ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਦੇਖਣੀ ਚਾਹੀਦੀ ‘ਬਸਤਰ : ਦ ਨਕਸਲ ਸਟੋਰੀ’ : ਅਦਾ ਸ਼ਰਮਾ

Friday, Mar 15, 2024 - 03:40 PM (IST)

ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਦੇਖਣੀ ਚਾਹੀਦੀ ‘ਬਸਤਰ : ਦ ਨਕਸਲ ਸਟੋਰੀ’ : ਅਦਾ ਸ਼ਰਮਾ

ਫਿਲਮ ‘ਦ ਕੇਰਲ ਸਟੋਰੀ’ ਦੀ ਸਫਲਤਾ ਤੋਂ ਬਾਅਦ ਵਿਪੁਲ ਅੰਮ੍ਰਿਤਲਾਲ ਸ਼ਾਹ ਅਤੇ ਸੁਦੀਪਤੋ ਸੇਨ ਦੀ ਜੋੜੀ ਜਲਦ ਹੀ ਆਪਣੀ ਆਉਣ ਵਾਲੀ ਫਿਲਮ ‘ਬਸਤਰ : ਦ ਨਕਸਲ ਸਟੋਰੀਜ਼’ ਲੈ ਕੇ ਆ ਰਹੀ ਹਨ। ਫਿਲਮ ਇਕ ਭਿਆਨਕ, ਦਰਦਨਾਕ ਅਤੇ ਘਿਣਾਉਣੀ ਸੱਚਾਈ ਨੂੰ ਉਜਾਗਰ ਕਰਦੀ ਹੈ। ‘ਦ ਕੇਰਲ ਸਟੋਰੀ’ ’ਚ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਦਾ ਸ਼ਰਮਾ ਇਕ ਵਾਰ ਫਿਰ ਦਮਦਾਰ ਕਿਰਦਾਰ ਨਿਭਾਉਣ ਜਾ ਰਹੀ ਹਨ। ਟਰੇਲਰ ’ਚ ਅਦਾ ਨੂੰ ਆਈ.ਪੀ.ਐੱਸ. ਅਧਿਕਾਰੀ ਨੀਰਜਾ ਮਾਧਵਨ ਦੇ ਰੂਪ ’ਚ ਦਿਖਾਇਆ ਗਿਆ ਹੈ ਅਤੇ ਇਕ ਵਾਰ ਫਿਰ ਤੋਂ ਅਦਾਕਾਰਾ ਪਰਦੇ ’ਤੇ ਦਮਦਾਰ ਨਜ਼ਰ ਆ ਰਹੀ ਹਨ। ਸਨਸ਼ਾਈਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 15 ਮਾਰਚ, 2024 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਅਦਾ ਸ਼ਰਮਾ ਨੇ ਫਿਲਮ ਬਾਰੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

‘ਦੇਸ਼ ਲਈ ਬਣੀ ਫਿਲਮ ਦਾ ਹਿੱਸਾ ਬਣ ਕੇ ਖੁਸ਼ ਹਾਂ’
‘ਜਦੋਂ ਟਰੇਲਰ ਸਾਹਮਣੇ ਆਇਆ ਤਾਂ ਸਾਰਿਆਂ ਨੇ ਇਸ ਦੀ ਤਾਰੀਫ ਕੀਤੀ, ਬਹੁਤ ਚੰਗਾ ਲੱਗਾ’
 

