ਸੰਤ ਰਾਮ ਉਦਾਸੀ ਲਹਿਰ ਅਤੇ ਗੁਰਸ਼ਬਦ ਦਾ ਗੀਤ

10/10/2020 3:33:04 PM

ਗ਼ਰੀਬ ਦਲਿਤ ਪਰਿਵਾਰ 'ਚ ਜਨਮਿਆ ਸੰਤ ਰਾਮ ਉਦਾਸੀ ਕਿਰਤੀਆਂ ਦੀ ਤ੍ਰਾਸਦੀ ਨੂੰ ਅੱਖਰਾਂ 'ਚ ਪਰੋਣ ਵਾਲਾ ਲੋਕ ਲਹਿਰ ਦਾ ਮਘਦਾ ਸੂਰਜ ਬਣ ਬਾਅਦ ਦੁਪਹਿਰ ਹੀ ਅਸਤ ਹੋ ਗਿਆ ਸੀ।ਅੱਤ ਦੀ ਗ਼ਰੀਬੀ ਦੇ ਬਾਵਜੂਦ ਵੀ ਅੱਖਰੀ ਗਿਆਨ ਹਾਸਲ ਕਰਨ ਦੇ ਤਹੱਈਏ ਨੂੰ ਪੁਗਾਉਣ ਵਾਲਾ ਇਹ ਸ਼ਾਇਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ 'ਚ ਬਚਪਨਾ ਗੁਜ਼ਾਰ, ਪੰਜਾਬ ,ਦੇਸ਼-ਵਿਦੇਸ਼ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਪਰਖਣ ਲੱਗਾ। ਜਾਤ-ਪਾਤ ਅਤੇ ਸਮਾਜਿਕ -ਆਰਥਿਕ ਮਸਲਿਆਂ ਦੀਆਂ ਪੇਚੀਦਗੀਆਂ ਨੂੰ ਉਸਨੇ ਅੰਤਲੇ ਸਾਹਾਂ ਤੀਕਰ ਆਪਣੇ ਪਿੰਡੇ 'ਤੇ ਹੰਢਾਇਆ। ਸੰਤ ਰਾਮ ਉਦਾਸੀ ਨੇ ਮਾਰਕਸ, ਏਂਗਲਜ਼, ਲੈਨਿਨ, ਗੋਰਕੀ, ਲੂਸ਼ਨ, ਜੂਲੀਅਸ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਮਾਰਕਸਵਾਦੀ ਲੇਖਕਾਂ ਦੀਆਂ ਰਚਨਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਘੋਖਿਆ।

1967 ਨੂੰ ਪੱਛਮੀ ਬੰਗਾਲ ਦੇ ਇੱਕ ਪਿੰਡ 'ਚ ਕਿਸਾਨਾਂ ਨੇ ਜ਼ਿਮੀਂਦਾਰਾਂ ਤੋਂ, ਜਿਸ ਤੇ ਕਿਸਾਨਾਂ ਦਾ ਕਾਨੂੰਨੀ ਹੱਕ ਸੀ, ਜ਼ਮੀਨ ਨੂੰ ਜਬਰਦਸਤੀ ਖੋਹਣ ਦਾ ਯਤਨ ਕੀਤਾ।  ਕਿਸਾਨਾਂ ਤੇ ਪੁਲਸ ਵਿਚਕਾਰ ਹਿੰਸਕ ਤਕਰਾਰ ਹੋਇਆ। ਇਸੇ ਬਗ਼ਾਵਤ ਤੋਂ ਨਕਸਲਬਾੜੀ ਲਹਿਰ ਦਾ ਜਨਮ ਹੋਇਆ।ਨਕਸਲਬਾੜੀ ਲਹਿਰ ਨੇ ਉਦਾਸੀ ਨੂੰ  ਨਵੇਂ ਸੁਫ਼ਨੇ ਸੰਜੋਣ ਦੀ ਦਿਸ਼ਾ ਦਿੱਤੀ।

