ਅਜਿਹੀ ਸਕ੍ਰਿਪਟ ਦੀ ਭਾਲ ’ਚ ਰਹਿੰਦਾ ਹਾਂ, ਜਿਸ ’ਚ ਨਵਾਂਪਣ ਤੇ ਚੁਣੌਤੀਆਂ ਹੋਣ : ਰਾਜਕੁਮਾਰ ਰਾਓ
Thursday, Oct 10, 2024 - 12:06 PM (IST)
ਅਭਿਨੇਤਾ ਰਾਜਕੁਮਾਰ ਰਾਓ ਤੇ ਅਭਿਨੇਤਰੀ ਤ੍ਰਿਪਤੀ ਡਿਮਰੀ ਦੀ ਰੋਮਾਂਟਿਕ ਕਾਮੇਡੀ ਫਿਲਮ ‘ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ’ ਦੇ ਟ੍ਰੇਲਰ ਦੇ ਬਾਅਦ ਤੋਂ ਹੀ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਮੇਡੀ ਤੇ ਜ਼ਬਰਦਸਤ ਡਾਇਲਾਗ ਨਾਲ ਭਰਪੂਰ ਇਹ ਫਿਲਮ 11 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ ਹੋਣ ਲਈ ਤਿਆਰ ਹੈ। ਇਸ ਫਿਲਮ ਦਾ ਡਾਇਰੈਕਸ਼ਨ ਰਾਜ ਸ਼ਾਂਡਿਲਯ ਨੇ ਕੀਤਾ ਹੈ। ਫਿਲਮ ’ਚ ਰਾਜਕੁਮਾਰ ਰਾਓ ਤੇ ਤ੍ਰਿਪਤੀ ਡਿਮਰੀ ਤੋਂ ਇਲਾਵਾ ਵਿਜੈ ਰਾਜ, ਮੱਲਿਕਾ ਸ਼ੇਰਾਵਤ, ਮਸਤ ਅਲੀ, ਅਰਚਨਾ ਪੂਰਨ ਸਿੰਘ ਤੇ ਮੁਕੇਸ਼ ਤਿਵਾੜੀ ਵੀ ਨਜ਼ਰ ਆਉਣਗੇ। ਫਿਲਮ ਬਾਰੇ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਮੈਂ ਵਾਰ-ਵਾਰ ਇਕੋ ਜਿਹਾ ਕੰਮ ਨਹੀਂ ਕਰਨਾ ਚਾਹੁੰਦਾ: ਰਾਜਕੁਮਾਰ ਰਾਓ
ਜਦੋਂ ਲਗਾਤਾਰ ਫਿਲਮਾਂ ਆਉਂਦੀਆਂ ਹਨ ਤਾਂ ਕਿੰਨਾ ਪ੍ਰੈਸ਼ਰ ਹੁੰਦਾ ਹੈ ਕਿ ਕਿਤੇ ਕੰਮ ਇਕ ਵਰਗਾ ਤਾਂ ਨਹੀਂ ਲੱਗ ਰਿਹਾ?
ਜਦੋਂ ਅਸੀਂ ਕਈ ਫਿਲਮਾਂ ਕਰਦੇ ਹਾਂ ਤਾਂ ਪ੍ਰੈਸ਼ਰ ਤੋਂ ਜ਼ਿਆਦਾ ਮੇਰੇ ਨਾਲ ਅਜਿਹਾ ਹੈ ਕਿ ਮੈਂ ਖ਼ੁਦ ਵੀ ਵਾਰ-ਵਾਰ ਇਕੋ ਜਿਹਾ ਕੰਮ ਨਹੀਂ ਕਰਨਾ ਚਾਹੁੰਦਾ। ਹਰ ਫਿਲਮ ਦੀ ਕਹਾਣੀ ਤੇ ਕੰਨਸੈਪਟ ਵੱਖਰਾ ਹੀ ਹੋਣਾ ਚਾਹੀਦਾ ਹੈ। ਮੈਂ ਅਜਿਹੀ ਸਕ੍ਰਿਪਟ ’ਤੇ ਕੰਮ ਕਰਦਾ ਹਾਂ ਜਾਂ ਭਾਲ ਵਿਚ ਰਹਿੰਦਾ ਹਾਂ, ਜਿਸ ’ਚ ਨਵਾਂਪਣ ਹੋਵੇ, ਨਵੀਆਂ ਚੁਣੌਤੀਆਂ ਹੋਣ, ਜੋ ਮੈਨੂੰ ਇਕ ਕਲਾਕਾਰ ਹੋਣ ਦੇ ਨਾਤੇ ਚੁਣੌਤੀ ਦੇਣ ਤੇ ਇਕ ਅਦਾਕਾਰ ਲਈ ਇਹੀ ਮਸਤੀ ਹੁੰਦੀ ਹੈ।