ਜਦੋਂ ਫਿਲਮ ਲਈ ਆਈ.ਪੀ.ਐੱਸ. ਅਫਸਰ ਨੀਰਜਾ ਦਾ ਰੋਲ ਮਿਲਿਆ ਤਾਂ ਕੀ ਤੁਹਾਨੂੰ ਕਿਸੇ ਪਲ ਇਹ ਮਹਿਸੂਸ ਹੋਇਆ ਕਿ ਮੈਂ ਇਹ ਕਿਵੇਂ ਕਰ ਸਕਾਂਗੀ?
ਜਦੋਂ ਵੀ ਸੱਚੀ ਘਟਨਾ ਜਾਂ ਕਿਸੇ ਗੰਭੀਰ ਵਿਸ਼ੇ ’ਤੇ ਅਧਾਰਤ ਫਿਲਮ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਦਬਾਅ ਤਾਂ ਹੁੰਦਾ ਹੀ ਹੈ ਅਤੇ ਮੈਂ ਇਸ ਫਿਲਮ ਦੇ ਪੋਸਟਰ ’ਤੇ ਹਾਂ, ਜੋ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਜਦੋਂ ਕੋਈ ਵੀ ਫਿਲਮ ਬਣਦੀ ਹੈ ਤਾਂ ਸਕਰੀਨ ਅਤੇ ਆਫ਼ ਸਕਰੀਨ ’ਤੇ ਬਹੁਤ ਸਾਰੇ ਹੀਰੋ ਹੁੰਦੇ ਹਨ, ਜੋ ਪੋਸਟਰ ’ਤੇ ਫਿਲਮ ਦੇ ਹੀਰੋ ਦਾ ਚਿਹਰਾ ਲਿਆਉਂਦੇ ਹਨ। ਮੈਂ ਜਿਸ ਤਰ੍ਹਾਂ ਦੀ ਫਿਲਮ ਵਿਚ ਨਜਰ ਆ ਰਹੀ ਹਾਂ, ਉਵੇਂ ਦੀ ਨਹੀਂ ਹਾਂ, ਮੈਨੂੰ ਇਸ ਤਰ੍ਹਾਂ ਦੀ ਬਣਾਉਣ ’ਚ ਲੋਕਾਂ ਦੀ ਬਹੁਤ ਮਿਹਨਤ ਹੈ, ਕਈ ਘੰਟਿਆਂ ਤੱਕ ਮੇਕਅੱਪ ਹੁੰਦਾ ਸੀ।

ਆਪਣੀ ਭਾਸ਼ਾ ਨੂੰ ਲੈ ਕੇ ਵੀ ਮੈਂ ਕੰਮ ਕੀਤਾ। ਮੈਨੂੰ ਸਿਖਲਾਈ ਵੀ ਲੈਣੀ ਪਈ। ਬੰਦੂਕ ਕਿਵੇਂ ਫੜਣੀ ਹੈ, ਕਿਵੇਂ ਪੋਜਿਸ਼ਨ ਰੱਖਣੀ ਹੈ ਅਤੇ ਹਾਵ-ਭਾਵ ਨੂੰ ਲੈ ਕੇ ਵੀ ਸਿਖਲਾਈ ਦਿੱਤੀ ਗਈ। ਇਸ ਕਿਰਦਾਰ ’ਤੇ ਸਿਰਫ਼ ਮੇਰੀ ਹੀ ਮਿਹਨਤ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਦੀ ਮਿਹਨਤ ਵੀ ਲੱਗੀ ਹੈ, ਇਸ ਲਈ ਮੈਨੂੰ ਹਮੇਸ਼ਾ ਇਸ ਗੱਲ ਦੀ ਖੁਸ਼ੀ ਹੋਈ ਕਿ ਮੈਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਕਦੇ ਵੀ ਕੋਈ ਦਬਾਅ ਨਹੀਂ ਸੀ ਕਿ ਮੈਂ ਇਹ ਕਿਵੇਂ ਕਰ ਸਕਾਂਗੀ ਜਾਂ ਮੇਰੇ ਤੋਂ ਹੋਵੇਗਾ ਵੀ ਜਾਂ ਨਹੀਂ। ਮੇਰੇ ਮਨ ’ਚ ਸੀ ਕਿ ਦੇਸ਼ ’ਚ ਜੋ ਵੀ ਹੋਇਆ, ਉਸ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਸ ਫਿਲਮ ਰਾਹੀਂ ਮੈਂ ਵੀ ਉਸ ਵਿਚ ਦੇਸ਼ ਲਈ ਆਪਣਾ ਯੋਗਦਾਨ ਪਾ ਸਕਾਂਗੀ।

