ਹਾਰਬੀ ਸੰਘਾ ਨੇ ਪੋਸਟ ਪਾ ਕੇ ਕਿਹਾ, ''ਕੇਕ ਉਦੋ ਕੱਟਾਂਗਾ, ਜਦੋਂ 3 ਕਾਲੇ ਕਨੂੰਨ ਵਾਪਸ ਹੋਣਗੇ ਤੇ ਕਿਸਾਨ ਘਰ ਆਉਣਗੇ''

05/20/2021 5:27:11 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਹਾਰਬੀ ਸੰਘਾ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ। ਪੰਜਾਬੀ ਫ਼ਿਲਮਾਂ 'ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਅੱਜ ਹਾਰਬੀ ਸੰਘਾ ਦਾ ਜਨਮਦਿਨ ਹੈ ਪਰ ਉਨ੍ਹਾਂ ਨੇ ਆਪਣਾ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਪੋਸਟ ਪਾ ਦਿੱਤੀ ਹੈ।  ਹਾਰਬੀ ਸੰਘਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮੇਰੇ ਦੋਸਤੋ ਅੱਜ ਮੇਰਾ ਜਨਮਦਿਨ ਹੈ ਪਰ ਮੈਂ ਕੇਕ ਨਈ ਕੱਟਾਂਗਾ। ਮੈਂ ਅਪਣਾ ਜਨਮਦਿਨ ਉਸ ਦਿਨ ਮਨਾਵਾਂਗਾ, ਜਿਸ ਦਿਨ ਪ੍ਰਧਾਨ ਮੰਤਰੀ ਨੇ ਤਿੰਨ ਕਾਲੇ ਕਨੂੰਨ ਵਾਪਸ ਕਰ ਲਏ ਅਤੇ ਕਿਸਾਨ ਖੁਸ਼ੀ-ਖੁਸ਼ੀ ਅਪਣੇ ਘਰਾਂ ਨੂੰ ਆਉਣਗੇ, ਫਿਰ ਆਪਾਂ ਕੇਕ ਕੱਟਾਂਗੇ। ਹੇ ਮੇਰੇ ਪ੍ਰੀਤਮਾਂ ਸਭ 'ਤੇ ਮੇਹਰ ਭਰਿਆ ਹੱਥ ਰੱਖੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ …..🙏😘👍।''

ਦੱਸ ਦਈਏ ਕਿ ਹਾਰਬੀ ਸੰਘਾ ਦਾ ਜਨਮ 20 ਮਈ ਨੂੰ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀ. ਏ. ਵੀ. ਕਾਲਜ ਨਕੋਦਰ ਤੋਂ ਉੱਚ ਸਿੱਖਿਆ ਹਾਸਲ ਕੀਤੀ। ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ। 

ਹਾਰਬੀ ਸੰਘਾ ਨੇ ਘਰ ਦੇ ਗੁਜ਼ਾਰੇ ਲਈ ਕਈ ਸ਼ੋਅਜ਼ ਵੀ ਕੀਤੇ। ਇੰਨਾਂ ਹੀ ਨਹੀਂ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਗਏ। ਜਦੋਂ ਹਾਰਬੀ ਸੰਘਾ ਪਹਿਲੀ ਵਾਰ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੂੰ ਸਿਰਫ਼ 20 ਰੁਪਏ ਮਿਲੇ ਸਨ। ਹਾਰਬੀ ਸੰਘਾ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਇੱਕ ਸ਼ੋਅ 'ਤੇ ਕਮੇਡੀ ਕਰਨ ਗਏ ਸਨ। 

PunjabKesari

ਦੱਸਣਯੋਗ ਹੈ ਕਿ ਹਾਰਬੀ ਸੰਘਾ ਨੇ ਪੰਜਾਬੀ ਫ਼ਿਲਮ 'ਅਸਾਂ ਨੂੰ ਮਾਣ ਵਤਨਾਂ ਦਾ' (2004) ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਈ ਫਿਲਮਾਂ 'ਚ ਵੱਖਰੇ-ਵੱਖਰੇ ਕਿਰਦਾਰ ਖੇਡ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ। ਹਰਬੀ ਸੰਘਾ ਮੁੱਖ ਤੌਰ 'ਤੇ ਪੰਜਾਬੀ ਸਿਨੇਮਾ 'ਚ ਸਹਾਇਕ ਭੂਮਿਕਾਵਾਂ 'ਚ ਦਿਖਾਈ ਦਿੰਦੇ ਹਨ। ਉਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਪ੍ਰਸਿੱਧ ਭੂਮਿਕਾਵਾਂ 'ਬੰਬੂਕਾਟ' (2016), 'ਨਿੱਕਾ ਜ਼ੈਲਦਾਰ' (2016) ਅਤੇ ਇਸ ਦੇ ਸੀਕੁਅਲ 'ਨਿੱਕਾ ਜ਼ੈਲਦਾਰ 2' (2017) ਵਰਗੀਆਂ ਫ਼ਿਲਮਾਂ 'ਚ ਹਨ। ਹੋਰ ਮਹੱਤਵਪੂਰਣ ਅਦਾਕਾਰੀ 'ਚ 'ਉਡੀਕਾਂ' (2009), 'ਦਿਲਦਾਰੀਆਂ' (2015), 'ਲਵ ਪੰਜਾਬ' (2016), 'ਲਾਵਾਂ ਫੇਰੇ' (2018), 'ਕਿਸਮਤ' (2018) ਅਤੇ 'ਵਿਲੇਨ' (2018) ਵਰਗੀਆਂ ਫ਼ਿਲਮਾਂ ਸ਼ਾਮਲ ਹਨ।


sunita

Content Editor

Related News