ਫਿਲਮ ਦੇ ਟ੍ਰੇਲਰ ’ਚ ਵਨ ਲਾਈਨਰਜ਼ ਜ਼ਬਰਦਸਤ ਹਨ ਤਾਂ ਕੀ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਡਾਇਲਾਗ ਆਈਕਾਨਿਕ ਬਣੇਗਾ।
ਸਾਨੂੰ ਇਨ੍ਹਾਂ ਨੂੰ ਪਰਫਾਰਮ ਕਰਨ ਵਿਚ ਬਹੁਤ ਮਜ਼ਾ ਆਉਂਦਾ ਹੈ। ਅਜਿਹੇ ਡਾਇਲਾਗ ਤੇ ਵਨ ਲਾਈਨਰਜ਼ ਕਰਨ ’ਚ ਜਦੋਂ ਸਾਨੂੰ ਮਜ਼ਾ ਆ ਰਿਹਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਵੀ ਆਵੇਗਾ ਕਿਉਂਕਿ ਅਸੀਂ ਵੀ ਦਰਸ਼ਕ ਤੇ ਪਾਠਕ ਹੀ ਹਾਂ ਤਾਂ ਦਰਸ਼ਕਾਂ ਨੂੰ ਕੀ ਪਸੰਦ ਆਵੇਗਾ, ਇਸ ਦਾ ਸਾਨੂੰ ਕਿਤੇ ਨਾ ਕਿਤੇ ਆਈਡੀਆ ਰਹਿੰਦਾ ਹੈ। ਪਰਫਾਰਮ ਕਰਦੇ ਸਮੇਂ ਅਸੀਂ ਲੋਕ ਬਾਕੀ ਲੋਕਾਂ ਦੀ ਪ੍ਰਤੀਕਿਰਿਆ ਦੇਖਦੇ ਸੀ, ਉਸ ਤੋਂ ਵੀ ਅੰਦਾਜ਼ਾ ਲੱਗ ਜਾਂਦਾ ਸੀ।
ਫਿਲਮ 97 ਪ੍ਰਤੀਸ਼ਤ ਪਰਿਵਾਰਕ ਹੈ ਅਤੇ 3 ਫ਼ੀਸਦੀ ਕੀ ਹੈ?
ਫਿਲਮ 97 ਪ੍ਰਤੀਸ਼ਤ ਪਰਿਵਾਰਕ ਹੈ ਤੇ 3 ਪ੍ਰਤੀਸ਼ਤ ਮਹਾ ਪਰਿਵਾਰਕ ਹੈ। ਮਤਲਬ ਤੁਸੀਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਸਭ ਨੂੰ ਲੈ ਕੇ ਜਾ ਸਕਦੇ ਹੋ ਇਹ ਫਿਲਮ ਦਿਖਾਉਣ। ਇਹ ਫਿਲਮ ਕਾਮੇਡੀ ਨਾਲ ਭਰਪੂਰ ਹੈ। ਅਸੀਂ ਸਾਰੇ ਤੁਹਾਨੂੰ ਬਹੁਤ ਐਂਟਰਟੇਨ ਕਰਨ ਆ ਰਹੇ ਹਾਂ, ਬਹੁਤ ਫਨੀ ਡਾਇਲਾਗ ਹਨ।
ਜਿਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ, ਹੁਣ ਉਨ੍ਹਾਂ ਨਾਲ ਮੌਕਾ ਮਿਲ ਰਿਹਾ : ਤ੍ਰਿਪਤੀ
ਜਦੋਂ ਫਿਲਮ ਤੁਹਾਨੂੰ ਆਫਰ ਹੋਈ ਤਾਂ ਇਸ ਨੂੰ ਹਾਂ ਕਰਨ ਦਾ ਖ਼ਾਸ ਕਾਰਨ ਕੀ ਰਿਹਾ?
