ਦਿਲਾਂ ''ਤੇ ਰਾਜ ਕਰ ਰਿਹਾ ਬਾਲੀਵੁੱਡ ਦਾ ਸਿੰਘਮ ਅਜੈ ਦੇਵਗਨ, ਪਹਿਲੀ ਫ਼ਿਲਮ ਨਾਲ ਹੀ ਬਣ ਗਿਆ ਸੀ ਸੁਪਰਸਟਾਰ

04/02/2021 5:56:56 PM

ਮੁੰਬਈ (ਬਿਊਰੋ) - ਸੁਪਰ ਸਟਾਰ ਅਜੈ ਦੇਵਗਨ ਲੰਬੇ ਸਮੇਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ। ਸਾਰੇ ਅਦਾਕਾਰਾਂ 'ਚੋਂ ਉਸ ਦੀ ਵਿਲੱਖਣ ਸ਼ਖ਼ਸੀਅਤ ਹੈ। ਉਸ 'ਚ ਸਫ਼ਲ ਅਦਾਕਾਰ ਵਾਲੇ ਸਾਰੇ ਗੁਣ ਹਨ। ਸੁਨੀਲ ਦੱਤ ਤੋਂ ਬਾਅਦ ਉਹ ਹੀ ਅਜਿਹਾ ਅਦਾਕਾਰ ਹੈ, ਜੋ ਖ਼ੁਦ ਸਟੰਟ ਕਰਦਾ ਹੈ ਤੇ ਸਟੰਟਮੈਨ ਦੀ ਮਦਦ ਨਹੀਂ ਲੈਂਦਾ। ਉਸ ਦੇ ਚਿਹਰੇ-ਮੋਹਰੇ ਤੋਂ ਸੁਨੀਲ ਦੱਤ ਦੀ ਝਲਕ ਨਜ਼ਰ ਆਉਂਦੀ ਹੈ।
ਅਜੈ ਦੇਵਗਨ ਨੂੰ 2 ਕੌਮੀ ਪੁਰਸਕਾਰ, 4 ਫ਼ਿਲਮ ਫੇਅਰ ਐਵਾਰਡ ਅਤੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਜਾ ਚੁੱਕਿਆ ਹੈ। ਦਰਸ਼ਕ ਉਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ ਅਤੇ ਉਹ ਇਸ ਦਾ ਹੱਕਦਾਰ ਵੀ ਹੈ। ਉਸ ਨੇ ਬਾਲੀਵੁੱਡ ਨੂੰ ਬਹੁਤ ਸਾਰੀਆਂ ਸफ़ਲ ਫ਼ਿਲਮਾਂ ਦਿੱਤੀਆਂ। ਕੁਝ ਠੀਕ-ਠਾਕ ਰਹੀਆਂ ਤੇ ਉਸ ਦੀਆਂ ਕਈ ਫ਼ਿਲਮਾਂ ਫਲਾਪ ਵੀ ਹੋਈਆਂ। ਅਜਿਹਾ ਸਭ ਅਦਾਕਾਰਾਂ ਨਾਲ ਹੁੰਦਾ ਹੀ ਹੈ। ਸਾਰੀਆਂ ਫ਼ਿਲਮਾਂ ਸਫ਼ਲ ਨਹੀਂ ਹੁੰਦੀਆਂ।