1971 'ਚ ਨਕੋਦਰ ਵਿਖੇ ਹੋਏ ਕਵੀ ਦਰਬਾਰ ਵਿਚ ਉਦਾਸੀ ਪੰਜਾਬ ਦਾ ਹਮਦਰਦ ਕਵੀ ਬਣ ਉੱਭਰਿਆ।ਉਦਾਸੀ ਨੇ ਜਲਦ ਹੀ ਇਹ ਸਮਝ ਲਿਆ ਸੀ ਕਿ ਪੰਜਾਬ ਲਈ ਕੰਮ ਕਰ ਰਹੀਆਂ ਅਖੌਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਲਈ ਸਿਰਫ਼ ਵਿਖਾਵਾ ਕਰ ਰਹੀਆਂ ਹਨ।

 ਮਾਂ-ਪਿਓ ਨਾਮਧਾਰੀ ਹੋਣ ਕਾਰਨ ਬਚਪਨ ਤੋਂ ਹੀ ਉਦਾਸੀ ਧਾਰਮਿਕ ਕਵਿਤਾਵਾਂ ਗਾਉਣ ਲੱਗ ਪਿਆ ਸੀ। ਸਿੱਖ ਧਰਮ ਦੇ ਅਕੀਦਿਆਂ ਨੂੰ ਪਿਆਰਣ ਵਾਲਾ ਇਹ ਕਵੀ ਅਖੌਤੀ ਮਾਰਕਸਵਾਦੀ ਵਿਚਾਰਧਾਰਾ ਨੂੰ ਪਛਾਣਨ ਤੋਂ ਬਾਅਦ ਪੰਜਾਬ ਦੀ ਧਰਤੀ ‘ਚੋਂ ਜਨਮੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਮਾਰਗ ਦਰਸ਼ਨ ਅਨੁਸਾਰ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਬਣਿਆ। ਉਦਾਸੀ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਾਸਤ ਨੂੰ ਰੂਹਦਾਰੀ ਨਾਲ ਵਰਤਿਆ। ਉਹ ਗੁਰੂ ਨਾਨਕ ਦੇਵ ਨੂੰ ਸਿਜਦਾ ਕਰਦਾ ਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ‘ਤੇ ਕ੍ਰਾਂਤੀਕਾਰੀ ਗੀਤ ਗਾਉਂਦਾ।

ਪੰਜਾਬ 'ਚ ਸੰਤ ਰਾਮ ਉਦਾਸੀ ਦੇ ਨਾਂ ਹੇਠ ਮਾਰਕਸਵਾਦੀ ਲਹਿਰ ਲੋਕਾਂ ਦੇ ਸਿਰ ਚੜ੍ਹ ਬੋਲਣ ਲੱਗੀ।ਇਸਦਾ ਵੱਡਾ ਕਾਰਨ ਉਸਨੇ ਸਿੱਖ ਧਰਮ ਦੇ ਇਤਿਹਾਸ ਤੇ ਇਨਕਲਾਬੀ ਵਿਰਸੇ ਨੂੰ ਸਮਾਜਿਕ ਤਬਦੀਲੀ ਲਈ ਆਪਣੀਆਂ ਰਚਨਾਵਾਂ 'ਚ ਪੂਰੇ ਸਤਿਕਾਰ ਸਹਿਤ ਵਰਤਿਆ ਸੀ।ਉਹ ਨਕਸਲਬਾੜੀਆਂ ਨੂੰ ਗੁਰੂ ਦੇ ਸਿੰਘ ਕਹਿੰਦਾ ਸੀ।1984  ਦੇ ਕਤਲੇਆਮ ਅਤੇ ਪਿੱਛੋਂ ਹੋਏ ਝੂਠੇ ਮੁਕਾਬਲਿਆਂ ਦਾ ਵਿਰੋਧ ਕਰਨ ਵਾਲਾ ਉਹ ਪੰਜਾਬ ਦਰਦੀ ਮਾਰਕਸਵਾਦੀ  ਸੀ।  ਕਿਰਤੀਆਂ ਤੇ ਦਲਿਤਾਂ 'ਤੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹਣ ਦਾ ਰਾਹ ਉਹ ਸਿੱਖ ਧਰਮ ਦੇ ਇਤਿਹਾਸ 'ਚੋਂ ਵੇਖਦਾ ਸੀ।  ਇਸੇ ਅਕੀਦਿਆਂ ਨੂੰ ਪ੍ਰਣਾਏ ਉਦਾਸੀ ਨੇ ਸਟੇਟ ਨੂੰ ਵੰਗਾਰਿਆ।

