ਘਰ ਦੇ ਗੁਜ਼ਾਰੇ ਲਈ ਹਾਰਬੀ ਸੰਘਾ ਨੇ ਕੀਤੇ ਇਹ ਕੰਮ, ਅੱਜ ਨੇ ਹਿੱਟ ਫ਼ਿਲਮਾਂ ਦੀ ਕੁੰਜੀ
Thursday, May 20, 2021 - 04:58 PM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਸ਼ਾਨਦਾਰ ਅਦਾਕਾਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ। ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ਪਰ ਇਸ ਸਟਾਰ ਅਦਾਕਾਰ ਨੂੰ ਇਹ ਮੁਕਾਮ ਹਾਸਲ ਕਰਨ ਲਈ ਕਿੰਨਾ ਲੰਮਾ ਸਮਾਂ ਸੰਘਰਸ਼ ਕਰਨਾ ਪਿਆ। ਹਾਰਬੀ ਸੰਘਾ ਨੂੰ ਇਹ ਮੁਕਾਮ ਇੰਝ ਹੀ ਨਹੀਂ ਮਿਲਿਆ, ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕਈ ਸੰਘਰਸ਼ ਕੀਤੇ।
ਜਨਮ-ਸਕੂਲੀ ਸਿੱਖਿਆ
ਹਾਰਬੀ ਸੰਘਾ ਦਾ ਜਨਮ 20 ਮਈ ਨੂੰ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀ. ਏ. ਵੀ. ਕਾਲਜ ਨਕੋਦਰ ਤੋਂ ਉੱਚ ਸਿੱਖਿਆ ਹਾਸਲ ਕੀਤੀ। ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ।
ਪਹਿਲੀ ਵਾਰ ਸ਼ੋਅ ਦੌਰਾਨ ਮਿਲੇ ਸਨ ਸਿਰਫ਼ 20 ਰੁਪਏ
ਹਾਰਬੀ ਸੰਘਾ ਨੇ ਘਰ ਦੇ ਗੁਜ਼ਾਰੇ ਲਈ ਕਈ ਸ਼ੋਅਜ਼ ਵੀ ਕੀਤੇ। ਇੰਨਾਂ ਹੀ ਨਹੀਂ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਗਏ। ਜਦੋਂ ਹਾਰਬੀ ਸੰਘਾ ਪਹਿਲੀ ਵਾਰ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੂੰ ਸਿਰਫ਼ 20 ਰੁਪਏ ਮਿਲੇ ਸਨ। ਹਾਰਬੀ ਸੰਘਾ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਇੱਕ ਸ਼ੋਅ 'ਤੇ ਕਮੇਡੀ ਕਰਨ ਗਏ ਸਨ।
ਔਖੇ ਦੌਰ 'ਚ ਘੱਟ ਪੈਸਿਆਂ 'ਚ ਵੀ ਕੀਤਾ ਕੰਮ
ਇਸ ਸ਼ੋਅ 'ਚੋਂ ਉਨ੍ਹਾਂ ਨੂੰ 700 ਰੁਪਏ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਯੋਜਕਾਂ ਤੋਂ ਹੋਰ ਰੁਪਏ ਮੰਗੇ ਅਤੇ ਕਿਹਾ ਕਿ ਉਹ ਆਪਣੀ ਮਰੂਤੀ ਕਾਰ 'ਚ ਤੇਲ ਪਵਾਉਣਾ ਚਾਹੁੰਦੇ ਹਨ ਪਰ ਆਯੋਜਕਾਂ ਨੇ ਬਜਟ ਦਾ ਹਵਾਲਾ ਦੇ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਰਬੀ ਸੰਘਾ ਬਹੁਤ ਹੀ ਘੱਟ ਪੈਸਿਆਂ ਲਈ ਕੰਮ ਕਰਦੇ ਰਹੇ ਸਨ।