ਫ਼ਿਲਮੀ ਪਿਛੋਕੜ
2 ਅਪ੍ਰੈਲ 1969 ਨੂੰ ਜਨਮੇ ਅਜੈ ਦੇਵਗਨ ਦਾ ਅਸਲੀ ਨਾਂ ਵਿਸ਼ਾਲ ਵੀਰੂ ਦੇਵਗਨ ਹੈ। ਉਸ ਦੇ ਪਰਿਵਾਰ ਦੇ ਬਾਲੀਵੁੱਡ ਨਾਲ ਬਹੁਤ ਚੰਗੇ ਸਬੰਧ ਰਹੇ। ਉਸ ਦਾ ਪਿਤਾ ਵੀਰੂ ਦੇਵਗਨ ਸਟੰਟ ਮੈਨ, ਕੋਰੀਓਗ੍ਰਾਫਰ ਅਤੇ ਐਕਸ਼ਨ ਫ਼ਿਲਮੀ ਨਿਰਦੇਸ਼ਕ ਸੀ। ਉਸ ਦੀ ਮਾਤਾ ਵੀਨਾ ਦੇਵਗਨ ਫ਼ਿਲਮ ਨਿਰਮਾਤਾ ਹੈ। ਅਜੈ ਨੇ ਮਿੱਠਾ ਬਾਈ ਕਾਲਜ 'ਚ ਬੀ. ਏ. ਤਕ ਦੀ ਪੜ੍ਹਾਈ ਕੀਤੀ। ਉਸ ਨੂੰ ਭਾਵੇਂ ਕਲਾ ਵਿਰਾਸਤ 'ਚ ਮਿਲੀ ਹੈ ਪਰ ਸਿਖ਼ਰਾਂ 'ਤੇ ਪਹੁੰਚਣ ਲਈ ਉਸ ਨੇ ਜੀਅ ਤੋੜ ਮਿਹਨਤ ਕੀਤੀ ਹੈ। ਉਸ ਦਾ ਨਾਂ ਆਪਣੇ ਮਾਂ- ਬਾਪ ਤੋਂ ਵੀ ਜ਼ਿਆਦਾ ਚਮਕਿਆ। ਉਸ ਨੇ ਪ੍ਰਸਿੱਧ ਅਦਾਕਾਰਾ ਕਾਜੋਲ ਨਾਲ ਵਿਆਹ ਕਰਵਾਇਆ, ਜਿਸ ਦੀ ਬਾਲੀਵੁੱਡ 'ਚ ਆਪਣੀ ਵਿਲੱਖਣ ਮਿਸਾਲ ਹੈ।

ਅਜੈ ਦੇਵਗਨ ਨੇ ਬਹੁਤ ਸਾਰੀਆਂ ਯਾਦਗਾਰੀ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ ਹਨ। ਸਾਲ 1991 'ਚ ਆਈ ਪਹਿਲੀ ਫ਼ਿਲਮ 'ਫੂਲ ਔਰ ਕਾਂਟੇ' ਨਾਲ ਹੀ ਉਹ ਸਟਾਰ ਬਣ ਗਿਆ। ਸਾਲ 1992 'ਚ ਆਈ ਫ਼ਿਲਮ 'ਦਿਲਵਾਲੇ' 'ਚ ਉਸ ਨੇ ਪਾਗਲ ਪ੍ਰੇਮੀ ਦਾ ਰੋਲ ਕੀਤਾ। ਇਸ ਫ਼ਿਲਮ 'ਚ ਉਸ ਨਾਲ ਰਵੀਨਾ ਟੰਡਨ ਸੀ। ਫਿਰ ਉਸ ਨੇ ਸਾਲ 1998 'ਚ ਮਹੇਸ਼ ਭੱਟ ਨਾਲ ਕੰਮ ਕੀਤਾ। ਫ਼ਿਲਮ 'ਜ਼ਖ਼ਮੀ' 'ਚ ਵੀ ਉਸ ਨੇ ਰੋਲ ਕੀਤਾ। ਉਸ ਦੀ ਬਾਲੀਵੁੱਡ 'ਚ ਬਹੁਤ ਚਰਚਾ ਹੋਈ। ਉਸ ਨੂੰ ਬੈਸਟ ਐਕਟਰ ਦਾ ਕੌਮੀ ਪੁਰਸਕਾਰ ਮਿਲਿਆ। ਸਾਲ 2004 'ਚ ਉਸ ਦੀ ਧਮਾਕੇਦਾਰ ਫ਼ਿਲਮਾਂ 'ਗੰਗਾ ਜਲ' ਆਈ, ਜਿਸ 'ਚ ਅਜੈ ਦੇਵਗਨ ਨੇ ਪੁਲਸ ਅਫ਼ਸਰ ਦੀ ਭੂਮਿਕਾ ਨਿਭਾਈ। ਇਹ ਫ਼ਿਲਮ ਵੇਖ ਕੇ ਤਾਂ ਪੁਲਸ ਵਿਭਾਗ ਵਾਲੇ ਵੀ ਸਿਰ ਉੱਚਾ ਚੁੱਕ ਕੇ ਚੱਲਣ ਲੱਗ ਪਏ ਸਨ ਕਿਉਂਕਿ ਇਸ ਫ਼ਿਲਮ 'ਚ ਉਸ ਨੇ ਬਹੁਤ ਹੀ ਇਮਾਨਦਾਰ, ਬਹਾਦਰ, ਦੇਸ਼ ਭਗਤ ਅਤੇ ਕੁਰਬਾਨੀ ਦਾ ਜਜ਼ਬਾ ਰੱਖਣ ਵਾਲੇ ਪੁਲਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ। ਇਸੇ ਤਰ੍ਹਾਂ ਉਸ ਨੇ 'ਸਿੰਘਮ' ਅਤੇ ਬਾਅਦ 'ਚ 'ਸਿੰਘਮ ਰਿਟਰਨ' 'ਚ ਅੱਤ ਭੂਮਿਕਾ ਨਿਭਾਈ, ਜਿਸ ਨੂੰ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ । 