ਅੱਜ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਸਮੇਤ ਕਈ ਰਾਜ ਸੜਕਾਂ 'ਤੇ ਉੱਤਰ ਆਏ ਹਨ।  ਕੇਂਦਰ ਕਿਸਾਨਾਂ-ਮਜ਼ਦੂਰਾਂ ਨੂੰ ਸ਼ੱਕਰਪਾਰੇ ਦੇ ਗਿਲਾਫ਼ 'ਚ ਲਪੇਟ ਕੇ ਖ਼ੁਦਕੁਸ਼ੀਆਂ ਵੰਡ ਰਿਹਾ ਹੈ।ਹਰ ਵਰਗ ਆਪਣੀ ਸਮਰੱਥਾ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੀ ਹਿਮਾਇਤ ਕਰ ਰਿਹਾ ਹੈ।ਕਲਾਕਾਰਾਂ ਕੋਲ ਆਪਣੇ ਹਥਿਆਰ ਹਨ।ਗੁਰਸ਼ਬਦ ਇਸ ਹਥਿਆਰ ਦੀ ਵਰਤੋਂ ਬੜੀ ਸੰਜੀਦਗੀ ਨਾਲ ਕਰ ਰਿਹਾ ਹੈ।ਗੁਰਸ਼ਬਦ ਪੰਜਾਬੀ ਕਿਰਤੀ-ਕਿਸਾਨਾਂ ਦੇ ਦਰਦ ਨੂੰ ਅੱਖੀਂ ਵੇਖ-ਹੰਢਾ ਰਿਹਾ ਹੈ। ਗਾਉਣ ਦਾ ਸ਼ੌਕ ਅਤੇ ਸੰਗੀਤਕ ਧੁਨਾਂ ਦੀ ਵਜਦ ਉਸਦੀ ਰੂਹ ਦੀ ਖ਼ੁਰਾਕ ਹੈ।ਸੰਤ ਰਾਮ ਉਦਾਸੀ ਦਾ ਗੀਤ 'ਉੱਠਣ ਦਾ ਵੇਲਾ' ਗਾ ਕੇ ਉਸਨੇ ਮੁੜ ਕਿਸਾਨ-ਮਜ਼ਦੂਰ ਏਕਤਾ ਦੀ ਹਾਮੀ ਭਰੀ ਹੈ।ਉਦਾਸੀ ਸਰੀਰਕ ਤੌਰ 'ਤੇ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਹੈ।ਉਸਦੀ ਦਰਦਭਰੀ ਹੂਕ ਨੂੰ ਗੁਰਸ਼ਬਦ ਨੇ ਮੁੜ ਤਾਜ਼ਾ ਕੀਤਾ ਹੈ।