ਪਤਨੀ ਦੇ ਆਖਣ 'ਤੇ ਡਟੇ ਰਹੇ ਅਦਾਕਾਰੀ ਦੇ ਖ਼ੇਤਰ 'ਚ
ਇਸ ਤੋਂ ਇਲਾਵਾ ਹਾਰਬੀ ਸੰਘਾ ਇੱਕ ਕੰਪਾਊਡਰ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਅਤੇ ਇਸੇ ਨੂੰ ਕਿੱਤੇ ਵਜੋਂ ਅਪਨਾਉਣ ਦਾ ਫ਼ੈਸਲਾ ਲਿਆ ਪਰ ਅਜਿਹੇ ਔਖੇ ਵੇਲੇ ਜਦੋਂ ਹਾਰਬੀ ਆਪਣੀ ਹਿੰਮਤ ਹਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਐਕਟਿੰਗ ਜਾਰੀ ਰੱਖਣ ਦੀ ਗੱਲ ਆਖੀ। ਇਸ ਤੋਂ ਬਾਅਦ ਹਾਰਬੀ ਸੰਘਾ ਇਸੇ ਖ਼ੇਤਰ 'ਚ ਡਟੇ ਰਹੇ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਗੁਰਪ੍ਰੀਤ ਘੁੱਗੀ ਨਾਲ ਹੋਈ।
ਗੁਰਪ੍ਰੀਤ ਘੁੱਗੀ ਨੇ ਬਦਲੀ ਕਿਸਮਤ
ਸਾਲ 2001 'ਚ ਹਾਰਬੀ ਸੰਘਾ 'ਖਾਲੀ ਮੁੜੇ ਬਰਾਤੀ' ਗੀਤ 'ਚ ਗੁਰਪ੍ਰੀਤ ਘੁੱਗੀ ਨਾਲ ਨਜ਼ਰ ਆਏ ਸਨ। ਬਸ ਇਸ ਤੋਂ ਬਾਅਦ ਟੀ. ਵੀ. ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਅਦਾਕਾਰਾਂ 'ਚ ਹੁੰਦੀ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਉਹ ਨਜ਼ਰ ਆ ਰਹੇ ਹਨ।
ਇਸ ਫ਼ਿਲਮ ਨਾਲ ਕੀਤਾ ਫ਼ਿਲਮੀ ਸਫ਼ਰ ਸ਼ੁਰੂ
ਦੱਸਣਯੋਗ ਹੈ ਕਿ ਹਾਰਬੀ ਸੰਘਾ ਨੇ ਪੰਜਾਬੀ ਫ਼ਿਲਮ 'ਅਸਾਂ ਨੂੰ ਮਾਣ ਵਤਨਾਂ ਦਾ' (2004) ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਈ ਫਿਲਮਾਂ 'ਚ ਵੱਖਰੇ-ਵੱਖਰੇ ਕਿਰਦਾਰ ਖੇਡ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ।
ਹਰਬੀ ਸੰਘਾ ਮੁੱਖ ਤੌਰ 'ਤੇ ਪੰਜਾਬੀ ਸਿਨੇਮਾ 'ਚ ਸਹਾਇਕ ਭੂਮਿਕਾਵਾਂ 'ਚ ਦਿਖਾਈ ਦਿੰਦੇ ਹਨ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਪ੍ਰਸਿੱਧ ਭੂਮਿਕਾਵਾਂ 'ਬੰਬੂਕਾਟ' (2016), 'ਨਿੱਕਾ ਜ਼ੈਲਦਾਰ' (2016) ਅਤੇ ਇਸ ਦੇ ਸੀਕੁਅਲ 'ਨਿੱਕਾ ਜ਼ੈਲਦਾਰ 2' (2017) ਵਰਗੀਆਂ ਫ਼ਿਲਮਾਂ 'ਚ ਹਨ। ਹੋਰ ਮਹੱਤਵਪੂਰਣ ਅਦਾਕਾਰੀ 'ਚ 'ਉਡੀਕਾਂ' (2009), 'ਦਿਲਦਾਰੀਆਂ' (2015), 'ਲਵ ਪੰਜਾਬ' (2016), 'ਲਾਵਾਂ ਫੇਰੇ' (2018), 'ਕਿਸਮਤ' (2018) ਅਤੇ 'ਵਿਲੇਨ' (2018) ਵਰਗੀਆਂ ਫ਼ਿਲਮਾਂ ਸ਼ਾਮਲ ਹਨ।