ਤੁਸੀਂ ਕੀ ਚਾਹੁੰਦੇ ਹੋ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਕੀ ਗੱਲਾਂ ਕਰਨ?
ਦੇਸ਼ ਵਿਚ ਕੀ ਹੋ ਰਿਹਾ ਹੈ ਜਾਂ ਕੀ ਹੋਇਆ ਸੀ, ਬਹੁਤ ਵਾਰ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ। ਅਜਿਹੀਆਂ ਫਿਲਮਾਂ ਰਾਹੀਂ ਹੀ ਅਸੀਂ ਇਸ ਤਰ੍ਹਾਂ ਦੀਆਂ ਲੁਕੀਆਂ ਹੋਈਆਂ ਸੱਚਾਈਆਂ ਨੂੰ ਜਾਣ ਸਕਦੇ ਹਾਂ। ਜੇਕਰ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਅੱਜ ਅਸੀਂ ਆਜ਼ਾਦੀ ਨਾਲ ਹਰ ਥਾਂ ਘੁੰਮ ਰਹੇ ਹਾਂ, ਇਹ ਸਾਡੇ ਦੇਸ਼ ਦੇ ਸੈਨਿਕਾਂ ਦੀ ਬਦੌਲਤ ਹੈ, ਜੋ ਸਾਡੀ ਸੁਰੱਖਿਆ ਲਈ ਤਾਇਨਾਤ ਹਨ। ਇਹ ਫਿਲਮ ਤਾਂ ਉਨ੍ਹਾਂ ਲੋਕਾਂ ’ਤੇ ਹੈ, ਜਿਨ੍ਹਾਂ ਨੇ ਦੇਸ਼ ’ਚ ਰਹਿੰਦਿਆਂ ਆਪਣੇ ਹੀ ਫੌਜੀਆਂ ਨੂੰ ਮਾਰਿਆ ਹੈ।
ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਅਤੇ ਜਦੋਂ ਮੈਨੂੰ ਇਸ ਸੱਚਾਈ ਦਾ ਪਤਾ ਲੱਗਾ ਤਾਂ ਮੈਨੂੰ ਬਹੁਤ ਗੁੱਸਾ ਆਇਆ ਸੀ। ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਸਮਝ ਆਏਗਾ ਕਿ ਇਹ ਸਭ ਦੇਸ਼ ਦੇ ਅੰਦਰ ਹੋਇਆ ਹੈ। ਅਜਿਹੀ ਸਥਿਤੀ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੋਣਗੀਆਂ ਹੀ, ਨਾਲ ਹੀ ਦੇਸ਼ ਭਗਤੀ ਦੀ ਭਾਵਨਾ ਵੀ ਜਾਗੇਗੀ। ਜਿਸ ਤਰ੍ਹਾਂ ਸਾਡੇ ਫੌਜੀ ਆਪਣੇ ਪਰਿਵਾਰਾਂ ਤੋਂ ਦੂਰ ਜੰਗਲਾਂ ਵਿਚ ਰਹਿ ਕੇ ਸਾਡੀ ਰੱਖਿਆ ਕਰ ਰਹੇ ਹਨ, ਇਸੇ ਕਾਰਨ ਅਸੀਂ ਸਾਰੇ ਸੁਰੱਖਿਅਤ ਹਾਂ।

