ਸਿਧਾਰਥ ਸ਼ੁਕਲਾ ਨੂੰ ਇਸ ਟੀਵੀ ਸੀਰੀਅਲ ਨੇ ਰਾਤੋ-ਰਾਤ ਬਣਾਇਆ ਸੀ ਸਟਾਰ, ਜਾਣੋ ਮਾਡਲਿੰਗ ਤੋਂ ਫ਼ਿਲਮਾਂ ਤੱਕ ਦਾ ਸਫ਼ਰ
Thursday, Sep 02, 2021 - 12:52 PM (IST)
ਮੁੰਬਈ (ਬਿਊਰੋ) - ਪ੍ਰਸਿੱਧ ਅਦਾਕਾਰ ਤੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦੀ ਮੌਤ ਨਾਲ ਟੀ. ਵੀ. ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਸਦਮੇ 'ਚ ਹਨ।
ਕੂਪਰ ਹਸਪਤਾਲ ਨੇ ਕੀਤੀ ਮੌਤ ਦੀ ਪੁਸ਼ਟੀ
ਦੱਸ ਦਈਏ ਕਿ ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ, ਸਿਧਾਰਥ ਸ਼ੁਕਲਾ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਹੀ ਨਾ ਸਕੇ। ਹਸਪਤਾਲ ਨੇ ਬਾਅਦ 'ਚ ਪੁਸ਼ਟੀ ਕੀਤੀ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਕਈ ਰਿਐਲਿਟੀ ਸ਼ੋਅ 'ਚ ਆ ਚੁੱਕੇ ਸਨ ਨਜ਼ਰ
ਟੀ. ਵੀ. ਇੰਡਸਟਰੀ ਦਾ ਵੱਡਾ ਨਾਮ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦਾ ਸੀਜ਼ਨ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 'ਖਤਰੋਂ ਕੇ ਖਿਲਾੜੀ' ਦਾ 7ਵਾਂ ਸੀਜ਼ਨ ਆਪਣੇ ਨਾਂ ਕੀਤਾ ਸੀ। ਸੀਰੀਅਲ 'ਬਾਲਿਕਾ ਵਧੂ' ਨਾਲ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਘਰ-ਘਰ 'ਚ ਪਛਾਣ ਬਣਾਈ ਸੀ।
ਮਾਡਲਿੰਗ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਮੁੰਬਈ 'ਚ 12 ਦਸੰਬਰ 1980 ਨੂੰ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ 'ਤੇ ਕੀਤੀ ਸੀ। ਸਾਲ 2004 'ਚ ਉਨ੍ਹਾਂ ਨੇ ਟੀ. ਵੀ. ਨਾਲ ਆਪਣਾ ਡੈਬਿਊ ਕੀਤਾ ਸੀ। ਸਾਲ 2008 'ਚ ਉਹ 'ਬਾਬੂਲ ਕਾ ਆਂਗਨ ਛੂਟੇ ਨਾ' ਨਾਂ ਦੇ ਟੀ. ਵੀ. ਸੀਰੀਅਲ 'ਚ ਨਜ਼ਰ ਆਏ ਸਨ ਪਰ ਉਨ੍ਹਾਂ ਨੂੰ ਅਸਲ ਪਛਾਣ 'ਬਾਲਿਕਾ ਵਧੂ' ਸੀਰੀਅਲ ਨਾਲ ਮਿਲੀ ਸੀ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾਇਆ ਸੀ।
ਇਸ ਫ਼ਿਲਮ ਨਾਲ ਫ਼ਿਲਮ ਇੰਡਸਟਰੀ 'ਚ ਰੱਖਿਆ ਸੀ ਕਦਮ
ਟੀ. ਵੀ. ਇੰਡਸਟਰੀ 'ਚ ਸਫ਼ਲਤਾ ਤੋਂ ਬਾਅਦ ਸਿਧਾਰਥ ਨੇ ਬਾਲੀਵੁੱਡ ਵੱਲ ਰੁਖ ਕੀਤਾ। ਸਾਲ 2014 'ਚ ਆਈ 'ਹੰਪਟੀ ਸ਼ਰਮਾ ਕੀ ਦੁਲਹਨੀਆ' ਫ਼ਿਲਮ 'ਚ ਨਜ਼ਰ ਆਏ ਸਨ। ਇਸੇ ਸਾਲ (2021) ਉਨ੍ਹਾਂ ਦੀ 'ਬ੍ਰੋਕਨ ਬਟ ਬਿਊਟੀਫੁੱਲ 3' ਨਾਂ ਦੀ ਵੈੱਬ ਸੀਰੀਜ਼ ਆਈ ਸੀ, ਜਿਸ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ।
ਰਸ਼ਮੀ ਦੇਸਾਈ ਨਾਲ ਵੀ ਕੀਤਾ ਜਾਂਦਾ ਸੀ ਖ਼ੂਬ ਪਸੰਦ
ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਇਸ ਸ਼ੋਅ ਦੇ ਜੱਜ ਕਰਨ ਜੋਹਰ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।
ਸਦਮੇ 'ਚ ਕਲਾਕਾਰ
ਟੀ. ਵੀ. ਇੰਡਸਟਰੀ ਵਲੋਂ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦੁੱਖ ਪ੍ਰਗਟਾ ਰਹੇ ਹਨ। ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਿਧਾਰਥ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹਿਮਾਂਸ਼ੀ ਖੁਰਾਣਾ, ਸਨਾ ਖ਼ਾਨ, ਕਪਿਲ ਸ਼ਰਮਾ ਵਰਗੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਸਿਧਾਰਥ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।