (IST)

5 ਸਾਲ ਤਕ ਸੋਨੂੰ ਨਿਗਮ ਨੂੰ ਨਹੀਂ ਮਿਲਿਆ ਮੌਕਾ, ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਹਰ ਗੀਤ ਹੋਇਆ ਹਿੱਟ

ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ 30 ਜੁਲਾਈ ਨੂੰ 50ਵਾਂ ਜਨਮਦਿਨ ਹੈ। ਸੋਨੂੰ ਨਿਗਮ ਤਿੰਨ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ 'ਚ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਰਹੇ ਹਨ। ਉਨ੍ਹਾਂ ਦੀ ਖੂਬਸੂਰਤ ਆਵਾਜ਼ ਸਿਰਫ਼ ਬਾਲੀਵੁੱਡ ਤਕ ਸੀਮਤ ਨਹੀਂ ਹੈ।

PunjabKesari

ਉਨ੍ਹਾਂ ਹਿੰਦੀ ਤੋਂ ਇਲਾਵਾ ਬੰਗਾਲੀ, ਤੇਲਗੂ, ਗੁਜਰਾਤੀ, ਕੰਨੜ, ਮਰਾਠੀ, ਉੜੀਆ, ਮਲਿਆਲਮ ਅਤੇ ਭੋਜਪੁਰੀ ਸਮੇਤ ਕਈ ਭਾਸ਼ਾਵਾਂ 'ਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ ਸੋਨੂੰ ਨੂੰ ਇਹ ਸਫ਼ਲਤਾ ਸਖ਼ਤ ਸੰਘਰਸ਼ ਤੋਂ ਬਾਅਦ ਮਿਲੀ। ਕੋਈ ਸਮਾਂ ਸੀ ਜਦੋਂ ਉਹ ਭੁੱਖੇ-ਪਿਆਸੇ ਮਿਊਜ਼ਿਕ ਕੰਪੋਜ਼ਰਾਂ ਦੇ ਗੇੜੇ ਮਾਰਦੇ ਸਨ।

PunjabKesari

ਪਿਤਾ ਤੋਂ ਵਿਰਾਸਤ 'ਚ ਮਿਲਿਆ ਸੰਗੀਤ
ਸੋਨੂੰ ਨਿਗਮ ਨੂੰ ਸੰਗੀਤ ਆਪਣੇ ਪਿਤਾ ਤੋਂ ਵਿਰਾਸਤ 'ਚ ਮਿਲਿਆ। ਸੋਨੂੰ ਦਾ ਮੰਨਣਾ ਹੈ ਕਿ ਪਿਤਾ ਸਾਹਮਣੇ ਉਨ੍ਹਾਂ ਦਾ ਸੰਘਰਸ਼ ਕੁਝ ਵੀ ਨਹੀਂ ਹੈ। ਸੋਨੂੰ ਨਿਗਮ ਦੇ ਪਿਤਾ ਅਗਮ ਨਿਗਮ 15 ਸਾਲ ਦੀ ਉਮਰ 'ਚ ਘਰੋਂ ਭੱਜ ਗਏ ਸਨ। ਉਹ ਕਈ ਰਾਤਾਂ ਰੇਲਵੇ ਸਟੇਸ਼ਨ 'ਤੇ ਵੀ ਸੁੱਤੇ। ਅਗਮ ਨੇ ਸ਼ੋਭਾ ਨਾਲ ਲਵ ਮੈਰਿਜ ਕੀਤੀ, ਫਿਰ ਦੋਵੇਂ ਸਟੇਜ ਸ਼ੋਅ ਕਰਦੇ ਸਨ। ਸੋਨੂੰ ਨਿਗਮ ਦਾ ਜਨਮ ਸਾਲ 1973 'ਚ ਹੋਇਆ ਸੀ। ਅਗਮ ਨੂੰ ਪਹਿਲਾਂ ਹੀ ਸੰਗੀਤ ਦਾ ਸ਼ੌਕ ਸੀ, ਉਨ੍ਹਾਂ ਬੇਟੇ ਸੋਨੂੰ ਨੂੰ ਗਾਉਣਾ ਸਿਖਾਇਆ। ਫਿਰ ਸੋਨੂੰ ਨੇ ਚਾਰ ਸਾਲ ਦੀ ਉਮਰ 'ਚ ਆਪਣੇ ਪਿਤਾ ਨਾਲ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਸੋਨੂੰ ਅਨੁਸਾਰ, ਉਨ੍ਹਾਂ ਮੇਲਿਆਂ, ਵਿਆਹਾਂ ਸਮੇਤ ਹਰ ਤਰ੍ਹਾਂ ਦੇ ਸਮਾਗਮਾਂ 'ਚ ਗੀਤ ਗਾਏ।