ਬਾਖ਼ੂਬੀ ਨਿਭਾਇਆ ਹਰ ਤਰ੍ਹਾਂ ਦਾ ਕਿਰਦਾਰ
ਰਾਜ ਕੁਮਾਰ ਸੰਤੋਸ਼ੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ’ਤੇ ਬਣਾਈ ਫ਼ਿਲਮ 'ਲੀਜੈਂਡ ਆਫ ਭਗਤ ਸਿੰਘ' 'ਚ ਅਜੈ ਦੇਵਗਨ ਦੀ ਅਦਾਕਾਰੀ ਦੀ ਕਾਫ਼ੀ ਚਰਚਾ ਹੋਈ । ਉਸ ਨੂੰ ਬੈਸਟ ਐਕਟਰ ਵਜੋਂ ਦੂਜਾ ਐਵਾਰਡ ਮਿਲਿਆ।
ਉਸ ਨੇ ਰਾਮ ਗੋਪਾਲ ਵਰਮਾ ਵੱਲੋਂ ਮੁੰਬਈ ਅੰਡਰ ਵਰਲਡ 'ਤੇ ਆਧਾਰਿਤ ਫ਼ਿਲਮ 'ਕੰਪਨੀ' 'ਚ ਗੈਂਗਸਟਰ ਦੀ ਭੂਮਿਕਾ ਨਿਭਾਈ। ਉਸ ਨੂੰ ਬੈਸਟ ਐਕਟਰ ਵਜੋਂ ਫ਼ਿਲਮ ਫੇਅਰ ਕਿ੍ਰਟਿਕਸ ਐਵਾਰਡ ਮਿਲਿਆ। ਸਾਲ 2002 'ਚ ਆਈ ਫ਼ਿਲਮ 'ਦੀਵਾਨਗੀ' 'ਚ ਉਸ ਨੇ ਨਾਂਹ-ਪੱਖੀ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ, ਜਿਸ ਲਈ ਉਸ ਨੂੰ ਫ਼ਿਲਮ ਫੇਅਰ ਬੈਸਟ ਵਿਲੈਨ ਦਾ ਐਵਾਰਡ ਮਿਲਿਆ । ਇਸ ਤੋਂ ਇਲਾਵਾ 'ਦਿਲਜਲੇ', 'ਸੁਹਾਗ', 'ਨਾਜਾਇਜ਼', 'ਔਰ ਇਸ਼ਕ ਹੋ ਗਿਆ', 'ਅਪਹਰਨ', 'ਉਂਕਾਰਾ', 'ਬੋਲ ਬਚਨ', 'ਰਾਜਨੀਤੀ', 'ਸਨ ਆਫ ਸਰਦਾਰ', 'ਪਲੈਟਫਾਰਮ', 'ਦਿਵਿਆ ਸ਼ਕਤੀ', 'ਸੰਗਰਾਮ', 'ਵਿਜੈ ਪੱਥ', 'ਜਿਗਰ' ਉਸ ਦੀਆਂ ਪ੍ਰਮੁੱਖ ਫ਼ਿਲਮਾਂ ਹਨ। ਸਾਲ 1995 'ਚ ਆਈ ਫ਼ਿਲਮ 'ਗੁੰਡਾਰਾਜ' 'ਚ ਉਸ ਦਾ ਰੋਲ ਕਾਫ਼ੀ ਕਾਬਿਲੇ ਤਾਰੀਫ਼ ਰਿਹਾ।