ਜਦੋਂ ਤੁਸੀਂ ਖੁਦ ਨੂੰ ਇਸ ਅੰਦਾਜ ਵਿਚ ਟਰੇਲਰ ’ਚ ਦੇਖਿਆ ਤਾਂ ਤੁਹਾਡੀ ਪ੍ਰਤੀਕਿਰਿਆ ਕੀ ਸੀ?
ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਮੈਂ ਬਹੁਤ ਬੇਚੈਨ ਸੀ ਕਿ ਕੀ ਜਿਵੇਂ ਮੈਂ ਸੋਚਿਆ ਸੀ ਜਾਂ ਜਿਵੇਂ ਨਿਰਦੇਸ਼ਕ ਚਾਹੁੰਦੇ ਹਨ ਕਿ ਮੈਂ ਉਸ ਤਰ੍ਹਾਂ ਦਾ ਕਰ ਸਕਾਂਗੀ ਜਾਂ ਨਹੀਂ। ਇਸ ਕਿਰਦਾਰ ਲਈ ਮੈਂ ਭਾਰ ਵੀ ਵਧਾਇਆ ਹੈ। ਇਸ ਫਿਲਮ ਦੇ ਐਕਸ਼ਨ ਸੀਨ ਵੀ ਥੋੜੇ ਵੱਖਰੇ ਹਨ। ਦੇਸ਼ ਲਈ ਬਣੀ ਇਸ ਫਿਲਮ ਦਾ ਮੈਂ ਹਿੱਸਾ ਹਾਂ, ਮੈਂ ਇਸ ਤੋਂ ਬਹੁਤ ਖੁਸ਼ ਹਾਂ। ਜਦੋਂ ਟਰੇਲਰ ਸਾਹਮਣੇ ਆਇਆ ਤਾਂ ਸਾਰਿਆਂ ਨੇ ਮੇਰੀ ਪ੍ਰਸ਼ੰਸਾ ਕੀਤੀ, ਜੋ ਮੈਨੂੰ ਬਹੁਤ ਚੰਗਾ ਲੱਗਾ। ਵਿਪੁਲ ਅਤੇ ਸੁਦੀਪਤੋ ਸਰ ਦੀ ਪ੍ਰਤੀਕ੍ਰਿਆ ਸੀ ਕਿ ਅਦਾ ਅਦਾ ਨਹੀਂ ਲੱਗ ਰਹੀ, ਉਹ ਨੀਰਜਾ ਦੇ ਕਿਰਦਾਰ ਵਿਚ ਇਕ ਮਜ਼ਬੂਤ ਔਰਤ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਪ੍ਰਤੀਕ੍ਰਿਆ ਹੀ ਮੇਰੇ ਲਈ ਸਰਵੋਤਮ ਸੀ ਕਿ ਜਿਸ ਕਿਰਦਾਰ ਨੂੰ ਮੈਂ ਨਿਭਾ ਰਹੀ ਹਾਂ, ਸਾਰਿਆਂ ਨੂੰ ਉਹੋ ਹੀ ਲੱਗ ਰਹੀ ਹਾਂ।

ਕੀ ਇਸ ਕਿਰਦਾਰ ਲਈ ਤੁਸੀਂ ਅਸਲੀ ਪੁਲਸ ਅਫਸਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਜੀਵਨ ਨੂੰ ਨੇੜਿਓਂ ਜਾਣਿਆ?
ਹਾਂ, ਅਸੀਂ ਸਭ ਕੁਝ ਕੀਤਾ। ਅਸੀਂ ਅਸਲ ਪੁਲਸ ਅਫਸਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦੇ ਰੁਟੀਨ ਬਾਰੇ ਵੀ ਜਾਣਿਆ। ਇਸ ਦੇ ਨਾਲ ਹੀ ਸੀ.ਆਰ.ਪੀ.ਐੱਫ ਦੇ ਨਾਲ ਜੰਗਲਾਂ ਵਿਚ ਵੀ ਕੁਝ ਸਮਾਂ ਬਿਤਾਇਆ, ਉਨ੍ਹਾਂ ਨੂੰ ਦੇਖਿਆ ਕਿ ਉਹ ਕਿਵੇਂ ਰਹਿੰਦੇ ਹਨ? ਅਸੀਂ ਉਹ ਸਭ ਕੁਝ ਕੀਤਾ ਹੈ, ਜੋ ਫਿਲਮ ਨੂੰ ਪ੍ਰਮਾਣਿਕ ਅਤੇ ਵਿਸ਼ਵਾਸਯੋਗ ਬਣਾਵੇ। ਸਾਡੇ ਸੈਨਿਕ ਕਿੰਨੇ ਮੁਸ਼ਕਲ ਹਾਲਾਤਾਂ ਵਿਚ ਰਹਿੰਦੇ ਹਨ, ਇਹ ਨੇੜਿਓਂ ਜਾਣਿਆ। ਵਿਪੁਲ ਅਤੇ ਸੁਦੀਪਤੋ ਸਰ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਰਹਿੰਦੇ ਸਨ ਕਿ ਕਿਵੇਂ ਕਰਨਾ ਹੈ। ਆਪਣੇ ਕਿਰਦਾਰ ਨੂੰ ਲੈ ਕੇ ਮੈਂ ਉਨ੍ਹਾਂ ਤੋਂ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਮੈਂ ਉਨ੍ਹਾਂ ਤੋਂ ਸਲਾਹ ਵੀ ਲੈਂਦੀ ਰਹਿੰਦੀ ਸੀ।