PunjabKesari

ਕਿਵੇਂ ਹੋਈ ਸੰਗੀਤਕ ਕਰੀਅਰ ਦੀ ਸ਼ੁਰੂਆਤ
ਸੋਨੂੰ ਨਿਗਮ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਪਿਤਾ ਸਟੇਜ 'ਤੇ 'ਕਿਆ ਹੁਆ ਤੇਰਾ ਵਾਦਾ' ਗਾ ਰਹੇ ਸਨ। ਉਸ ਸਮੇਂ ਉਨ੍ਹਾਂ ਨੇ ਵੀ ਜ਼ਿੱਦ ਨਾਲ ਸਟੇਜ 'ਤੇ ਚੜ੍ਹ ਕੇ ਗਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਨ੍ਹਾਂ ਦਾ ਗੀਤ ਕਾਫ਼ੀ ਪਸੰਦ ਕੀਤਾ। ਫਿਰ ਉਨ੍ਹਾਂ ਨੇ ਵੀ ਆਪਣੇ ਪਿਤਾ ਨਾਲ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਹ ਪ੍ਰੋਫੈਸ਼ਨਲ ਗਾਇਕ ਵਜੋਂ ਬੁੱਕ ਹੋਣ ਲੱਗੇ।

PunjabKesari

ਮੁੰਬਈ 'ਚ ਕੰਪੋਜ਼ਰਾਂ ਦੇ ਘਰਾਂ ਦੇ ਮਾਰੇ ਗੇੜੇ
ਸੋਨੂੰ ਨਿਗਮ ਤੇ ਉਨ੍ਹਾਂ ਦੇ ਪਿਤਾ ਅਗਮ ਸਮਝ ਗਏ ਕਿ ਸੰਗੀਤ ਦੇ ਖੇਤਰ 'ਚ ਅੱਗੇ ਵਧਣ ਲਈ ਉਨ੍ਹਾਂ ਨੂੰ ਬੰਬਈ (ਮੁੰਬਈ) ਜਾਣਾ ਪਵੇਗਾ। ਸਾਲ 1991 'ਚ ਜਦੋਂ ਉਹ ਮੁੰਬਈ ਪਹੁੰਚੇ ਤਾਂ ਕਿਸੇ ਨੇ ਸੋਨੂੰ ਨੂੰ ਕੋਈ ਕੰਮ ਨਹੀਂ ਦਿੱਤਾ। ਉਹ ਸਾਰਾ ਦਿਨ ਕੰਪੋਜ਼ਰਜ਼ ਦੇ ਘਰਾਂ ਦੇ ਗੇੜੇ ਲਾਉਂਦੇ ਰਹਿੰਦੇ ਸੀ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੀ ਆਵਾਜ਼ 'ਚ ਕਾਫੀ ਵੈਰਾਇਟੀ ਹੈ, ਇਸ ਨੂੰ ਕੰਟਰੋਲ ਕਰਨਾ ਪਵੇਗਾ। ਹਾਲਾਂਕਿ ਬਾਅਦ 'ਚ ਆਵਾਜ਼ ਦੀ ਇਹੀ ਚੀਜ਼ ਉਨ੍ਹਾਂ ਦੀ ਤਾਕਤ ਬਣ ਗਈ। ਇਸ ਤੋਂ ਬਾਅਦ ਸੋਨੂੰ ਨੂੰ ਬੜੀ ਮੁਸ਼ਕਿਲ ਨਾਲ ਫ਼ਿਲਮ 'ਜਨਮ' ਦਾ ਗੀਤ ਮਿਲਿਆ ਪਰ ਫਿਰ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ।