ਵੱਡੇ-ਵੱਡੇ ਅਦਾਕਾਰਾਂ ਤੇ ਹੀਰੋਇਨਾਂ ਨਾਲ ਕੀਤਾ ਕੰਮ
ਸਾਲ 1999 'ਚ ਆਈ ਫ਼ਿਲਮ 'ਹਮ ਦਿਲ ਦੇ ਚੁੱਕੇ ਸਨਮ' 'ਚ ਭਾਵੇਂ ਐਸ਼ਵਰਿਆ ਰਾਏ ਅਤੇ ਸਲਮਾਨ ਖ਼ਾਨ ਵੀ ਸਨ ਪਰ ਅਜੈ ਦੀ ਸਾਲਾਂ ਤਕ ਚਰਚਾ ਹੁੰਦੀ ਰਹੀ। ਇਸੇ ਤਰ੍ਹਾਂ ਆਮਿਰ ਖ਼ਾਨ, ਕਾਜੋਲ, ਜੂਹੀ ਚਾਵਲਾ ਨਾਲ ਉਸ ਦੀ ਫ਼ਿਲਮ 'ਇਸ਼ਕ' ਨੇ ਧੁੰਮਾਂ ਪਾ ਦਿੱਤੀਆਂ ਸਨ। ਫ਼ਿਲਮ 'ਖ਼ਾਕੀ' 'ਚ ਉਸ ਨੇ ਸੁਪਰਸਟਾਰ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ। ਉਸ ਨੇ ਮਹਿਮਾ ਚੌਧਰੀ, ਤੱਬੂ, ਸ਼ਿਲਪਾ ਸ਼ੈਟੀ, ਰਵੀਨਾ ਟੰਡਨ, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ, ਕਿ੍ਰਸ਼ਮਾ ਕਪੂਰ, ਕਾਜੋਲ, ਜੂਹੀ ਚਾਵਲਾ, ਐਸ਼ਵਰਿਆ ਰਾਏ, ਰਾਣੀ ਮੁਖਰਜੀ ਆਦਿ ਹੀਰੋਇਨਾਂ ਨਾਲ ਕੰਮ ਕੀਤਾ। ਉਸ ਨੇ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਜੈਕੀ ਸ਼ਰਾਫ਼, ਅਮਿਤਾਭ ਬੱਚਨ, ਸੈਫ਼ ਅਲੀ ਖ਼ਾਨ , ਸਲਮਾਨ ਖ਼ਾਨ, ਆਮਿਰ ਖ਼ਾਨ, ਕਾਦਰ ਖ਼ਾਨ, ਡੈਨੀ, ਅਮਰੀਸ਼ ਪੁਰੀ, ਰਜ਼ਾ ਮੁਰਾਦ, ਗੋਬਿੰਦਾ, ਸੰਜੈ ਦੱਤ, ਮੁਕੇਸ਼ ਰਿਸ਼ੀ, ਧਰਮਿੰਦਰ, ਬੌਬੀ ਦਿਓਲ, ਸੰਨੀ ਦਿਉਲ ਤੋਂ ਇਲਾਵਾ ਹੋਰ ਬਹੁਤ ਸਾਰੇ ਵੱਡੇ-ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ। ਇਹ ਸੁਪਰ ਸਟਾਰ 2 ਅਪ੍ਰੈਲ ਨੂੰ 50 ਸਾਲ ਪੂਰੇ ਕਰ ਰਿਹਾ ਹੈ। ਇਸ ਸੁਪਰ ਸਟਾਰ ਨੇ ਹਾਲੇ ਹੋਰ ਬਹੁਤ ਸਾਰੀਆਂ ਪੁਲਾਂਘਾਂ ਪੁੱਟਣੀਆਂ ਹਨ।


sunita

Content Editor

Related News