ਕਿਸੇ ਫਿਲਮ ’ਚ ਤੁਹਾਡੇ ਕਿਰਦਾਰ ਨੂੰ ਪ੍ਰਮਾਣਿਤ ਦਿਖਾਉਣ ਦਾ ਕਿੰਨਾ ਦਬਾਅ ਹੁੰਦਾ ਹੈ?
ਕਿਸੇ ਵੀ ਫਿਲਮ ਵਿਚ ਭਾਵੇਂ ਉਹ ਕਲਪਨਾ ਹੋਵੇ ਜਾਂ ਇਕ ਸੱਚੀ ਘਟਨਾ ’ਤੇ ਆਧਾਰਿਤ ਹੋਵੇ, ਆਪਣੇ ਕਿਰਦਾਰ ਨੂੰ ਪ੍ਰਮਾਣਿਕ ਬਣਾਉਣ ਦਾ ਦਬਾਅ ਹੁੰਦਾ ਹੀ ਹੈ। ਮੈਨੂੰ ਲੱਗਦਾ ਹੈ ਕਿ ਅਜਿਹਾ ਹੋਣਾ ਵੀ ਚਾਹੀਦਾ ਹੈ ਤਾਂ ਹੀ ਤੁਹਾਡੀ ਅਦਾਕਾਰੀ ਪਰਦੇ ’ਤੇ ਚਮਕੇਗੀ।
ਫਿਕਸ਼ਨ ਫਿਲਮਾਂ ਵਿਚ ਤੁਸੀਂ ਜੋ ਵੀ ਭੂਮਿਕਾ ਨਿਭਾ ਰਹੇ ਹੋ, ਉਹ ਉਸੇ ਤਰ੍ਹਾਂ ਦਿਖਾਈ ਦੇਣੀ ਚਾਹੀਦੀ ਹੈ, ਜਿਵੇਂ ਦੀ ਉਹ ਹੈ। ਮੈਂ ‘ਸਨਫਲਾਵਰ 2’ ’ਚ ਰੋਜ਼ੀ ਨਾਂ ਦੀ ਬਾਰ ਡਾਂਸਰ ਦਾ ਕਿਰਦਾਰ ਨਿਭਾਇਆ ਸੀ, ਇਸ ਲਈ ਉਸ ਨੂੰ ਬਾਰ ਡਾਂਸਰ ਦੀ ਤਰ੍ਹਾਂ ਦਿਖਣਾ ਵੀ ਚਾਹੀਦਾ ਹੈ ਅਤੇ ਉਸੇ ਮੁਤਾਬਿਕ ਹੀ ਮੇਰੀ ਦਿੱਖ ਵੀ ਸੀ। ਜਦ ਕਿ ਇਸ ਫਿਲਮ ਵਿਚ ਮੇਰਾ ਕਿਰਦਾਰ ਇਕ ਆਈ.ਪੀ.ਐੱਸ. ਅਫਸਰ ਦਾ ਹੈ ਤਾਂ ਅਜਿਹੇ ਵਿਚ ਇਸ ਨੂੰ ਪ੍ਰਮਾਣਿਕ ਦਿਖਾਉਣ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਸੀ, ਇਸ ਲਈ ਮੈਂ ਇਸ ਦੇ ਲਈ ਬਹੁਤ ਤਿਆਰੀ ਕੀਤੀ ਸੀ।


author

sunita

Content Editor

Related News