PunjabKesari

ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੇ ਦਿੱਤਾ ਮੌਕਾ
ਸੋਨੂੰ ਨਿਗਮ ਨੂੰ 'ਸਾ ਰੇ ਗਾ ਮਾ ਪਾ' 'ਚ ਪੰਜ ਸਾਲ ਬਾਅਦ ਬ੍ਰੇਕ ਮਿਲਿਆ। ਉਨ੍ਹਾਂ ਨੇ ਸ਼ੋਅ ਦੀ ਮੇਜ਼ਬਾਨੀ ਕੀਤੀ। ਲੋਕ ਨਾ ਸਿਰਫ਼ ਸੋਨੂੰ ਦੀ ਆਵਾਜ਼ ਦੇ ਪ੍ਰਸ਼ੰਸਕ ਸਨ, ਸਗੋਂ ਉਨ੍ਹਾਂ ਦੇ ਨਿਮਰ ਸੁਭਾਅ ਨੂੰ ਵੀ ਪਸੰਦ ਕਰਦੇ ਸਨ। ਇਸ ਸ਼ੋਅ ਤੋਂ ਬਾਅਦ ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਨੇ ਸੋਨੂੰ ਨੂੰ ਐਲਬਮ 'ਰਫ਼ੀ ਕੀ ਯਾਦੇਂ' 'ਚ ਗਾਉਣ ਦਾ ਮੌਕਾ ਦਿੱਤਾ। ਸੋਨੂੰ ਨੇ ਇਸ ਐਲਬਮ 'ਚ ਪਲੇਬੈਕ ਗਾਇਕ ਵਜੋਂ ਗਾਣੇ ਗਾਏ ਤੇ ਉਹ ਰਾਤੋ-ਰਾਤ ਸੁਪਰਹਿੱਟ ਹੋ ਗਿਆ। ਸੋਨੂੰ ਸਟੇਜ ਸ਼ੋਅ ਦੌਰਾਨ ਵੀ ਰਫੀ ਸਾਹਬ ਦੇ ਗੀਤ ਗਾਉਂਦੇ ਸਨ।

PunjabKesari

ਸੋਨੂੰ ਨਿਗਮ ਨੂੰ ਮਿਲਿਆ ਪਦਮਸ਼੍ਰੀ
ਇਸ ਤੋਂ ਬਾਅਦ ਸੋਨੂੰ ਦੀ ਜ਼ਿੰਦਗੀ ਹੀ ਬਦਲ ਗਈ। ਫਿਰ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਗਾਣੇ ਗਾਏ। ਇਨ੍ਹਾਂ 'ਚ 'ਸੰਦੇਸ਼ੇ ਆਤੇ ਹੈ', 'ਕਭੀ ਖੁਸ਼ੀ ਕਭੀ ਗਮ', 'ਦੋ ਪਲ ਰੁਕਾ', 'ਅਪਨੇ ਤੋ ਅਪਨੇ ਹੋਤੇ ਹੈ', 'ਕਲ ਹੋ ਨਾ ਹੋ', 'ਸੂਰਜ ਹੁਆ ਮਧਮ' ਅਤੇ 'ਕਭੀ ਅਲਵਿਦਾ ਨਾ ਕਹਿਣਾ' ਵਰਗੇ ਜ਼ਬਰਦਸਤ ਗੀਤ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਦਿੱਤੇ। ਉਸ ਸਮੇਂ ਸੋਨੂੰ ਨਿਗਮ ਦਾ ਗਾਇਆ ਹਰ ਗੀਤ ਹਿੱਟ ਸਾਬਿਤ ਹੋਇਆ। ਸਾਲ 2022 'ਚ ਸੋਨੂੰ ਨਿਗਮ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਿਲਮਫੇਅਰ, ਜ਼ੀ ਸਿਨੇ, ਆਈਫਾ ਤੇ ਆਈਟੀਏ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

PunjabKesari


author

sunita

Content Editor

Related News