ਦਿਲਜਾਨ ਦੀ ਮੌਤ ’ਤੇ ਹੌਬੀ ਧਾਲੀਵਾਲ ਨੇ ਭਰਿਆ ਮਨ, ਭਿੱਜੀਆਂ ਅੱਖਾਂ ਨਾਲ ਆਖੀਆਂ ਇਹ ਗੱਲਾਂ

03/30/2021 6:34:39 PM

ਚੰਡੀਗੜ੍ਹ (ਬਿਊਰੋ) : ਅੱਜ ਤੜਕੇ ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ 'ਤੇ ਹੀ ਹੋ ਗਈ। ਦਿਲਜਾਨ ਦੀ ਮੌਤ ਨਾਲ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਦਿਲਜਾਨ ਦੇ ਕਰੀਬੀਆਂ ਨੂੰ ਉਨ੍ਹਾਂ ਦੀ ਮੌਤ ਨਾਲ ਕਾਫ਼ੀ ਵੱਡਾ ਝਟਕਾ ਲੱਗਾ। ਉਥੇ ਹੀ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਕੇ ਦਿਲਜਾਨ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ। ਹੌਬੀ ਧਾਲੀਵਾਲ ਵੀਡੀਓ 'ਚ ਆਖ ਰਹੇ ਹਨ ਕਿ ਦਿਲਜਾਨ ਤੂੰ ਤੁਰ ਗਿਆ ਪਰ ਮੇਰਾ ਦਿਲ ਵੀ ਫ਼ਿਰ ਵੀ ਮਨ ਕਹਿੰਦਾ ਹੈ ਕਿ ਮੈਂ ਆਪਣੀਆਂ ਗੱਲਾਂ ਤੇਰੇ ਨਾਲ ਕਰਾਂ ਮੈਨੂੰ ਪਤਾ ਤੂੰ ਸੁਣਨੀਆਂ ਨਹੀਂ। ਜਿਨ੍ਹਾਂ ਚੰਗਾ ਤੂੰ ਗਾਇਕ ਸੀ, ਉਸ ਤੋਂ ਕਿਤੇ ਚੰਗਾ ਇਨਸਾਨ ਸੀ, ਉਸ ਤੋਂ ਕਿਤੇ ਚੰਗਾ ਦੋਸਤ ਸੀ ਅਤੇ ਬਹੁਤ ਪਿਆਰਾ ਪੁੱਤਰ ਸੀ। ਤੇਰੇ ਨਾਲ ਮੇਰੀਆਂ ਬਹੁਤ ਮਿੱਠੀਆਂ ਯਾਦਾਂ ਨੇ, ਜਿਨ੍ਹਾਂ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ। ਰੱਬ ਦੇ ਇਸ ਭਾਣੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਵਾਹਿਗੁਰੂ ਤੈਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ।' ਇਸ ਤੋਂ ਇਲਾਵਾ ਹੌਬੀ ਧਾਲੀਵਾਲ ਦੀ ਦਿਲਜਾਨ ਨਾਲ ਇਕ ਪੁਰਾਣੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਹੌਬੀ ਧਾਲੀਵਾਲ ਗਾਇਕ ਦਿਲਜਾਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦਿਲਜਾਨ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਸੋਨੇ ਦੇ ਬਟਨ ਤੋਹਫ਼ੇ ਵਜੋਂ ਦਿੱਤੇ ਸਨ। 

ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾਈ ਕਾਰ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਸਵੇਰ ਕਰੀਬ ਪੌਣੇ ਚਾਰ ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ 'ਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋਂ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ, ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਕਾਫ਼ੀ ਤੇਜ਼ ਰਫਤਾਰ ਸੀ, ਜਿਸ ਕਾਰਨ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾ ਗਈ ਤੇ ਪਲਟ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਲਈ। 

ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। 

 

ਪਿਤਾ ਤੋਂ ਹੀ ਮਿਲੀ ਸੀ ਗਾਇਕੀ ਦੀ ਗੁੜ੍ਹਤੀ 
ਛੋਟੀ ਉਮਰ 'ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ 'ਚ ਚੰਗੀ ਪੈਠ ਬਣਾ ਲਈ ਸੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਲੇਖਕ ਤੇ ਗਾਇਕ ਮਦਨ ਮਾਡਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ। 

ਇੰਝ ਬਣੇ ਸੁਰਾਂ ਦੇ ਸਰਤਾਜ 
ਸਾਲ 2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ। ਸਾਲ 2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਅਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ 'ਚ ਜੱਜ ਸੀ, ਇੰਨੀ ਭਾਵੁਕ ਹੋਏ ਕਿ ਅੱਖਾਂ 'ਚ ਅਥਰੂ ਆ ਗਏ। 'ਸੁਰ ਕਸ਼ੇਤਰ' ਗਾਇਕੀ ਮੁਕਾਬਲੇ 'ਚ ਵੀ ਦਿਲਜਾਨ ਰਨਰਅੱਪ ਰਿਹਾ। 

ਸੋਸ਼ਲ ਮੀਡੀਆ 'ਤੇ ਆਖੀਆਂ ਸਨ ਇਹ ਗੱਲਾਂ
ਨਿੱਜੀ ਚੈਨਲ ਨਾਲ ਹੋਈ ਲਾਈਵ ਗੱਲਬਾਤ ਦੌਰਾਨ ਦਿਲਜਾਨ ਨੇ ਦੱਸਿਆ ਕਿ ਉਸ ਨੇ ਸ਼ੋਅ ਦੌਰਾਨ ਪਹਿਲਾ ਗੀਤ 'ਆਵੋ ਨੀ ਸਈਓ ਰਲ਼ ਦੇਵੋ ਨੀ ਵਧਾਈਆਂ', ਨੀ ਮੈਂ ਵਰ ਪਾਇਆ ਰਾਂਝਾ ਮਾਹੀ' ਗਾਇਆ ਸੀ। ਪਿਛਲੇ ਸਾਲ ਹੀ ਉਸ ਨੇ ਸਰਦਾਰ ਅਲੀ ਨਾਲ ਮਿਲ ਕੇ 'ਰੱਬ ਨੂੰ ਮਨਾਉਣ ਵਾਲਿਆ' ਗੀਤ ਗਾਇਆ ਸੀ, ਜੋ ਕਿ ਕਾਫ਼ੀ ਮਕਬੂਲ ਹੋਇਆ ਸੀ। ਇਸ ਸਾਲ ਵੀ ਉਸ ਨੇ ਕੁਲਦੀਪ ਮਾਣਕ ਦਾ ਗੀਤ ਆਪਣੀ ਆਵਾਜ਼ 'ਚ ਗਾਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ। 


sunita

Content Editor

Related News