ਹਾਕੀ ਖਿਡਾਰੀ ਸੰਦੀਪ ਸਿੰਘ ਨੇ ਕੀਤਾ ਆਪਣੀ ਬਾਲੀਵੁੱਡ ਫ਼ਿਲਮ ਦਾ ਐਲਾਨ, ਦਿਖਾਉਣਗੇ ਆਪਣਾ ਸੰਘਰਸ਼ਮਈ ਸਫ਼ਰ
Wednesday, Aug 25, 2021 - 03:00 PM (IST)
ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਵਿਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਕੁਝ ਫ਼ਿਲਮਾਂ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀਆਂ ਹਨ ਅਤੇ ਕੁਝ ਫ਼ਿਲਮਾਂ ਓਟੀਟੀ ਪਲੇਟ ਫਾਰਮਸ 'ਤੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਚੱਲਦਿਆਂ ਇਕ ਹੋਰ ਨਵੀਂ ਫ਼ਿਲਮ 'ਸਿੰਘ ਸੂਰਮਾ' ਦਾ ਐਲਾਨ ਹੋਇਆ ਹੈ। 'ਸਿੰਘ ਸੂਰਮਾ' ਫ਼ਿਲਮ ਹਾਕੀ ਦੇ ਪ੍ਰਸਿੱਧ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਹੈ, ਜਿਸ ਵਿਚ ਉਹ ਖ਼ੁਦ ਮੁੱਖ ਭੂਮਿਕਾ ਨਿਭਾਉਣਗੇ।
ਦੱਸ ਦਈਏ ਕਿ ਫ਼ਿਲਮ 'ਸਿੰਘ ਸੂਰਮਾ' ਦੀ ਕਹਾਣੀ ਉਸ ਆਦਮੀ ਦੀ ਕਹਾਣੀ ਹੈ, ਜੋ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿਚੋਂ ਇੱਕ ਸੀ ਪਰ ਇੱਕ ਘਟਨਾ ਨੇ ਉਸ ਨੂੰ ਵ੍ਹੀਲਚੇਅਰ 'ਤੇ ਲੈ ਆਂਦਾ। ਉਸ ਨੇ ਹਿੰਮਤ ਨਹੀਂ ਹਾਰੀ 'ਤੇ ਉਸ ਨੇ ਇੱਕ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ। ਇਸ ਫ਼ਿਲਮ ਦਾ ਨਿਰਮਾਣ ਦੀਪਕ ਸਿੰਘ ਨੇ ਕੀਤਾ ਹੈ ਅਤੇ ਫ਼ਿਲਮ ਦਾ ਪਹਿਲਾ ਪੋਸਟਰ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਸਾਲ 2023 ਰਿਲੀਜ਼ ਹੋਵੇਗੀ।
ਦੱਸਣਯੋਗ ਹੈ ਕਿ ਸੰਦੀਪ ਸਿੰਘ ਨੂੰ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿਚੋਂ ਇੱਕ ਮੰਨਿਆ ਜਾਂਦਾ ਸੀ। ਉਸ ਨੂੰ 'ਫਲਿੱਕਰ ਸਿੰਘ' ਵੀ ਕਿਹਾ ਜਾਂਦਾ ਸੀ। ਉਹ ਦੁਨੀਆ ਦੇ ਸਭ ਤੋਂ ਤੇਜ਼ ਡਰੈਗ ਫਲਿੱਕਰਾਂ ਵਿਚੋਂ ਇੱਕ ਸੀ। ਇਸ ਤੋਂ ਇਲਾਵਾ ਉਸ ਨੇ ਕੁਝ ਸਮੇਂ ਲਈ ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕਪਤਾਨ ਵਜੋਂ ਵੀ ਸੇਵਾ ਨਿਭਾਈ। ਵਰਤਮਾਨ ਵਿਚ ਉਹ ਹਰਿਆਣਾ ਰਾਜ ਦੇ ਖੇਡ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।