ਫਿਲਮ ਨੂੰ ਹਾਂ ਕਰਨ ਵਿਚ ਮੈਂ ਜ਼ਿਆਦਾ ਸਮਾਂ ਨਹੀਂ ਲਿਆ ਤੇ ਇਸ ਦਾ ਕੋਈ ਖ਼ਾਸ ਕਾਰਨ ਇਕ ਨਹੀਂ ਸਗੋਂ ਕਈ ਸਾਰੇ ਹਨ। ਪਹਿਲਾ ਤਾਂ ਇਸ ਦੇ ਡਾਇਰੈਕਟਰ ਰਾਜ ਸ਼ਾਂਡਿਲਯ ਜਿਨ੍ਹਾਂ ਨੇ ਇਸ ਨੂੰ ਲਿਖਿਆ ਵੀ ਹੈ। ਇਸ ਦੀ ਕਹਾਣੀ ਵੀ ਕਾਫ਼ੀ ਮਜ਼ੇਦਾਰ ਲੱਗੀ। ਇਹ ਇਕ ਫੁਲ ਪੈਕੇਜ ਹੈ ਕਿਸੇ ਵੀ ਐਕਟਰ ਲਈ। ਇਹ ਇਕ ਸ਼ਾਨਦਾਰ ਫਿਲਮ ਹੈ, ਐਕਟਿੰਗ ’ਚ ਵੀ ਚੁਣੌਤੀਪੂਰਨ ਸੀ। ਕਾਮੇਡੀ ਕਰਨਾ ਵੀ ਮੁਸ਼ਕਲ ਹੁੰਦਾ ਹੈ। ਲੋਕਾਂ ਨੂੰ ਹਸਾਉਣਾ ਕਠਿਨ ਹੁੰਦਾ ਹੈ ਤਾਂ ਕੁਝ ਵੱਖਰਾ ਕਰਨ ਦਾ ਮਨ ਕਰਦਾ ਹੈ। ਰਾਜ ਸਰ ਨਾਲ ਕੰਮ ਕਰਨ ’ਚ ਤੁਸੀਂ ਹਰ ਰੋਜ਼ ਕੁਝ ਨਵਾਂ ਸਿੱਖਦੇ ਹੋ।
ਫਿਲਮ ‘ਐਨੀਮਲ’ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੰਨੀ ਬਦਲੀ ਹੈ?
‘ਐਨੀਮਲ’ ਤੋਂ ਬਾਅਦ ਜ਼ਿੰਦਗੀ ਕਾਫ਼ੀ ਬਦਲੀ ਹੈ ਅਤੇ ਚੰਗੇ ਬਦਲਾਅ ਆਏ ਹਨ। ਅਜਿਹਾ ਨਹੀਂ ਹੈ ਕਿ ਪਹਿਲਾਂ ਕੰਮ ਨਹੀਂ ਸੀ ਜਾਂ ਮੈਂ ਖ਼ੁਸ਼ ਨਹੀਂ ਸੀ। ਪਹਿਲਾਂ ਵੀ ਖ਼ੁਸ਼ ਸੀ ਤੇ ਹੁਣ ਵੀ ਕੁਝ ਨਵਾਂ ਕੰਮ ਕਰ ਰਹੀ ਹਾਂ ਤਾਂ ਸਿੱਖਣ ਨੂੰ ਮਿਲ ਰਿਹਾ ਹੈ ਤੇ ਨਵੇਂ ਲੋਕਾਂ ਨਾਲ ਮਿਲ ਰਹੀ ਹਾਂ। ਜਿਨ੍ਹਾਂ ਐਕਟਰਜ਼ ਅਤੇ ਡਾਇਰੈਕਟਰ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ, ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜੋ ਚੀਜ਼ਾਂ ਚੱਲ ਰਹੀਆਂ ਹਨ, ਉਨ੍ਹਾਂ ਨਾਲ ਮੈਂ ਬਹੁਤ ਖ਼ੁਸ਼ ਹਾਂ।
ਜੇ ਤੁਸੀਂ ਕੋਈ ਮੈਟਰੀਮੋਨੀਅਲ ਇਸ਼ਤਿਹਾਰ ਦੇਣਾ ਹੋਵੇ ਤਾਂ ਲੜਕੇ ’ਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ?
ਮੈਟਰੀਮੋਨੀਅਲ ਇਸ਼ਤਿਹਾਰ ਤਾਂ ਮੈਂ ਨਹੀਂ ਦੇਵਾਂਗੀ ਪਰ ਜੇ ਗੱਲ ਲੜਕੇ ਦੀ ਕੁਆਲਿਟੀ ਦੀ ਹੋਵੇ ਤਾਂ ਲੜਕਾ ਇਮਾਨਦਾਰ ਤੇ ਚੰਗਾ ਇਨਸਾਨ ਹੋਣਾ ਚਾਹੀਦਾ ਹੈ ਬਸ। ਇਕ ਜ਼ਿੰਦਗੀ ਗੁਜ਼ਾਰਨ ਲਈ ਇਹ ਦੋਵੇਂ ਚੀਜ਼ਾਂ ਹੀ ਕਾਫ਼ੀ ਹਨ। ਜੇ ਇਹ ਚੀਜ਼ਾਂ ਹਨ ਤਾਂ ਆਸਾਨੀ ਨਾਲ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