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਨੁਸਾਰ ਇਹ ਮੁਹਿੰਮ ਵੀ ਸਬਰ ਤੇ ਵਿਸ਼ਵਾਸ ਨਾਲ ਜਿੱਤੀ ਜਾ ਸਕਦੀ ਹੈ।ਪੰਜਾਬ ਦੇ ਅਸਲ ਵੈਰੀ ਕਿਸੇ ਤੋਂ ਲੁਕੇ ਨਹੀਂ।ਇਹ ਗੱਲ ਉਦਾਸੀ ਵੀ ਜਾਣਦਾ ਸੀ ਤੇ ਵਰਤਮਾਨ ਆਗੂ ਵੀ।ਨਿੱਜੀ ਸਵਾਰਥ ਦੀਆਂ ਕਿੜਾਂ ਨੇ ਕਿੰਨੇ ਅੰਦੋਲਨ ਫੇਲ੍ਹ ਕੀਤੇ ਨੇ।ਜ਼ਮੀਨ ਤੇ ਕਿਰਤੀ ਦੇ ਰਿਸ਼ਤੇ ਤੋਂ ਕੌਣ ਮੁਨਕਰ ਹੋ ਸਕਦਾ।ਇਸ ਰਿਸ਼ਤੇ ਨੂੰ ਤਾਰ-ਤਾਰ ਕਰਨ ਦੀਆਂ ਚਾਲਾਂ ਲਗਾਤਾਰ ਜਾਰੀ ਨੇ।ਗੁਰਸ਼ਬਦ ਨੇ ਕਿਰਤੀਆਂ ਨੂੰ ਹਲੂਣਾ ਦਿੱਤਾ ਹੈ।ਤਿੜਾਂ ਆਲੇ ਘਾਹ ਵਾਂਗ ਕੁੱਝ ਤੰਦਾਂ ਨੂੰ ਪੁੱਟ ਸੁੱਟਣ 'ਤੇ ਹੀ ਫ਼ਸਲਾਂ ਲਹਿਰਾਉਣਗੀਆਂ।ਨਹੀਂ ਤਾਂ ਸਰਕਾਰੀ ਤੰਤਰ ਦੇ ਉਗਾਏ ਇਹ ਦਲਾਲ ਸਾਡੀਆਂ ਫ਼ਸਲਾਂ ਨੂੰ ਖੇਤਾਂ 'ਚ ਹੀ ਮਸਲ ਦੇਣਗੇ।ਇਸੇ ਤੰਤਰ ਨੂੰ ਪੁੱਟਣ ਦਾ ਸੁਨੇਹਾ ਦੇ ਰਿਹੈ ਗੁਰਸ਼ਬਦ। 

ਸੁੱਤਿਆ ਵੇ ਇਹ ਧਰਤ ਹੈ ਕੇਹੀ

ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ

ਕੁਝ ਟੁਕੜੇ ਕੁਝ ਟਕਿਆਂ ਬਦਲੇ

ਮਾਸ ਦੇ ਵਾਂਗੂੰ ਹੱਟੀਏਂ ਵਿਕਦਾ

ਲੂਸ ਗਿਆ ਮਜ਼ਦੂਰ ਦਾ ਪਿੰਡਾ

ਜੇਠ ਹਾੜ੍ਹ ਦਾ ਹੁੱਟ ਵੇ

ਉੱਠਣ ਦਾ ਵੇਲਾ

ਉੱਠ ਕਿਰਤੀਆ ਉੱਠ ਵੇ...

ਗੁਰਸ਼ਬਦ ਨੇ ਗੁਰਮਤਿ ਸੰਗੀਤ ਦੀ ਤਾਲੀਮ ਹਾਸਲ ਕੀਤੀ ਹੈ। ਉਸਨੂੰ ਪੰਜਾਬ ਦੇ ਮੂਲ ਮਸਲਿਆਂ ਦੀ ਸੋਝੀ ਵੀ ਹੈ ਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਸਰੂਰ ਵੀ। ਉਦਾਸੀ ਦੇ ਇਸ ਗਾਣੇ ਨੂੰ ਗਾ ਕੇ ਉਸਨੇ ਸੰਗੀਤ ਦੇ ਰਾਹਾਂ ਨੂੰ ਚਾਨਣ ਬਖ਼ਸ਼ਿਆ ਹੈ।ਕਿਰਤੀਆਂ ਦੀ ਜਿਸ ਉਮੀਦ 'ਤੇ ਸੰਤ ਰਾਮ ਉਦਾਸੀ ਖਰਾ ਉੱਤਰਿਆ ਸੀ, ਪੰਜਾਬ ਦੇ ਲੋਕ ਹੁਣ ਸੰਗੀਤਕ ਦੁਨੀਆ 'ਚ ਗੁਰਸ਼ਬਦ ਕੋਲੋਂ ਵੀ ਉਹੋ ਉਮੀਦ ਰੱਖਦੇ ਹਨ।ਉਹ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਬਣਿਆ ਰਹੇ।   

ਹਰਨੇਕ ਸਿੰਘ ਸੀਚੇਵਾਲ

9417333397


sunita

Content Editor

Related News